ਬਲਾਤਕਾਰੀ ਬਾਹਰ, ਬੰਦੀ ਸਿੰਘ ਅੰਦਰ...

ਬਲਾਤਕਾਰੀ ਬਾਹਰ, ਬੰਦੀ ਸਿੰਘ ਅੰਦਰ...

ਭਾਜਪਾ ਸਰਕਾਰ ਨੂੰ ਬਲਾਤਕਾਰੀਆਂ ਨਾਲ ਐਨਾ ਪਿਆਰ ਹੈ ਕਿ ਉਹ ਬਲਾਤਕਾਰੀਆਂ ਉੱਤੇ ਹਮੇਸ਼ਾਂ ਮਿਹਰਬਾਨ ਹੀ ਰਹਿੰਦੀ ਹੈ। ਇਸੇ ਕਰਕੇ ਭਾਜਪਾ ਨੂੰ ਬਲਾਤਕਾਰੀਆਂ ਦੀ ਪਾਰਟੀ ਵੀ ਕਿਹਾ ਜਾਂਦਾ ਹੈ। ਭਾਜਪਾ ਦੇ ਬਥੇਰੇ ਆਗੂ/ਵਰਕਰ ਬਲਾਤਕਾਰਾਂ ਦੇ ਕੇਸਾਂ ਵਿੱਚ ਘਿਰੇ ਰਹਿੰਦੇ ਹਨ ਪਰ ਭਾਜਪਾ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀ ਤੇ ਆਪਣੀ ਸੱਤਾ ਦੀ ਤਾਕਤ ਨਾਲ ਉਹਨਾਂ ਨੂੰ ਪੂਰੀ ਐਸ਼ਪ੍ਰਸਤੀ ਕਰਵਾਉਂਦੀ ਹੈ। ਭਾਜਪਾ ਵਾਲੇ ਕਦੇ ਬਲਾਤਕਾਰੀਆਂ ਨੂੰ ਵੱਡੇ ਅਹੁਦੇ ਦਿੰਦੇ ਹਨ, ਕਦੇ ਉਹਨਾਂ ਨੂੰ ਤਿਰੰਗੇ ਦੀ ਛਾਂ ਕਰਕੇ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਹਨ ਤੇ ਕਦੇ ਡੇਰਾ ਸਿਰਸਾ ਮੁਖੀ ਵਰਗੇ ਬਲਾਤਕਾਰੀ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਣ ਲਈ ਵਾਰ-ਵਾਰ ਪੈਰੋਲਾਂ ਵੀ ਦਿੰਦੇ ਹਨ ਤੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਰੱਜ ਕੇ ਲੂਣ ਭੁੱਕਦੇ ਹਨ।
ਹੁਣ ਭਾਜਪਾ ਸਰਕਾਰ ਦੀ ਕਿਰਪਾ ਨਾਲ ਬਲਾਤਕਾਰੀ ਡੇਰਾ ਸਿਰਸਾ ਮੁਖੀ ਨੂੰ ਅੱਜ ਸਤਾਰ੍ਹਵੀਂ ਵਾਰ 21 ਦਿਨਾਂ ਦੀ ਪੈਰੋਲ ਫਿਰ ਮਿਲ ਗਈ ਹੈ ਤੇ ਇਹ ਖ਼ਬਰ ਸੁਣ ਕੇ ਸਿੱਖ ਹੱਕੇ-ਬੱਕੇ ਰਹਿ ਗਏ ਹਨ। ਹਰ ਵਾਰ ਦੀ ਤਰ੍ਹਾਂ ਸਿੱਖ ਜਥੇਬੰਦੀਆਂ ਦੇ ਆਗੂ ਨਿਖੇਧੀਆਂ ਅਤੇ ਨਿੰਦਾ ਦੇ ਬਿਆਨ ਦੇ ਰਹੇ ਹਨ, ਭਾਜਪਾ ਨੂੰ ਕੋਸ ਰਹੇ ਹਨ ਪਰ ਭਾਜਪਾ ਉੱਤੇ ਇਸ ਦਾ ਕੋਈ ਅਸਰ ਨਹੀਂ, ਕਿਉਂਕਿ ਭਾਜਪਾ ਨੂੰ ਬਲਾਤਕਾਰੀ ਅਸਾਧ ਪਿਆਰਾ ਹੈ, ਨਾ ਕਿ ਸਿੱਖ। ਭਾਜਪਾ ਬਲਾਤਕਾਰੀ ਅਸਾਧ ਨੂੰ ਖ਼ੁਸ਼ ਕਰਨ 'ਤੇ ਲੱਗੀ ਹੋਈ ਹੈ, ਸਿੱਖਾਂ ਦਾ ਕੀ ਹੈ ਇਹਨਾਂ ਨੂੰ ਤਾਂ ਫਿਰ ਮੂਰਖ ਬਣਾਇਆ ਜਾ ਸਕਦਾ ਹੈ। ਜਿਸ ਬਲਾਤਕਾਰੀ ਡੇਰਾ ਸਿਰਸਾ ਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਉਸ ਨੂੰ ਭਾਜਪਾ ਆਪਣਾ ਜਵਾਈ ਮੰਨੀ ਬੈਠੀ ਹੈ ਤੇ ਉਸਦੇ ਵਾਸਤੇ ਜਦੋਂ ਮਰਜ਼ੀ ਜੇਲ੍ਹ ਦਾ ਬੂਹਾ ਖੋਲ੍ਹ ਦਿੰਦੀ ਹੈ ਤੇ ਸਾਧ ਆਪਣੇ ਡੇਰੇ ਵਿੱਚ ਰੰਗਰਲੀਆਂ ਮਨਾਉਂਦਾ ਹੈ।
ਭਾਜਪਾ ਦਾ ਸਿੱਖੀ ਅਤੇ ਸਿੱਖਾਂ ਨਾਲ ਕੋਈ ਸਰੋਕਾਰ ਨਹੀਂ ਹੈ ਪਰ ਫਿਰ ਵੀ ਕੁਝ ਧਾਰਮਿਕ ਤੇ ਸਿਆਸੀ ਸਿੱਖ ਜੋ ਭਾਜਪਾ ਦੇ ਤਲਵੇ ਚੱਟ ਕੇ ਆਪਣੇ ਆਪ ਨੂੰ ਬੜਾ ਮਹਾਨ ਸਮਝਦੇ ਹਨ। ਪਰ ਸਿੱਖ ਕੌਮ ਨੇ ਤੁਹਾਡੀ ਭਾਜਪਾ ਨਾਲ ਯਾਰੀ ਦਾ ਕੀ ਅਚਾਰ ਪਾਉਣਾ ਹੈ ਜੇ ਤੁਸੀਂ ਬੰਦੀ ਸਿੰਘਾਂ ਦੀ ਥਾਂ ਉੱਤੇ ਬਲਾਤਕਾਰੀ ਸਾਧ ਨੂੰ ਹੀ ਬਾਹਰ ਕਢਵਾਉਣਾ ਹੈ! ਚਲੋ ਸਿਆਸੀ ਸਿੱਖਾਂ ਨੇ ਤਾਂ ਝੂਠ ਬੋਲ ਬੋਲ ਕੇ ਸਿਆਸਤ ਹੀ ਕਰਨੀ ਸੀ, ਇਹਨਾਂ ਨੂੰ ਕੌਮ ਨਾਲ ਕੀ ਲੱਗੇ! ਪਰ ਇੱਥੇ ਤਾਂ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਵੀ ਭਾਜਪਾ ਦੇ ਸੋਹਿਲੇ ਗਾਈ ਜਾਂਦੇ ਹਨ।
ਬਾਬਾ ਧੁੰਮਾਂ ਜੀ ਭਾਜਪਾ ਨਾਲ ਯਾਰੀ ਪਾ ਕੇ ਨਾ ਤਾਂ ਬੰਦੀ ਸਿੰਘ ਰਿਹਾਅ ਕਰਵਾ ਪਾਏ ਅਤੇ ਨਾ ਹੀ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਦੇ ਕੇਸਾਂ ਵਿੱਚ ਨਾਮਜ਼ਦ ਕਰਵਾ ਕੇ ਸਜ਼ਾ ਦਿਵਾ ਸਕੇ ਤੇ ਨਾ ਹੀ ਉਸ ਦੀ ਪੈਰੋਲ ਰੁਕਵਾ ਸਕੇ। ਤੁਸੀਂ ਗੁਰੂ ਦੇ ਨਹੀਂ ਬਣੇ ਤਾਂ ਸਿੱਖਾਂ ਦੇ ਕੀ ਬਣਨਾ ਹੈ! ਤੁਸੀਂ ਭਾਜਪਾ ਦੇ ਪਿੱਠੂ ਬਣ ਕੇ ਬੇੜਾ ਗਰਕ ਕਰ'ਤਾ ਸਿੱਖੀ ਸਿਧਾਂਤਾਂ ਅਤੇ ਦਮਦਮੀ ਟਕਸਾਲ ਦਾ। ਗਿਆਨੀਆਂ ਅਤੇ ਯੋਧਿਆਂ ਦੀ ਟਕਸਾਲ ਨੂੰ ਤੁਸੀਂ ਭਾਜਪਾ ਤੇ ਆਰ.ਐੱਸ. ਐੱਸ. ਕੋਲ ਵੇਚ ਕੇ ਸਿਆਸੀਕਰਨ ਤੇ ਹਿੰਦੂਕਰਨ ਕਰ ਦਿੱਤਾ। ਦੱਸੋ ਸਿੱਖ ਹੁਣ ਕਿਹੜੇ ਖੂਹ ਵਿੱਚ ਪੈਣ ? ਤੁਸੀਂ ਆਖਦੇ ਸੀ ਭਾਜਪਾ ਲਈ ਵੋਟਾਂ ਮੰਗ ਕੇ ਬੰਦੀ ਸਿੰਘ ਰਿਹਾਅ ਕਰਾਵਾਂਗੇ, ਭਾਰਤੀ ਸੰਵਿਧਾਨ ਵਿੱਚ ਸੋਧ ਕਰਵਾ ਕੇ ਸਿੱਖ ਵੱਖਰੀ ਕੌਮ ਕਹਾਵਾਂਗੇ ਅਤੇ ਹੋਰ ਸਾਰੇ ਮੁੱਦੇ ਹੱਲ ਕਰਾਵਾਂਗੇ ਪਰ ਭਾਜਪਾ ਨੇ ਤੁਹਾਡੇ ਪੱਲੇ ਕੱਖ ਨਾ ਪਾਇਆ ਤੇ ਸਿੱਖ ਇਤਿਹਾਸ ਅਤੇ ਸੰਸਥਾ ਨੂੰ ਕਲੰਕਿਤ ਕਰ ਦਿੱਤਾ।
ਭਾਜਪਾ ਦੀ ਸਿੱਖਾਂ ਅਤੇ ਪੰਜਾਬ ਪ੍ਰਤੀ ਨੀਤੀ ਅਤੇ ਨੀਅਤ ਐਨੀ ਖੋਟੀ ਹੈ ਕਿ ਉਹ ਵੀ ਕਾਂਗਰਸ ਵਾਂਗ ਸਿੱਖਾਂ ਨੂੰ ਦਬਾ ਕੇ ਤੇ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ। ਪਿਛਲੇ ਕਈ ਸਾਲਾਂ ਤੋਂ ਸਿੱਖ ਆਪਣੀ ਕੌਮ ਦੇ ਜੁਝਾਰੂ ਸਿੰਘਾਂ/ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ ਪਰ ਭਾਜਪਾ ਨੇ ਸਿੱਖਾਂ ਦੀ ਇੱਕ ਨਾ ਸੁਣੀ ਤੇ ਤਿੰਨ ਸਰਕਾਰਾਂ ਵੀ ਹੰਢਾਅ ਲਈਆਂ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਆਪਣੇ ਪੁੱਤਰ ਨੂੰ ਮਿਲਣ ਲਈ ਆਖ਼ਰੀ ਸਾਹਾਂ ਉੱਤੇ ਹਨ ਪਰ ਭਾਜਪਾ ਸਰਕਾਰ ਭਾਈ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਦੇਣ ਨੂੰ ਤਿਆਰ ਨਹੀਂ, ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ। ਇਹ ਸਿੱਖ ਕੌਮ ਨਾਲ ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਵਿਤਕਰੇ ਨਹੀਂ ਤਾਂ ਹੋਰ ਕੀ ਹੈ ? ਹਿੰਦੁਸਤਾਨ ਦੇ ਲਈ ਸਿੱਖ ਜੋ ਮਰਜ਼ੀ ਕਰ ਲੈਣ ਪਰ ਹਿੰਦੂ ਹਾਕਮਾਂ ਨੇ ਸਿੱਖਾਂ ਦੀ ਕੌਢੀ ਕਦਰ ਨਹੀਂ ਪਾਉਣੀ। ਇਸ ਲਈ ਸਿੱਖਾਂ ਨੂੰ ਅਖੌਤੀ ਦੇਸ਼ ਭਗਤੀ ਅਤੇ ਭਾਜਪਾ ਦੀ ਭਗਤੀ ਵਿੱਚੋਂ ਨਿਕਲ ਕੇ ਖ਼ਾਲਸਾਈ ਸਿਧਾਂਤ ਅਤੇ ਖ਼ਾਲਸਾ ਰਾਜ ਵੱਲ ਮੁੱਖ ਕਰ ਲੈਣਾ ਚਾਹੀਦਾ ਹੈ।

                ਰਣਜੀਤ ਸਿੰਘ ਦਮਦਮੀ ਟਕਸਾਲ
       (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
               ਮੋ: *918872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.