31 ਅਤਕਤੂਬਰ 1984 -ਪਾਪਣ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਖਾਲਸਾ ਨੇ ਸੋਧਾ ਲਾ ਕੇ ਮੌਤ ਦੀ ਗੱਡੀ ਚੜਾਇਆ...

31  ਅਤਕਤੂਬਰ  1984 -ਪਾਪਣ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਖਾਲਸਾ ਨੇ ਸੋਧਾ  ਲਾ ਕੇ ਮੌਤ ਦੀ ਗੱਡੀ ਚੜਾਇਆ...

ਚੰਡੀਗੜ੍ਹ 30 ਅਕਤੂਬਰ (ਮੰਗਤ ਸਿੰਘ ਸੈਦਪੁਰ) ' ਪੰਜਾਬ ਦੇ ਲੋਕਾਂ ਨੇ ਉਹ ਖੂਨੀ ਤਸ਼ੱਦਦ ਹੰਡਾਇਆ ਜਿਸ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਤਸ਼ੱਦਦ ਦਾ ਅੱਜ ਵੀ ਦੌਰ ਜਾਰੀ ਹੈ। ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਇੰਡੀਅਨ ਸਟੇਟ ਨੂੰ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਅਤੇ ਹੁਕਮਾਂ ਤਹਿਤ ਰਾਜ ਕਰਨ ਦਾ ਆਸ਼ੀਰਵਾਦ ਮਿਲਿਆ। ਪਰੰਤੂ ਪੰਜਾਬ ਦੇ ਗਦਾਰ ਪੱਗਾਂ ਦੇ 'ਚ ਸਿਰਫ ਫਸਾਈ ਬੈਠੇ ਲੰਮੀਆਂ ਦਾੜੀਆਂ ਰੱਖ ਕੇ ਸਰਦਾਰ ਬਣੇ ਅੰਦਰੋਂ ਆਰਐਸਐਸ/ਬੀਜੇਪੀ ਕਾਂਗਰਸੀ ਸਾਬਤ ਹੋ ਰਹੇ ਹਨ। ਉਹਨਾਂ ਦੇ ਕਾਲੇ ਕਾਰਨਾਮਿਆਂ ਕਰਕੇ ਪੰਜਾਬ ਅੱਜ ਮੁੜ ਨਸ਼ਿਆਂ ਦੀ ਦਲਦਲ 'ਚ ਫਸ ਕੇ ਗੁਲਾਮੀ ਵਾਲੀ ਜਿੰਦਗੀ ਜੀਅ ਰਿਹਾ ਹੈ। ਇਸ ਸੰਬੰਧ ਵਿੱਚ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ’ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਇਥੇ ਜਾਰੀ ਪ੍ਰੈਸ ਨੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਨਸਿਕ ਪੀੜ ਵਿੱਚੋਂ ਉਪਜੇ ਨਤੀਜਿਆਂ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਅਤੇ ਇੱਕ ਬੇਹੱਦ ਘਿਨਾਉਣੇ ਤੇ ਦਰਦਨਾਕ ਘਟਨਾਕ੍ਰਮ ਦਾ ਮੁੱਢ ਬੰਨ੍ਹਿਆ ਗਿਆ। 31 ਅਕਤੂਬਰ, 1984 ਨੂੰ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਆਪਣੇ ਵੱਲੋਂ ਉਸ ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਦੀ ਬਣਦੀ ਸਜ਼ਾ ਦਿੱਤੀ। ਸਰਕਾਰ ਨੂੰ ਲੱਗਿਆ ਕਿ ਸਿਰਫ਼ ਦੋ ਸਧਾਰਨ ਜਿਹੇ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੂਫ਼ੀਆ ਏਜੰਸੀ ਸੀ.ਆਈ.ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਬਜ਼ੁਰਗ ਕੇਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੁਰਾਂ ਦੇ ਰਿਸ਼ਤੇਦਾਰ ਸਨ। ਦਿੱਲੀ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫ਼ਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ’ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ ਤਨਖ਼ਾਹ ਉਸ ਨੂੰ ਦਿੱਤੀ ਗਈ। ਦੁਨੀਆ ਦੇ ਪ੍ਰਮੁੱਖ ਕਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕੇਹਰ ਸਿੰਘ ਨੂੰ ਫਾਂਸੀ ਬਿਲਕੁਲ ਨਜਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿਚ ਕੋਈ ਹੱਥ ਸਾਬਤ ਨਹੀਂ ਹੁੰਦਾ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ। ਜਦੋਂ ਇਹ ਕਤਲ ਕਾਂਡ ਵਾਪਰਿਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਹੋਰਨਾਂ ਵਲੋਂ ਮਨ੍ਹਾ ਕਰਨ ਦੇ ਬਾਵਜੂਦ ਬੀਬੀ ਸੁਰਿੰਦਰ ਕੌਰ ਆਪਣੇ ਇਸ ਪ੍ਰਣ ’ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ। ਉਨ੍ਹਾਂ ਦੇ ਨਾਂ ’ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ ਵਿਆਹ ਦੀ ਆਗਿਆ ਨਾ ਦਿੱਤੇ ਜਾਣ ’ਤੇ ਬੀਬੀ ਸੁਰਿੰਦਰ ਕੌਰ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲਈਆਂ। ਕੈਂਸਰ ਦੀ ਬਿਮਾਰੀ ਨਾਲ ਜੱਦੋ-ਜਹਿਦ ਕਰਦਿਆਂ ਬੀਬੀ ਸੁਰਿੰਦਰ ਕੌਰ ਅਕਾਲ ਚਲਾਣਾ ਕਰ ਚੁੱਕੇ ਹਨ। ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ 6 ਜਨਵਰੀ, 1989 ਦੀ ਸਵੇਰ ਨੂੰ ਤਿਹਾੜ ਜੇਲ੍ਹ ਵਿੱਚ ਫ਼ਾਂਸੀ ਦਿੱਤੀ ਗਈ। ਦਿੱਲੀ ਦਰਬਾਰ ਵੱਲੋਂ ਉਨ੍ਹਾਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦੁਆਰ, ਗੰਗਾ ਨਦੀ ਵਿੱਚ ਪਾਈ ਗਈ, ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਦੀ ਬੇਨਤੀ ਕੀਤੀ ਗਈ ਸੀ। ਇੱਕ ਪ੍ਰਧਾਨ ਮੰਤਰੀ ਨੂੰ ਇੱਕ ਘੱਟ-ਗਿਣਤੀ ਵਰਗ ਦੇ ਲੋਕਾਂ ਵੱਲੋਂ ਕਤਲ ਕੀਤਾ ਜਾਣਾ, ਪੂਰੇ ਸੰਸਾਰ ਦੇ ਲੋਕਾਂ ਨੂੰ ਚੌਂਕਾ ਦੇਣ ਵਾਲੀ ਘਟਨਾ ਸੀ। ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ-ਨਾਲ ਇਤਿਹਾਸ ਦੇ ਕੁਝ ਅੰਸ਼ ਧੁੰਦਲੇ ਹੁੰਦੇ ਚਲੇ ਜਾਂਦੇ ਹਨ, ਪਰ ਇਸ ਕਤਲ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਦੋਵੇਂ ਪੱਖਾਂ ਨਾਲ ਜੁੜਿਆ ਇਤਿਹਾਸ ਸਿੱਖ ਕੌਮ ਦੇ ਚੇਤਿਆਂ 'ਚੋਂ ਕਦੇ ਵਿੱਸਰ ਨਹੀਂ ਸਕਦਾ। ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿੱਕਲਦਾ ਹੈ ਜਿਸ ਵਿਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ ਮਿਥਿਹਾਸਕ ਹੈ ਪਰ ਦੁਨੀਆਂ ਦੇ ਇਤਿਹਾਸ ਦੇ ਅੰਦਰ ਸਿੱਖ ਕੌਮ ਇੱਕ ਜਿਊਂਦੀ ਜਾਗਦੀ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ ਹੋਇਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.