SGPC ਅਤੇ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਵੱਲੋਂ ਪਾਵਨ ਸਰੂਪਾਂ ਦੀ ਮਰਯਾਦਾ ਨਾਲ ਖਿਲਵਾੜ ਅਸਹਿਣਯੋਗ, ਪੰਥ ਨੂੰ ਤੁਰੰਤ ਜਵਾਬਦੇਹੀ ਚਾਹੀਦੀ ਹੈ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

SGPC ਅਤੇ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਵੱਲੋਂ ਪਾਵਨ ਸਰੂਪਾਂ ਦੀ ਮਰਯਾਦਾ ਨਾਲ ਖਿਲਵਾੜ ਅਸਹਿਣਯੋਗ, ਪੰਥ ਨੂੰ ਤੁਰੰਤ ਜਵਾਬਦੇਹੀ ਚਾਹੀਦੀ ਹੈ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 28 ਸਤੰਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਹਰਪ੍ਰੀਤ ਸਿੰਘ ਬੰਟੀ ਅਤੇ ਭਾਈ ਹਰਪ੍ਰੀਤ ਸਿੰਘ ਪੰਮਾ ਅਸਟਰੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਕਿਆਂ ਅਤੇ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਵੱਲੋਂ ਪਾਵਨ ਸਰੂਪਾਂ ਦੀ ਮਰਯਾਦਾ ਨਾਲ ਖਿਲਵਾੜ ਅਸਹਿਣਯੋਗ ਹੈ ਤੇ ਖ਼ਾਲਸਾ ਪੰਥ ਨੂੰ ਤੁਰੰਤ ਜਵਾਬਦੇਹੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਮੁੰਦਰੀ ਜਹਾਜ਼ ਦੇ ਕੰਟੇਨਰਾਂ ਰਾਹੀਂ ਕੈਨੇਡਾ ਭੇਜਣ ਅਤੇ ਓਥੇ ਪਾਵਨ ਸਰੂਪਾਂ ਨੂੰ ਕਾਰਾਂ ਦੀਆਂ ਡਿੱਗੀਆਂ ਵਿੱਚ ਰੱਖ ਕੇ ਲਿਜਾਣ ਸੰਬੰਧੀ ਸਾਹਮਣੇ ਆਏ ਮਾਮਲੇ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅੰਦਰ ਗੰਭੀਰ ਚਿੰਤਾ ਅਤੇ ਰੋਸ ਪੈਦਾ ਕੀਤਾ ਹੈ। ਇਸ ਸਮੁੱਚੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਵੀ ਗੰਭੀਰ ਸਵਾਲ ਉੱਠ ਰਹੇ ਹਨ ਕਿਉਂਕਿ ਇਹਨਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਇਹ ਮਸਲਾ ਕੇਵਲ ਆਵਾਜਾਈ ਦੇ ਕਿਸੇ ਪ੍ਰਬੰਧਕੀ ਢੰਗ ਦਾ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਗੁਰਮਤਿ ਮਰਯਾਦਾ, ਪੰਥਕ ਪ੍ਰੰਪਰਾਵਾਂ ਅਤੇ ਸਿੱਖ ਸੰਗਤ ਦੀ ਧਾਰਮਿਕ ਆਸਥਾ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਇਸ ਲਈ ਅਜਿਹੇ ਸੰਵੇਦਨਸ਼ੀਲ ਮਾਮਲੇ ਵਿੱਚ ਚੁੱਪ, ਦੇਰੀ, ਟਾਲ-ਮਟੋਲ ਜਾਂ ਅਸਪਸ਼ਟਤਾ ਕਿਸੇ ਵੀ ਪੰਥਕ ਸੰਸਥਾ ਲਈ ਉਚਿਤ ਨਹੀਂ ਮੰਨੀ ਜਾ ਸਕਦੀ। ਪੰਥਕ ਸੰਸਥਾਵਾਂ ਦੀ ਮਰਯਾਦਾ ਕੇਵਲ ਉਨ੍ਹਾਂ ਦੇ ਰੁਤਬੇ ਨਾਲ ਨਹੀਂ, ਸਗੋਂ ਉਨ੍ਹਾਂ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਗੁਰੂ ਪ੍ਰਤੀ ਸਮਰਪਣ ਨਾਲ ਕਾਇਮ ਰਹਿੰਦੀ ਹੈ। ਸਾਡਾ ਮੰਨਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਨਾਲ ਸਬੰਧਤ ਕਿਸੇ ਵੀ ਮਾਮਲੇ ਨੂੰ ਸਧਾਰਨ ਮਸਲਾ ਸਮਝ ਕੇ ਠੰਢੇ ਬਸਤੇ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ। ਜੇਕਰ ਪਾਵਨ ਸਰੂਪਾਂ ਦੀ ਰਵਾਨਗੀ, ਆਵਾਜਾਈ ਜਾਂ ਅੱਗੇ ਸੌਂਪਣ ਦੀ ਪ੍ਰਕਿਰਿਆ ਵਿੱਚ ਮਰਯਾਦਾ ਦੀ ਉਲੰਘਣਾ ਹੋਈ ਹੈ ਤਾਂ ਇਸ ਦੀ ਨਿਰਪੱਖ ਜਾਂਚ, ਤੱਥਾਂ ਦਾ ਜਨਤਕ ਪ੍ਰਗਟਾਵਾ ਅਤੇ ਜ਼ਿੰਮੇਵਾਰੀ ਨਿਰਧਾਰਤ ਕਰਨਾ ਅਤਿ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਵਿੱਚ ਪੰਥ-ਪ੍ਰਸਤ ਸਿੰਘਾਂ ਵੱਲੋਂ ਮੋਰਚਾ ਲਗਾਇਆ ਹੋਇਆ ਹੈ ਤੇ ਉਹਨਾਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਤੁਰੰਤ ਹੱਲ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਪਾਵਨ ਸਰੂਪਾਂ ਦੇ ਸਤਿਕਾਰ ਨੂੰ ਹਰ ਹੀਲੇ ਬਰਕਰਾਰ ਰੱਖਣਾ ਚਾਹੀਦਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.