ਨਸ਼ਾ-ਮੁਕਤ ਪੰਜਾਬ ਹੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਸੰਕਲਪ -ਹਰਸਿਮਰਤ ਕੌਰ ਬਾਦਲ
- ਰਾਜਨੀਤੀ
- (Asia/Kolkata)
ਹਲਕਾ ਭਦੌੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 'ਮਾਵਾਂ ਧੀਆਂ ਦੀ ਲਲਕਾਰ' ਸਮਾਗਮ 'ਚ ਔਰਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ।
ਬਿੰਦਰ ਸਿੰਘ ਖੁੱਡੀ ਕਲਾਂ
ਭਦੌੜ,31ਅਕਤੂਬਰ
:ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਪੰਜਾਬ ਵਿੱਚ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੇ ਨਸ਼ਿਆਂ ਦੇ ਕੋੜ੍ਹ ਵਿਰੁੱਧ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਨੂੰ ਬਚਾਉਣ ਲਈ ਸੁ਼ੁਰੂ ਕੀਤੇ "ਮਾਵਾਂ ਧੀਆਂ ਦੀ ਲਲਕਾਰ" ਮੁਹਿੰਮ ਅਧੀਨ ਬਰਨਾਲਾ ਦੇ ਭਦੌੜ ਹਲਕੇ ਵਿਖੇ ਇੱਕ ਭਾਰੀ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ, ਮੌਜ਼ੂਦਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਅੱਜ ਪੰਜਾਬ ਦੀਆਂ ਮਾਵਾਂ ਦੇ ਹੰਝੂ ਅਤੇ ਧੀਆਂ ਦੀਆਂ ਦਰਦਨਾਕ ਪੁਕਾਰਾਂ ਸੂਬੇ ਵਿੱਚ ਇੱਕ ਵੱਡੇ ਸਿਆਸੀ ਅਤੇ ਸਮਾਜਿਕ ਬਦਲਾਅ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਘਰਾਂ ਦੇ ਘਰ ਤਬਾਹ ਕਰ ਰਹੇ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣਾ ਕੇਵਲ ਇੱਕ ਸਿਆਸੀ ਨਾਅਰਾ ਨਹੀਂ, ਸਗੋਂ ਇਹ ਹਰ ਪੰਜਾਬੀ ਦਾ ਬੁਨਿਆਦੀ ਹੱਕ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁੱਖ ਸੰਕਲਪ ਹੈ।
ਸਮਾਗਮ ਦੌਰਾਨ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਕਿ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਵਿੱਚ ਹੁਣ ਸੂਬੇ ਦੀ ਮਹਿਲਾ ਸ਼ਕਤੀ ਖ਼ੁਦ ਅੱਗੇ ਆ ਕੇ ਅਗਵਾਈ ਕਰਨ ਲਈ ਤਿਆਰ ਹੈ। ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ। ਅੱਜ ਪਿੰਡ-ਪਿੰਡ ਨਸ਼ੇ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ। ਜਿਸ ਕਾਰਨ ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤ ਅਤੇ ਧੀਆਂ ਦੇ ਸੁਹਾਗ ਅੱਖਾਂ ਸਾਹਮਣੇ ਦਮ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਾਰਨ ਅੱਜ ਪੰਜਾਬ ਦਾ ਹਰ ਪਰਿਵਾਰ ਗਹਿਰੀ ਦਹਿਸ਼ਤ ਅਤੇ ਦੁੱਖ ਦੇ ਸਾਏ ਹੇਠ ਜੀਅ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਭਦੌੜ ਦੀ ਇਤਿਹਾਸਕ ਧਰਤੀ ਤੋਂ ਛੇੜੀ ਗਈ ਇਹ 'ਮਾਵਾਂ ਧੀਆਂ ਦੀ ਲਲਕਾਰ' ਮੁਹਿੰਮ ਕੇਵਲ ਇੱਕ ਸਮਾਗਮ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇੱਕ ਨਵੇਂ ਇਨਕਲਾਬ ਦੀ ਸ਼ੁਰੂਆਤ ਹੈ। ਬੀਬਾ ਬਾਦਲ ਨੇ ਮਾਂਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਦੀ ਰਾਖੀ ਲਈ ਘਰਾਂ ਤੋਂ ਬਾਹਰ ਨਿਕਲਣ ਅਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸੀ ਅਨਸਰਾਂ ਵਿਰੁੱਧ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬੇ ਦੀ ਮਹਿਲਾ ਸ਼ਕਤੀ ਇਕੱਠੀ ਹੋ ਕੇ ਡਟੇਗੀ ਨਹੀਂ, ਤਦ ਤੱਕ ਇਸ ਨਾਮੁਰਾਦ ਬੀਮਾਰੀ ਦਾ ਜੜ੍ਹੋਂ ਖ਼ਾਤਮਾ ਸੰਭਵ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਬੀਬਾ ਬਾਦਲ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਨਸ਼ਿਆਂ ਦੇ ਪੂਰਨ ਖ਼ਾਤਮੇ ਲਈ ਪਿੰਡ-ਪਿੰਡ ਅਤੇ ਗਲੀ-ਗਲੀ ਜਾ ਕੇ ਜ਼ਮੀਨੀ ਪੱਧਰ 'ਤੇ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ 'ਡਰੱਗ ਫ੍ਰੀ ਪੰਜਾਬ' ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੂਬੇ ਦੇ ਹਰ ਹਲਕੇ ਵਿੱਚ ਮਾਵਾਂ-ਧੀਆਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀ ਭਵਿੱਖੀ ਪੀੜ੍ਹੀ ਨੂੰ ਇਸ ਜ਼ਹਿਰ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਅਕਾਲੀ ਦਲ ਦੇ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ, ਪੁਨਰ-ਵਿਕਾਸ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਹੀ ਉਨ੍ਹਾਂ ਦੀ ਪਾਰਟੀ ਦਾ ਅਸਲ ਮਨੋਰਥ ਹੈ ਅਤੇ ਇਸ ਪਵਿੱਤਰ ਲਕਸ਼ ਨੂੰ ਹਾਸਲ ਕਰਨ ਤੱਕ ਇਹ ਸੰਘਰਸ਼ ਦਿਨ-ਰਾਤ ਨਿਰੰਤਰ ਜਾਰੀ ਰਹੇਗਾ।
Leave a Reply