ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸ਼ਹੀਦੀ ਸਮਾਗਮ 'ਚ ਪੰਥਕ ਆਗੂਆਂ ਵੱਲੋਂ ਮਾਤਾ ਸੁਰਜੀਤ ਕੌਰ ਤੇ ਭਰਾਤਾ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਸ਼ਹੀਦੀ ਸਮਾਗਮ 'ਚ ਪੰਥਕ ਆਗੂਆਂ ਵੱਲੋਂ ਮਾਤਾ ਸੁਰਜੀਤ ਕੌਰ ਤੇ ਭਰਾਤਾ ਜਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਖ਼ਾਲਿਸਤਾਨ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖੇਗੀ ਕੌਮ : ਪੰਥਕ ਬੁਲਾਰੇ 

ਅੰਮ੍ਰਿਤਸਰ, 26 ਅਕਤੂਬਰ (ਮਨਪ੍ਰੀਤ ਸਿੰਘ ਆਜ਼ਾਦ): ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਅਰੰਭੇ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ-ਜਰਨੈਲ ਅਮਰ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਅੱਜ ਪਿੰਡ ਰਤਨਗੜ੍ਹ, ਨੇੜੇ ਖਲਚੀਆਂ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਨੇ ਕੀਰਤਨ ਰਾਹੀਂ ਅਤੇ ਬੀਬੀ ਦਲੇਰ ਕੌਰ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਅਤੇ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਫਿਰ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸੰਗਤਾਂ ਨੇ ਹਾਜ਼ਰੀ ਭਰ ਕੇ ਭਾਈ ਬਲਜਿੰਦਰ ਰਾਜੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਤਿਕਾਰ ਤੇ ਸਾਂਝ ਦਾ ਪ੍ਰਗਟਾਵਾ ਕੀਤਾ। 
ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ, ਭਾਈ ਮਹਾਂਬੀਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ਾਮ ਚੁਰਾਸੀ ਤੋਂ ਸੇਵਾਦਾਰ ਅਤੇ ਪੰਥਕ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਭਾਈ ਜਿੰਦਾ-ਸੁੱਖਾ ਦੇ ਸਾਥੀ ਭਾਈ ਨਿਰਮਲ ਸਿੰਘ ਨਿੰਮਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਗਦਲੀ ਦੇ ਭਰਾਤਾ ਭਾਈ ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਪੰਥਕ ਆਗੂ ਹਾਜ਼ਰ ਸਨ। 
ਸਮਾਪਤੀ 'ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਅਤੇ ਭਰਾਤਾ ਭਾਈ ਜਸਵਿੰਦਰ ਸਿੰਘ ਨੂੰ ਸ਼ੀਲਡ, ਮੈਡਲ, ਸਿਰੋਪੇ ਅਤੇ ਪੰਥਨਾਮਾ ਤੇ ‘ਸੰਘਰਸ਼ੀ ਪੈਂਡੇ’ ਕਿਤਾਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਥਕ ਆਗੂਆਂ ਨੇ ਭਾਈ ਬਲਜਿੰਦਰ ਸਿੰਘ ਰਾਜੂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਨੇੜਲੇ ਸਾਥੀ ਸਨ। ਉਨ੍ਹਾਂ ਕਿਹਾ ਕਿ ਭਾਈ ਰਾਜੂ ਨੇ ਹੀ ਭਾਈ ਜਿੰਦਾ ਅਤੇ ਭਾਈ ਸੁੱਖਾ ਨੂੰ ਆਪਸ ਵਿੱਚ ਮਿਲਾਇਆ ਸੀ। ਉਨ੍ਹਾਂ ਬੀਬੀ ਸੁਰਜੀਤ ਕੌਰ ਦੇ ਸਿਦਕ ਅਤੇ ਪਰਿਵਾਰ ਵੱਲੋਂ ਝੱਲੇ ਤਸ਼ੱਦਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਪਰਿਵਾਰਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨਾਲ ਖੜ੍ਹਨਾ ਸਮੁੱਚੇ ਪੰਥ ਦਾ ਸਾਂਝਾ ਫ਼ਰਜ਼ ਹੈ। ਉਹਨਾਂ ਦੱਸਿਆ ਕਿ ਪੁਲਿਸ ਅਫਸਰ ਸੁਰੇਸ਼ ਅਰੋੜਾ ਨੇ ਭਾਈ ਰਾਜੂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਸੀ। ਸਿੱਖ ਸੰਘਰਸ਼ ਦੌਰਾਨ ਹੋਏ ਵੱਡੇ-ਵੱਡੇ ਜੁਝਾਰੂ ਕਾਰਨਾਮਿਆਂ ਵਿੱਚ ਭਾਈ ਬਲਜਿੰਦਰ ਸਿੰਘ ਰਾਜੂ ਦਾ ਅਹਿਮ ਰੋਲ ਸੀ। ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਜੁਝਾਰੂ ਸਿੰਘਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਗਿਆਨੀ ਹਰਚਰਨ ਸਿੰਘ ਛੱਜਲਵੱਡੀ, ਬੀਬੀ ਸਰਬਜੀਤ ਕੌਰ ਗੁੱਡੀ, ਬੀਬੀ ਕੁਲਵੰਤ ਕੌਰ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.