ਪੰਥਕ ਧਿਰਾਂ ਏਕਾ ਕਰਕੇ 2027 ਦੀਆਂ ਚੋਣਾਂ ਜਿੱਤਣ : ਬੀਬੀ ਕੁਲਵਿੰਦਰ ਕੌਰ ਖਾਲਸਾ

ਪੰਥਕ ਧਿਰਾਂ ਏਕਾ ਕਰਕੇ 2027 ਦੀਆਂ ਚੋਣਾਂ ਜਿੱਤਣ : ਬੀਬੀ ਕੁਲਵਿੰਦਰ ਕੌਰ ਖਾਲਸਾ

ਗੁਰਦਾਸਪੁਰ 14 ਨਵੰਬਰ , ਰਣਜੀਤ ਸਿੰਘ ਖਾਲਸਾ 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹਮੇਸ਼ਾ ਹੀ ਪੰਥਕ ਏਕਤਾ ਲਈ ਤਿਆਰ ਹੈ। ਪੰਥ ਅਤੇ ਪੰਜਾਬ ਦੇ ਭਲੇ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਚੱਲਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਈ ਵਾਰ ਸਪੱਸ਼ਟ ਬਿਆਨ ਦੇ ਚੁੱਕੇ ਹਨ ਕਿ ਸਾਰੀਆਂ ਪੰਥਕ ਧਿਰਾਂ ਏਕਾ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ। ਇਸ ਸੱਦੇ ਨੂੰ ਅਮਲੀ ਰੂਪ ਦੇਣ ਲਈ ਸਾਰੀਆਂ ਧਿਰਾਂ ਨੂੰ ਆਪਸੀ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਹੈ। ਏਕਤਾ ਵਿੱਚ ਬੜਾ ਬਲ ਹੈ ਅਤੇ ਇਕੱਠੇ ਹੋ ਕੇ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਵੱਖੋ-ਵੱਖਰੇ ਹੋ ਕੇ ਲੜਨ ਨਾਲ ਸਾਡੀ ਤਾਕਤ ਵੰਡੀ ਜਾਂਦੀ ਹੈ, ਜਿਸ ਦਾ ਲਾਭ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਚੁੱਕਦੀਆਂ ਹਨ। ਬੀਬੀ ਖਾਲਸਾ ਨੇ ਕਿਹਾ ਕਿ ਕਾਂਗਰਸ, ਬਾਦਲ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਸਰਕਾਰਾਂ ਅਤੇ ਚਿਹਰੇ ਬਦਲਦੇ ਰਹੇ, ਪਰ ਪੰਜਾਬ ਦੇ ਬੁਨਿਆਦੀ ਮਸਲੇ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਵਾਰ-ਵਾਰ ਨਿਰਾਸ਼ਾ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਗੁਰੂਆਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਪੰਜਾਬ ਨੂੰ ਬਚਾਉਣ ਤੇ ਰੁਸ਼ਨਾਉਣ ਲਈ ਪੰਥਕ ਧਿਰਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਨੀ ਪਵੇਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਂਗ ਸਾਰੀਆਂ ਪੰਥਕ ਧਿਰਾਂ ਵੀ ਏਕਤਾ ਵੱਲ ਠੋਸ ਕਦਮ ਵਧਾਉਣ। ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਸਾਂਝੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਏਕਤਾ ਦੇ ਬਿਆਨਾਂ ਨੂੰ ਸਾਂਝੇ ਯਤਨਾਂ ਵਿੱਚ ਬਦਲਿਆ ਜਾਵੇ ਤਾਂ ਜੋ 2027 ਵਿੱਚ ਪੰਥਕ ਜਿੱਤ ਦਾ ਰਾਹ ਪੱਧਰਾ ਹੋ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.