ਕੀਤੇ ਤੇਰੇ ਵਾਅਦੇ ਹੋ ਗਏ ਕਾਫ਼ੂਰ ਵੇ...-ਰਣਜੀਤ ਸਿੰਘ ਦਮਦਮੀ ਟਕਸਾਲ

ਕੀਤੇ ਤੇਰੇ ਵਾਅਦੇ ਹੋ ਗਏ ਕਾਫ਼ੂਰ ਵੇ...-ਰਣਜੀਤ ਸਿੰਘ ਦਮਦਮੀ ਟਕਸਾਲ

ਅੱਲਾਮਾ ਮੁਹੰਮਦ ਇਕਬਾਲ ਲਿਖਦੇ ਹਨ ਕਿ “ਮੁੱਦਤੇਂ ਗੁਜ਼ਰੀ ਹੈਂ ਮੁਝ ਕੋ ਰੰਜੋ ਗ਼ਮ ਸਹਿਤੇ ਹੂਏ, ਸ਼ਰਮ ਸੀ ਆਤੀ ਹੈ ਅਬ ਇਸ ਕੋ ਵਤਨ ਕਹਿਤੇ ਹੂਏ।”

ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਲਈ ਆਪਣਾ ਖ਼ੂਨ ਵਹਾਇਆ, ਫ਼ਾਂਸੀ ਦੇ ਰੱਸੇ ਚੁੰਮੇ, ਉਮਰ ਕੈਦਾਂ ਕੱਟੀਆਂ ਅਤੇ ਕਾਲੇ ਪਾਣੀਆਂ ਦੇ ਤਸੀਹੇ ਝੱਲੇ। ਪਰ ਅਜ਼ਾਦੀ ਮਗਰੋਂ ਜਦੋਂ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਇਸੇ ਕੌਮ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਗਿਆ। ਜਿਹੜੇ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਦੇ ਸੋਹਿਲੇ ਗਾਉਂਦੇ ਸਨ, ਹਕੂਮਤ ਹੱਥ ਆਉਣ ਮਗਰੋਂ ਓਹੀ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਗਏ। ਸਾਡੀਆਂ ਕੁਰਬਾਨੀਆਂ ਦਾ ਮੁੱਲ ਸਾਡੇ ਹੱਕਾਂ ਨੂੰ ਪੈਰਾਂ ਹੇਠ ਰੋਲ ਕੇ ਕਿਉਂ ਪਾਇਆ ਗਿਆ ? ਅਜ਼ਾਦੀ ਤੋਂ ਪਹਿਲਾਂ ਹਿੰਦੁਤਵੀ ਆਗੂਆਂ ਨੂੰ ਸਿੱਖਾਂ ਦੀ ਹਮਾਇਤ ਵੀ ਚਾਹੀਦੀ ਸੀ ਅਤੇ ਕੁਰਬਾਨੀ ਵੀ। ਓਦੋਂ ਸਿੱਖਾਂ ਦੇ ਸੰਘਰਸ਼ ਦੀਆਂ ਸਿਫ਼ਤਾਂ ਹੁੰਦੀਆਂ ਸਨ। ਗੁਰੂ ਕੇ ਬਾਗ਼ ਦੇ ਮੋਰਚੇ ਨੂੰ ਦੇਸ਼ ਦੀ ਅਜ਼ਾਦੀ ਦੀ ਲਹਿਰ ਲਈ ਪ੍ਰੇਰਨਾ ਦੱਸਿਆ ਜਾਂਦਾ ਸੀ। ਸਿੱਖਾਂ ਨੂੰ ਭਰੋਸੇ ਦਿੱਤੇ ਜਾਂਦੇ ਸਨ ਕਿ ਉਹਨਾਂ ਨਾਲ ਵਿਸ਼ਵਾਸਘਾਤ ਨਹੀਂ ਹੋਵੇਗਾ ਅਤੇ ਉਹਨਾਂ ਦੀ ਕੌਮੀ ਹਸਤੀ ਦਾ ਸਤਿਕਾਰ ਕੀਤਾ ਜਾਵੇਗਾ।

ਪਰ ਹਕੂਮਤ ਮਿਲਦਿਆਂ ਹੀ ਇਹਨਾਂ ਵਾਅਦਿਆਂ ਦੀ ਅਸਲੀਅਤ ਸਾਹਮਣੇ ਆ ਗਈ। 

“ਕੀਤੇ ਤੇਰੇ ਵਾਅਦੇ ਹੋ ਗਏ ਕਾਫ਼ੂਰ ਵੇ,

ਸਧਰਾਂ ਦੇ ਮੋਤੀ ਹੋਏ ਚੂਰ ਚੂਰ ਵੇ।

ਸੀਨੇ ਵਿੱਚੋਂ ਨਿਕਲੀਆਂ ਹਾਵਾਂ,

ਰੱਜ ਰੱਜ ਝੂਠ ਬੋਲਿਆ ਸਾਡੇ ਨਾਲ ਤੂੰ ਕਾਵਾਂ ਵੇ।”

ਸਿੱਖਾਂ ਦੀਆਂ ਕੁਰਬਾਨੀਆਂ ਯਾਦ ਰਹੀਆਂ ਤਾਂ ਸਿਰਫ਼ ਭਾਸ਼ਣਾਂ ਲਈ; ਉਹਨਾਂ ਦੇ ਹੱਕਾਂ ਦੀ ਵਾਰੀ ਆਈ ਤਾਂ ਹਾਕਮਾਂ ਦੀ ਬੋਲੀ ਬਦਲ ਗਈ। ਕੌਮ ਨੂੰ ਮਿੱਠੀਆਂ ਗੱਲਾਂ ਨਾਲ ਨਾਲ ਤੋਰਨਾ ਅਤੇ ਮੰਜ਼ਿਲ ਉੱਤੇ ਪਹੁੰਚ ਕੇ ਉਸੇ ਨੂੰ ਪਾਸੇ ਧੱਕ ਦੇਣਾ, ਇਹੋ ਸਿਆਸੀ ਧੋਖਾ ਪੰਜਾਬ ਦੇ ਹਿੱਸੇ ਆਇਆ। 15 ਅਗਸਤ 1947 ਨੂੰ ਅਜ਼ਾਦੀ ਦੇ ਜਸ਼ਨ ਮਨਾਏ ਗਏ, ਪਰ ਪੰਜਾਬ ਦੇ ਪਿੰਡੇ ਉੱਤੇ ਵੰਡ ਦਾ ਛੁਰਾ ਚੱਲਿਆ। ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਘਰ ਉੱਜੜੇ, ਬੇਗੁਨਾਹਾਂ ਦਾ ਖ਼ੂਨ ਡੁੱਲ੍ਹਿਆ ਅਤੇ ਵੱਸਦੇ ਪਰਿਵਾਰ ਬੇਘਰ ਹੋ ਗਏ। ਸਿੱਖ ਆਪਣੇ ਅਨੇਕਾਂ ਇਤਿਹਾਸਕ ਗੁਰਧਾਮਾਂ ਅਤੇ ਜੱਦੀ ਜ਼ਮੀਨਾਂ ਤੋਂ ਵਿਛੜ ਗਏ। ਜਿਸ ਕੌਮ ਨੇ ਅਜ਼ਾਦੀ ਲਈ ਆਪਣਾ ਸਭ ਕੁਝ ਦਾਅ ਉੱਤੇ ਲਾਇਆ, ਉਸੇ ਨੂੰ ਆਪਣੀ ਧਰਤੀ ਉੱਤੇ ਮੁੜ ਪੈਰ ਜਮਾਉਣ ਲਈ ਜੂਝਣਾ ਪਿਆ। ਉੱਤੋਂ ਸਿੱਖਾਂ ਨੂੰ ਸ਼ੱਕ ਅਤੇ ਬੇਇਤਬਾਰੀ ਨਾਲ ਵੇਖਣ ਵਾਲੀ ਸਰਕਾਰੀ ਸੋਚ ਨੇ ਜ਼ਖ਼ਮ ਹੋਰ ਡੂੰਘੇ ਕੀਤੇ। ਹਾਕਮਾਂ ਨੂੰ ਦੱਸਣਾ ਪਵੇਗਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੀ ਕੌਮ ਆਪਣੇ ਹੱਕ ਮੰਗਦਿਆਂ ਖ਼ਤਰਾ ਕਿਵੇਂ ਬਣ ਗਈ ? ਅੰਗਰੇਜ਼ੀ ਰਾਜ ਵਿਰੁੱਧ ਸਿੱਖਾਂ ਦਾ ਸੰਘਰਸ਼ ਕਿਸੇ ਤੋਂ ਲੁਕਿਆ ਨਹੀਂ। ਬਾਬਾ ਰਾਮ ਸਿੰਘ ਜੀ ਦੀ ਅਗਵਾਈ ਵਾਲੀ ਨਾ-ਮਿਲਵਰਤਨ ਅਤੇ ਬਾਈਕਾਟ ਦੀ ਲਹਿਰ ਨੇ ਗ਼ੁਲਾਮੀ ਵਿਰੁੱਧ ਚੇਤਨਾ ਜਗਾਈ। ਸਿੱਖਾਂ ਦੀਆਂ ਵੱਖ-ਵੱਖ ਲਹਿਰਾਂ ਨੇ ਅੰਗਰੇਜ਼ੀ ਹਕੂਮਤ ਨੂੰ ਵੰਗਾਰਿਆ ਅਤੇ ਅਜ਼ਾਦੀ ਲਈ ਲੋਕਾਂ ਨੂੰ ਲਾਮਬੰਦ ਕੀਤਾ।

ਸਰਦਾਰ ਅਜੀਤ ਸਿੰਘ ਦੀ ‘ਪੱਗੜੀ ਸੰਭਾਲ ਜੱਟਾ’ ਲਹਿਰ ਨੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਖੜ੍ਹਾ ਕੀਤਾ। ਬਾਬਾ ਸੋਹਣ ਸਿੰਘ ਭਕਨਾ ਅਤੇ ਉਹਨਾਂ ਦੇ ਸਾਥੀਆਂ ਦੀ ਗਦਰ ਲਹਿਰ ਨੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਹਿਲਾਈਆਂ। ਬਾਬਾ ਗੁਰਦਿੱਤ ਸਿੰਘ ਜੀ ਨਾਲ ਜੁੜਿਆ ਕਾਮਾਗਾਟਾਮਾਰੂ ਦਾ ਸਫ਼ਰ ਅਤੇ ਬਜਬਜ ਘਾਟ ਦਾ ਖ਼ੂਨੀ ਸਾਕਾ ਵੀ ਇਸੇ ਸੰਘਰਸ਼ ਦਾ ਹਿੱਸਾ ਹਨ। ਸ. ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਨੇ ਜਵਾਨੀ ਨੂੰ ਗ਼ੁਲਾਮੀ ਵਿਰੁੱਧ ਜੂਝਣਾ ਸਿਖਾਇਆ। ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦਾ ਹਿਸਾਬ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ ਅਤੇ ਆਪ ਫ਼ਾਂਸੀ ਦਾ ਰੱਸਾ ਚੁੰਮਿਆ। ਕੂਕਾ ਲਹਿਰ ਹੋਵੇ, ਗਦਰ ਲਹਿਰ ਹੋਵੇ ਜਾਂ ਅਕਾਲੀ ਮੋਰਚੇ, ਸਭ ਪਾਸੇ ਸਿੱਖਾਂ ਦੀਆਂ ਕੁਰਬਾਨੀਆਂ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹਨ। ਇਹ ਇਤਿਹਾਸ ਕਿਸੇ ਹਾਕਮ ਦੀ ਮਰਜ਼ੀ ਨਾਲ ਮਿਟਾਇਆ ਨਹੀਂ ਜਾ ਸਕਦਾ। 15 ਅਗਸਤ 1947 ਦੀ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੋਲ ਸਨ ਕਿ “ਮੈਂ ਪ੍ਰਣਾਮ ਕਰਦਾ ਹਾਂ ਅਕਾਲੀਆਂ (ਸਿੱਖਾਂ) ਨੂੰ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਘੋਲ ਅਰੰਭਿਆ ਹੈ।” ਲਾਲਾ ਲਾਜਪਤ ਰਾਏ ਕਹਿੰਦਾ ਸੀ ਕਿ “ਅਜ਼ਾਦੀ ਹਰ ਇੱਕ ਦਾ ਹੱਕ ਹੈ, ਅਸੀਂ ਕਪੁੱਤਰ ਹਾਂ, ਪਰ ਅਕਾਲੀ (ਸਿੱਖ) ਸਪੁੱਤਰ ਹਨ, ਜਿਹੜੇ ਆਪਣੇ ਇਸ ਹੱਕ ਲਈ ਲੜ ਰਹੇ ਹਨ।” ਪੰਡਿਤ ਮਦਨ ਮੋਹਨ ਮਾਲਵੀਆ ਦਾ ਕਹਿਣਾ ਸੀ ਕਿ “ਗੁਰੂ ਕੇ ਬਾਗ਼ ਦੇ ਮੋਰਚੇ 'ਚ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉੱਠੀ ਹੈ ਤੇ ਹੁਣ ਇਸੇ ਨੇ ਹੀ ਦੇਸ਼ ਨੂੰ ਅਜ਼ਾਦ ਕਰਵਾਉਣਾ ਹੈ।” ਮਾਰਚ 1931 ਨੂੰ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਖੌਤੀ ਮਹਾਤਮਾਂ ਗਾਂਧੀ ਨੇ ਕਿਹਾ ਸੀ ਕਿ “ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਬਚਨਾਂ ਅਤੇ ਕਾਂਗਰਸ ਵੱਲੋਂ ਪ੍ਰਵਾਨ ਕੀਤੇ ਮਤਿਆਂ ਉੱਤੇ ਪੂਰਾ ਇਤਬਾਰ ਕਰੋ। ਤੁਹਾਡੀ ਕੌਮ ਨਾਲ ਕੀ, ਅਸੀਂ ਇੱਕ ਵਿਅਕਤੀ ਨਾਲ ਵੀ ਵਿਸ਼ਵਾਸਘਾਤ ਨਹੀਂ ਕਰਾਂਗੇ। ਜੇ ਕਾਂਗਰਸ ਅਜਿਹਾ ਕਰੇਗੀ ਤਾਂ ਆਪਣੀ ਤਬਾਹੀ ਆਪ ਮਚਾ ਲਵੇਗੀ। ਤੁਸੀਂ ਦਿਲਾਂ ਵਿੱਚੋਂ ਵਹਿਮ ਕੱਢ ਦਿਓ। ਮੇਰੇ ਅਤੇ ਕਾਂਗਰਸ ਦਰਮਿਆਨ ਪਰਮਾਤਮਾ ਸਾਖੀ ਹੈ, ਅਸੀਂ ਵਾਅਦਿਆਂ ਉੱਤੇ ਪੂਰੇ ਉੱਤਰਾਂਗੇ।”

ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦੌਰਾਨ 121 ਘੁਲਾਟੀਆਂ ਨੂੰ ਫ਼ਾਂਸੀ ਹੋਈ ਜਿਨ੍ਹਾਂ ’ਚੋਂ 93 ਸਿੱਖ ਸਨ, 2646 ਘੁਲਾਟੀਆਂ ਨੂੰ ਉਮਰ ਕੈਦ ਹੋਈ ਜਿਨ੍ਹਾਂ ’ਚੋਂ 2147 ਸਿੱਖ ਸਨ, ਜਲ੍ਹਿਆਂਵਾਲਾ ਬਾਗ 'ਚ 1300 ਲੋਕ ਸ਼ਹੀਦ ਹੋਏ ਜਿਨ੍ਹਾਂ ’ਚੋਂ 799 ਸਿੱਖ ਸਨ। ਬਜਬਜ ਘਾਟ 'ਚ 113 ਸ਼ਹੀਦ ਹੋਏ ਜਿਨ੍ਹਾਂ ’ਚੋਂ 67 ਸਿੱਖ ਸਨ, ਕੂਕਾ ਲਹਿਰ ਦੇ 91 ਅਤੇ ਅਕਾਲੀ ਲਹਿਰ ਦੇ 500 ਸ਼ਹੀਦਾਂ 'ਚ ਸਾਰੇ ਦੇ ਸਾਰੇ ਸਿੱਖ ਸਨ। ਸਿੱਖਾਂ ਨੇ ਇਸ ਦੇਸ਼ ਨੂੰ ਆਪਣਾ ਸਮਝ ਕੇ ਕੁਰਬਾਨੀਆਂ ਦਿੱਤੀਆਂ। ਪਰ ਅਜ਼ਾਦੀ ਮਗਰੋਂ ਕੇਂਦਰੀ ਹਕੂਮਤਾਂ ਨੇ ਸਿੱਖਾਂ ਦੀ ਵੱਖਰੀ ਕੌਮੀ ਪਛਾਣ ਅਤੇ ਪੰਜਾਬ ਦੇ ਹੱਕਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਲਟਕਾਈ ਰੱਖਿਆ। ਸੰਵਿਧਾਨਕ ਪਛਾਣ ਦਾ ਸਵਾਲ ਹੋਵੇ, ਪੰਜਾਬੀ ਸੂਬੇ ਦੀ ਮੰਗ ਹੋਵੇ ਜਾਂ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬ ਨੂੰ ਆਪਣੇ ਹੱਕਾਂ ਲਈ ਲੰਮੇ ਸੰਘਰਸ਼ ਕਰਨੇ ਪਏ। ਭਾਰਤ ਦੇ ਗ੍ਰਹਿ ਮੰਤਰੀ ਪਟੇਲ ਨੇ 10 ਅਕਤੂਬਰ 1947 ਨੂੰ ਦਿੱਲੀ ਤੋਂ ਇੱਕ ਸਰਕੂਲਰ (ਫਿਰਕੂ ਪੱਤਰ) ਜਾਰੀ ਕਰ ਕੇ ਤਾੜਨਾ ਦਿੱਤਾ ਕਿ “ਸਿੱਖ ਸਮੁੱਚੇ ਤੌਰ ’ਤੇ ਜਮਾਂਦਰੂ ਫ਼ਸਾਦੀ ਅਤੇ ਜਰਾਇਮ ਪੇਸ਼ਾ ਲੋਕ ਹਨ ਤੇ ਇੱਕ ਸੂਬੇ ਦੇ ਅਮਨ-ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣ ਸਕਦੇ ਹਨ। ਡਿਪਟੀ ਕਮਿਸ਼ਨਰ ਇਹਨਾਂ ਪ੍ਰਤੀ ਵਿਸ਼ੇਸ਼ ਸਾਧਨ ਅਪਨਾਉਣ ਤੇ ਨਜ਼ਰ ਰੱਖਣ।” ਪੰਜਾਬ ਦੇ ਪਾਣੀਆਂ ਬਾਰੇ ਫ਼ੈਸਲੇ ਕਰਦਿਆਂ ਪੰਜਾਬ ਦੀ ਆਵਾਜ਼ ਕਿਉਂ ਅਣਸੁਣੀ ਕੀਤੀ ਗਈ ? ਆਪਣੀ ਬੋਲੀ ਦੇ ਆਧਾਰ ਉੱਤੇ ਸੂਬਾ ਮੰਗਣ ਵਾਲਿਆਂ ਨੂੰ ਜੇਲ੍ਹਾਂ ਕਿਉਂ ਭਰਨੀਆਂ ਪਈਆਂ ? 1955 ਵਿੱਚ ਸ੍ਰੀ ਦਰਬਾਰ ਸਾਹਿਬ ਅੰਦਰ ਪੁਲੀਸ ਕਾਰਵਾਈ ਦੀ ਨੌਬਤ ਕਿਉਂ ਲਿਆਂਦੀ ਗਈ ? ਇਹ ਸਵਾਲ ਸਿੱਖਾਂ ਦੇ ਮਨਾਂ ਵਿੱਚ ਅੱਜ ਵੀ ਖੜ੍ਹੇ ਹਨ। ਇਹਨਾਂ ਦਾ ਜਵਾਬ ਖੋਖਲੇ ਭਰੋਸਿਆਂ ਨਾਲ ਨਹੀਂ ਮਿਲਣਾ। ਪੰਥਕ ਮੰਗਾਂ ਨੂੰ ਦੁਸ਼ਮਣੀ ਕਿਉਂ ਸਮਝਿਆ ਗਿਆ ? ਸਿੱਖ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਦੇਹਧਾਰੀ ਗੁਰੂਡੰਮ ਅਤੇ ਉਸ ਨੂੰ ਮਿਲਦੀ ਸਿਆਸੀ ਸਰਪ੍ਰਸਤੀ ਬਾਰੇ ਪੰਥ ਦੇ ਇਤਰਾਜ਼ਾਂ ਨੂੰ ਅਣਗੌਲਿਆ ਕੀਤਾ ਗਿਆ। 13 ਅਪ੍ਰੈਲ 1978 ਦੇ ਖ਼ੂਨੀ ਸਾਕੇ ਨੇ ਸਿੱਖ ਮਨਾਂ ਨੂੰ ਡੂੰਘੀ ਸੱਟ ਮਾਰੀ। ਇਨਸਾਫ਼ ਦੀ ਮੰਗ ਅਤੇ ਪੰਥਕ ਹੱਕਾਂ ਲਈ ਉੱਠੀ ਆਵਾਜ਼ ਹੋਰ ਤਿੱਖੀ ਹੋਈ।

ਅਨੰਦਪੁਰ ਸਾਹਿਬ ਦੇ ਮਤੇ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਚੱਲੇ ਧਰਮ ਯੁੱਧ ਮੋਰਚੇ ਨੂੰ ਸਮਝਣ ਦੀ ਥਾਂ ਬਦਨਾਮ ਕੀਤਾ ਗਿਆ। ਪੰਜਾਬ ਲਈ ਵੱਧ ਅਧਿਕਾਰ ਮੰਗਣਾ, ਆਪਣੇ ਪਾਣੀਆਂ ਦੀ ਰਾਖੀ ਕਰਨੀ ਅਤੇ ਆਪਣੀ ਧਾਰਮਿਕ ਪਛਾਣ ਉੱਤੇ ਪਹਿਰਾ ਦੇਣਾ ਗੁਨਾਹ ਕਿਵੇਂ ਹੋ ਗਿਆ ? ਹਾਕਮਾਂ ਨੇ ਮਸਲੇ ਹੱਲ ਕਰਨ ਦੀ ਥਾਂ ਟਕਰਾਅ ਵਧਾਇਆ ਅਤੇ ਉਸ ਦੀ ਕੀਮਤ ਪੰਜਾਬ ਦੇ ਲੋਕਾਂ ਨੇ ਤਾਰੀ। ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਫ਼ੌਜ ਦਾ ਹਮਲਾ ਸਿੱਖ ਕੌਮ ਦੀ ਰੂਹ ਉੱਤੇ ਵਾਰ ਸੀ। ਫਿਰ ਨਵੰਬਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਇਹਨਾਂ ਘਟਨਾਵਾਂ ਨੇ ਹਾਕਮਾਂ ਦੇ ਭਰੋਸਿਆਂ ਅਤੇ ਸਿੱਖਾਂ ਨਾਲ ਵਰਤੇ ਅਮਲ ਵਿਚਲਾ ਫ਼ਰਕ ਜੱਗ ਸਾਹਮਣੇ ਰੱਖ ਦਿੱਤਾ। ਸਿੱਖ ਕੌਮ ਇਹ ਹਿਸਾਬ ਮੰਗਦੀ ਰਹੇਗੀ। ਜਿਨ੍ਹਾਂ ਨੇ ਹੁਕਮ ਦਿੱਤੇ, ਜਿਨ੍ਹਾਂ ਨੇ ਜ਼ੁਲਮ ਕੀਤਾ ਅਤੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਬਚਾਇਆ, ਉਹਨਾਂ ਦੀ ਜਵਾਬਦੇਹੀ ਬਣਦੀ ਹੈ। ਕਿਸੇ ਪਾਰਟੀ ਦਾ ਝੰਡਾ ਜਾਂ ਕਿਸੇ ਆਗੂ ਦਾ ਅਹੁਦਾ ਉਸ ਨੂੰ ਇਸ ਜਵਾਬਦੇਹੀ ਤੋਂ ਬਚਾ ਨਹੀਂ ਸਕਦਾ। ਜੂਨ 1984 ਦੇ ਕੌਮੀ ਜ਼ਖ਼ਮ ਅੱਜ ਵੀ ਹਰੇ ਹਨ। ਪੰਥ ਦੀਆਂ ਕੁਰਬਾਨੀਆਂ ਸਿਰਫ਼ ਸਮਾਗਮਾਂ ਵਿੱਚ ਸੁਣਾਉਣ ਲਈ ਨਹੀਂ ਬਲਕਿ ਇਹ ਸਾਨੂੰ ਆਪਣੀ ਕੌਮੀ ਪਛਾਣ, ਆਪਣੇ ਹੱਕਾਂ, ਪੰਥ ਅਤੇ ਪੰਜਾਬ ਨੂੰ ਅਜ਼ਾਦ ਕਰਵਾਉਣ ਅਤੇ ਆਪਣੇ ਗੁਰਧਾਮਾਂ ਦੇ ਸਤਿਕਾਰ ਲਈ ਡਟਣ ਦੇ ਫਰਜ਼ ਸਿਖਾਉਂਦੀਆਂ ਹਨ। ਜਿਹੜੀ ਕੌਮ ਨੇ ਅਜ਼ਾਦੀ ਲਈ ਫ਼ਾਂਸੀਆਂ ਚੁੰਮੀਆਂ ਹੋਣ, ਉਸ ਨੂੰ ਆਪਣੇ ਹੱਕ ਲੈਣ ਲਈ ਕਿਸੇ ਹਾਕਮ ਦੀ ਮਿਹਰ ਦੀ ਲੋੜ ਨਹੀਂ। ਉਸ ਨੂੰ ਏਕਤਾ, ਸਪਸ਼ਟ ਪੰਥਕ ਸੋਚ ਅਤੇ ਆਪਣੇ ਇਤਿਹਾਸ ਨਾਲ ਵਫ਼ਾ ਦੀ ਲੋੜ ਹੈ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.