ਨਵੀਂ ਹੱਦਬੰਦੀ ਨਾਲ ਪੰਜਾਬ ਦੇ ਸਿਆਸੀ ਅਧਿਕਾਰ ਹੋ ਸਕਦੇ ਹਨ ਪ੍ਰਭਾਵਿਤ - ਸ. ਰਵੀਇੰਦਰ ਸਿੰਘ

ਨਵੀਂ ਹੱਦਬੰਦੀ ਨਾਲ ਪੰਜਾਬ ਦੇ ਸਿਆਸੀ ਅਧਿਕਾਰ ਹੋ ਸਕਦੇ ਹਨ ਪ੍ਰਭਾਵਿਤ - ਸ. ਰਵੀਇੰਦਰ ਸਿੰਘ

ਇਸ ਨੂੰ ਪਾਸ ਹੋ ਚੁੱਕੇ 'ਔਰਤ ਰਾਖਵਾਂਕਰਨ ਕਾਨੂੰਨ' ਨਾਲ ਜੋੜਨਾ ਬੇਮਤਲਬ।

ਚੰਡੀਗੜ੍ਹ, 27 ਨਵੰਬਰ , ਮੰਗਤ ਸਿੰਘ ਸੈਦਪੁਰ

ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੱਦਬੰਦੀ (Delimitation) ਦੇ ਮੁੱਦੇ 'ਤੇ ਅਪਣਾਈ ਜਾ ਰਹੀ ਨੀਤੀ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਿੱਤਾਂ, ਸੰਘੀ ਅਧਿਕਾਰਾਂ ਅਤੇ ਰਾਜਨੀਤਕ ਨੁਮਾਇੰਦਗੀ ਦੀ ਰਾਖੀ ਲਈ ਵਚਨਬੱਧ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਿਆਸੀ ਗੱਠਜੋੜ ਕਰਨ ਵਾਲੇ ਅਕਾਲੀ ਦਲ ਬਾਦਲ ਨੂੰ ਵੀ ਸਭ ਤੋਂ ਪਹਿਲਾਂ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਸ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਹਿੱਤਾਂ ਦੀ ਸੁਰੱਖਿਆ ਸਬੰਧੀ ਕੋਈ ਲਿਖਤੀ ਭਰੋਸਾ ਲਿਆ ਹੈ? ਜੇਕਰ ਅਜਿਹਾ ਕੋਈ ਸਮਝੌਤਾ ਹੋਇਆ ਹੈ ਤਾਂ ਉਸ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਜਨਤਕ ਕੀਤਾ ਜਾਵੇ, ਕਿਉਂਕਿ ਸਿਰਫ਼ ਸਿਆਸੀ ਸਟੇਜਾਂ ਤੋਂ ਦਿੱਤੇ ਗਏ ਜ਼ੁਬਾਨੀ ਭਰੋਸੇ ਪੰਜਾਬ ਦੇ ਭਵਿੱਖ ਦੀ ਸੁਰੱਖਿਆ ਲਈ ਕਾਫ਼ੀ ਨਹੀਂ ਹਨ। ਸ. ਰਵੀਇੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਹੱਦਬੰਦੀ ਸਿਰਫ਼ ਚੋਣ ਹਲਕਿਆਂ ਦੀ ਗਿਣਤੀ ਦਾ ਮਾਮਲਾ ਨਹੀਂ ਹੈ, ਸਗੋਂ ਇਹ ਪੰਜਾਬ ਦੀ ਭਵਿੱਖੀ ਰਾਜਨੀਤਕ ਤਾਕਤ, ਸੰਸਦੀ ਨੁਮਾਇੰਦਗੀ ਅਤੇ ਦੇਸ਼ ਦੇ ਸੰਘੀ ਢਾਂਚੇ ਵਿੱਚ ਸੂਬੇ ਦੀ ਆਵਾਜ਼ ਨਾਲ ਜੁੜਿਆ ਬੇਹੱਦ ਸੰਵੇਦਨਸ਼ੀਲ ਮਸਲਾ ਹੈ। ਪੰਜਾਬ ਨੇ ਦੇਸ਼ ਦੀ ਸੁਰੱਖਿਆ, ਅਨਾਜ ਭੰਡਾਰ ਭਰਨ ਅਤੇ ਕੌਮੀ ਏਕਤਾ ਲਈ ਇਤਿਹਾਸਕ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਪੰਜਾਬ ਦੀ ਰਾਜਨੀਤਕ ਨੁਮਾਇੰਦਗੀ ਨੂੰ ਕਿਸੇ ਵੀ ਕੀਮਤ 'ਤੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕੇਂਦਰ ਸਰਕਾਰ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਆਬਾਦੀ ਦੇ ਆਧਾਰ 'ਤੇ ਹੱਦਬੰਦੀ ਦੀ ਪ੍ਰਕਿਰਿਆ ਅੱਗੇ ਵਧਾਈ ਜਾਂਦੀ ਹੈ, ਤਾਂ ਕੀ ਪੰਜਾਬ ਵਰਗੇ ਸੂਬੇ, ਜਿਨ੍ਹਾਂ ਨੇ ਕੌਮੀ ਨੀਤੀਆਂ ਅਨੁਸਾਰ ਆਬਾਦੀ ਕੰਟਰੋਲ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਦੀ ਸੰਸਦੀ ਨੁਮਾਇੰਦਗੀ ਘਟ ਨਹੀਂ ਜਾਵੇਗੀ? ਕੀ ਭਾਜਪਾ ਇਸ ਗੱਲ ਦੀ ਗਾਰੰਟੀ ਦੇ ਸਕਦੀ ਹੈ ਕਿ ਪੰਜਾਬ ਨਾਲ ਕੋਈ ਰਾਜਨੀਤਕ ਜਾਂ ਸੰਵਿਧਾਨਕ ਵਿਤਕਰਾ ਨਹੀਂ ਹੋਵੇਗਾ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਰਫ਼ ਚੋਣ ਗੱਠਜੋੜਾਂ ਤੱਕ ਸੀਮਤ ਨਾ ਰਹਿ ਕੇ ਪੰਜਾਬ ਦੇ ਦਰਿਆਈ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਅਤੇ ਸੰਘੀ ਅਧਿਕਾਰਾਂ ਵਰਗੇ ਬੁਨਿਆਦੀ ਮੁੱਦਿਆਂ 'ਤੇ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਹੱਦਬੰਦੀ ਦੀ ਪ੍ਰਕਿਰਿਆ ਨੂੰ 'ਨਾਰੀ ਸ਼ਕਤੀ ਵੰਦਨ ਅਧਿਨਿਯਮ' (ਔਰਤ ਰਾਖਵਾਂਕਰਨ ਕਾਨੂੰਨ) ਨਾਲ ਜੋੜਨਾ ਇੱਕ ਸਿਆਸੀ ਚਾਲ ਹੈ। ਵਿਰੋਧੀ ਧਿਰ ਨੇ ਸਾਲ 2023 ਵਿੱਚ ਹੀ ਸੰਸਦ ਵਿੱਚ ਇਸ ਬਿੱਲ ਦਾ ਸਮਰਥਨ ਕਰਕੇ ਇਸ ਨੂੰ ਪਾਸ ਕਰਵਾ ਦਿੱਤਾ ਸੀ। ਜ਼ਿਆਦਾਤਰ ਸਿਆਸੀ ਪਾਰਟੀਆਂ ਦੀ ਮੰਗ ਹੈ ਕਿ ਸੰਸਦ ਵੱਲੋਂ ਪਾਸ ਕੀਤੇ ਜਾ ਚੁੱਕੇ ਇਸ ਕਾਨੂੰਨ ਨੂੰ ਤੁਰੰਤ ਲਾਗੂ ਕੀਤਾ ਜਾਵੇ। ਪਰ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਹੱਦਬੰਦੀ ਦੇ ਵਿਵਾਦਪੂਰਨ ਪ੍ਰਸਤਾਵ ਨੂੰ ਔਰਤਾਂ ਦੇ ਰਾਖਵੇਂਕਰਨ ਨਾਲ ਜੋੜ ਕੇ ਇਸ ਨੂੰ ਲਾਗੂ ਕਰਨ ਵਿੱਚ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ ਹੋਇਆ ਹੈ। ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਸੰਘੀ ਢਾਂਚੇ (Federalism) ਦੀ ਮਜ਼ਬੂਤੀ ਲਈ ਮੋਦੀ ਸਰਕਾਰ ਨੂੰ ਹੱਦਬੰਦੀ ਦੀ ਪ੍ਰਕਿਰਿਆ ਨੂੰ ਔਰਤ ਸਸ਼ਕਤੀਕਰਨ ਕਾਨੂੰਨ ਨਾਲੋਂ ਵੱਖ ਰੱਖਣਾ ਚਾਹੀਦਾ ਹੈ ਅਤੇ ਮੌਜੂਦਾ ਸੰਸਦੀ ਸੀਟਾਂ ਵਿੱਚ ਛੇੜਛਾੜ ਕੀਤੇ ਬਿਨਾਂ 'ਨਾਰੀ ਸ਼ਕਤੀ ਅਧਿਨਿਯਮ' ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਸ. ਰਵੀਇੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲੀ ਹੱਦਬੰਦੀ ਦੀ ਪ੍ਰਕਿਰਿਆ ਦੌਰਾਨ ਸੂਬੇ ਦੇ ਹਿੱਤਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਇਸ ਮੁੱਦੇ 'ਤੇ ਇੱਕਜੁੱਟ ਹੋ ਕੇ ਆਵਾਜ਼ ਉਠਾਈ ਜਾਵੇ। ਉਨ੍ਹਾਂ ਅਕਾਲੀ ਦਲ ਬਾਦਲ ਨੂੰ ਵੀ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਸੰਸਦ ਵਿੱਚ ਹੱਦਬੰਦੀ ਨਾਲ ਸਬੰਧਤ ਪ੍ਰਸਤਾਵਾਂ 'ਤੇ ਉਨ੍ਹਾਂ ਦਾ ਕੀ ਰੁਖ਼ ਰਹੇਗਾ—ਕੀ ਉਹ ਇਨ੍ਹਾਂ ਦੀ ਹਮਾਇਤ ਕਰਨਗੇ ਜਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਠੋਸ ਸ਼ਰਤ ਰੱਖਣਗੇ? ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਹਿੱਤਾਂ ਨੂੰ ਕਿਸੇ ਵੀ ਸਿਆਸੀ ਗੱਠਜੋੜ ਜਾਂ ਸੱਤਾ ਦੀ ਰਾਜਨੀਤੀ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਵੇਗਾ। ਬਿਆਨ ਦੇ ਅਖੀਰ ਵਿੱਚ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੱਦਬੰਦੀ ਅਤੇ ਪੰਜਾਬ ਦੀ ਸੰਸਦੀ ਨੁਮਾਇੰਦਗੀ ਦੇ ਮੁੱਦੇ 'ਤੇ ਸਾਂਝੀ ਆਵਾਜ਼ ਬੁਲੰਦ ਕਰਨ, ਕਿਉਂਕਿ ਇਹ ਕਿਸੇ ਇੱਕ ਪਾਰਟੀ ਦਾ ਨਹੀਂ, ਸਗੋਂ ਪੂਰੇ ਪੰਜਾਬ ਦੇ ਭਵਿੱਖ ਦਾ ਸਵਾਲ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.