ਪੰਜਾਬ ਬੰਦ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ਾਮ ਚੁਰਾਸੀ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਨਾਲ਼ ਹੋਈ ਸਰਕਾਰੀ ਧੱਕੇਸ਼ਾਹੀ

ਪੰਜਾਬ ਬੰਦ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼ਾਮ ਚੁਰਾਸੀ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਨਾਲ਼ ਹੋਈ ਸਰਕਾਰੀ ਧੱਕੇਸ਼ਾਹੀ

ਹੁਸ਼ਿਆਰਪੁਰ 16 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ - ਨਸ਼ਿਆਂ ਵਿਰੁੱਧ ਅਸਲੀ ਮੁਹਿੰਮ ਵਿੱਢਣ ਵਾਲ਼ੇ ਪੰਜਾਬ ਦੇ ਯੋਧੇ ਪਰਵਿੰਦਰ ਸਿੰਘ ਝੋਟੇ ਨੂੰ ਦਿਨ ਦਿਹਾੜੇ ਸ਼ਰ੍ਹੇਆਮ ਨਸ਼ਿਆਂ ਦੇ ਸੌਦਾਗਰ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਸਮੂਹ ਧਿਰਾਂ ਦੀ ਸਹਿਮਤੀ ਨਾਲ਼ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਨੇਪਰੇ ਚਾੜ੍ਹਨ ਲਈ ਜਿੱਥੇ ਪੰਜਾਬ ਦੀਆਂ ਵੱਖ ਵੱਖ ਧਿਰਾਂ ਅਤੇ ਜਥੇਬੰਦੀਆਂ ਨੇ ਅਹਿਮ ਰੋਲ ਅਦਾ ਕੀਤਾ ਉੱਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਵੀ ਪੂਰਾ ਸਮਰਥਨ ਦਿੱਤਾ ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੱਜਣ ਦੀ ਅਗਵਾਈ ਹੇਠ ਵੀ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਮਾਰਚ ਕੀਤਾ ਇਹ ਮਾਰਚ ਹੁਸ਼ਿਆਰਪੁਰ ਦੇ ਗੁਰਦੁਆਰਾ ਕਲਗੀਧਰ ਸਾਹਿਬ, ਨਜ਼ਦੀਕ ਰੋਸ਼ਨ ਗਰਾਊਂਡ ਤੋਂ ਹੁੰਦਾ ਹੋਇਆ ਵੱਖ ਵੱਖ ਥਾਂਵਾਂ 'ਤੇ ਪ੍ਰਦਰਸ਼ਨ ਕਰਦਿਆਂ ਜਦੋਂ ਨਸਰਾਲੇ ਪਹੁੰਚਿਆ ਤਾਂ ਉੱਥੇ ਸ਼ਾਂਤਮਈ ਤਰੀਕੇ ਨਾਲ਼ ਉਹ ਹਾਜ਼ਰ ਲੋਕਾਂ ਦੇ ਨਾਲ਼ ਵਿਚਾਰ ਵਟਾਂਦਰਾ ਕਰ ਰਹੇ ਸਨ। ਭਾਈ ਸੱਜਣ ਨੇ ਆਖਿਆ ਕਿ ਉਹ ਉੱਥੇ ਮੀਡੀਆ ਨੂੰ ਮੁਖ਼ਾਤਿਬ ਹੋ ਰਹੇ ਸਨ ਤਾਂ ਐਨ ਉਸੇ ਵਕਤ ਵੱਡੀ ਗਿਣਤੀ 'ਚ ਹਾਜ਼ਰ ਪੁਲਿਸ ਨੇ ਧਰਨਾਕਾਰੀਆਂ ਨੂੰ ਖਦੇੜਨ ਲਈ ਹੱਲਾ ਬੋਲ ਦਿੱਤਾ। ਪੁਲਿਸ ਨੇ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨਾਲ਼ ਖਿੱਚਧੂਹ ਕੀਤੀ ਗਈ। ਭਾਈ ਸੱਜਣ ਨੂੰ ਵੀ ਜ਼ਿੰਮੇਵਾਰ ਵੱਡੇ ਅਧਿਕਾਰੀਆਂ ਨੇ ਪੁਲਿਸ ਪਾਰਟੀ ਸਮੇਤ ਘੇਰਾ ਪਾਇਆ ਅਤੇ ਇਸ ਗੱਲ ਦਾ ਵੀ ਖ਼ਿਆਲ ਨਹੀਂ ਕੀਤਾ ਕਿ ਉਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੀ ਪਾਰਟੀ ਦੇ ਇੱਕ ਜ਼ਿੰਮੇਵਾਰ ਆਗੂ ਹਨ। ਭਾਈ ਭੁਪਿੰਦਰ ਸਿੰਘ ਸੱਜਣ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ਼ ਕਈ ਪੁਲਿਸ ਵਾਲ਼ਿਆਂ ਨੇ ਖਿੱਚਧੂਹ ਕਰਦਿਆਂ ਜ਼ਬਰਦਸਤੀ ਗੱਡੀ 'ਚ ਸੁੱਟਿਆ ਅਤੇ ਕਈ ਘੰਟੇ ਨਸਰਾਲਾ ਚੌਂਕੀ ਵਿੱਚ ਬਿਠਾਈ ਰੱਖਿਆ। ਭਾਈ ਸੱਜਣ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਢੇ ਕੁ ਤਿੰਨ ਵਜੇ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਚੌਂਕੀ ਵਿੱਚ ਪੁਲਿਸ ਵਾਲ਼ਿਆਂ ਦਾ ਉਨ੍ਹਾਂ ਪ੍ਰਤੀ ਰਵੱਈਆ ਬਹੁਤ ਵਧੀਆ ਸੀ। ਭਾਈ ਸੱਜਣ ਨੇ ਸਮੇਂ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਤੋਂ ਅੱਕੇ ਹੋਏ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦੇਣ ਦੇ ਲਈ ਕਾਹਲ਼ੇ ਹਨ ਅਤੇ ਪੰਜਾਬ ਦੇ ਲੋਕ, ਪੰਜਾਬ ਦੇ ਅਸਲ ਵਾਰਸਾਂ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਏ ਪਏ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.