ਖ਼ਾਲਸਾ ਯੂਨੀਵਰਸਿਟੀ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਕਰਵਾਇਆ ਜਾਵੇਗਾ ਮਿਲਟਰੀ ਲਿਟਰੇਚਰ ਫੈਸਟੀਵਲ ਅੰਮ੍ਰਿਤਸਰ

ਖ਼ਾਲਸਾ ਯੂਨੀਵਰਸਿਟੀ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਕਰਵਾਇਆ ਜਾਵੇਗਾ ਮਿਲਟਰੀ ਲਿਟਰੇਚਰ ਫੈਸਟੀਵਲ ਅੰਮ੍ਰਿਤਸਰ

ਲੈਫਟੀਨੈਂਟ ਜਨਰਲ (ਡਾ.) ਜੇ.ਐੱਸ. ਚੀਮਾ ਵੱਲੋਂ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਅੰਮ੍ਰਿਤਸਰ-2026 ਵਿੱਚ ਸ਼ਾਮਲ ਹੋਣ ਦੀ ਅਪੀਲ

ਅੰਮ੍ਰਿਤਸਰ - ਸੁਰਜੀਤ ਸਿੰਘ ਖਾਲਸਾ

ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਖੇ ਪਹਿਲਾ ਮਿਲਟਰੀ ਲਿਟਰੇਚਰ ਫੈਸਟੀਵਲ ਅੰਮ੍ਰਿਤਸਰ-2026 ਕਰਵਾਇਆ ਜਾ ਰਿਹਾ ਹੈ। ਇਹ ਫੈਸਟੀਵਲ 31 ਅਗਸਤ ਅਤੇ 1 ਸਤੰਬਰ 2026 ਨੂੰ ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਜਨਰਲ (ਡਾ.) ਜੇ.ਐੱਸ. ਚੀਮਾ ਪੀ.ਵੀ.ਐੱਸ.ਐੱਮ., ਏ.ਵੀ.ਐੱਸ. ਐੱਮ. , ਵੀ.ਐੱਸ.ਐੱਮ. ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦੇਸ਼ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ਨੂੰ ਦੇਸ਼ ਦੀ ਸੁਰੱਖਿਆ, ਸੈਨਿਕ ਇਤਿਹਾਸ, ਜੰਗੀ ਰਣਨੀਤੀਆਂ ਅਤੇ ਭਾਰਤੀ ਸਸ਼ਸਤਰ ਸੈਨਾਵਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨਾਲ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਨਾਲ ਜੁੜੇ ਮਹੱਤਵਪੂਰਨ ਸੈਨਿਕ ਇਤਿਹਾਸ ਨੂੰ ਵੀ ਇਸ ਫੈਸਟੀਵਲ ਦੌਰਾਨ ਉਜਾਗਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਸਵੇਰੇ 10:00 ਵਜੇ ਤੋਂ 11:30 ਵਜੇ ਤੱਕ “ਪੱਛਮੀ ਏਸ਼ੀਆ ਵਿੱਚ ਅਸ਼ਾਂਤੀ ਅਤੇ ਭਾਰਤ ਦੇ ਹਿੱਤ” ਵਿਸ਼ੇ ’ਤੇ ਵਿਚਾਰ-ਚਰਚਾ ਹੋਵੇਗੀ, ਜਦਕਿ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ “ਜਲ੍ਹਿਆਂਵਾਲਾ ਬਾਗ਼ ਕਤਲੇਆਮ – ਕੌੜੀ ਵਿਰਾਸਤ: ਖ਼ੂਨੀ ਬਸੰਤ” ਵਿਸ਼ੇ ’ਤੇ ਸੈਸ਼ਨ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ 1 ਸਤੰਬਰ ਨੂੰ ਸਵੇਰੇ 10:00 ਵਜੇ ਤੋਂ 11:30 ਵਜੇ ਤੱਕ “1965 ਦੀ ਭਾਰਤ-ਪਾਕਿਸਤਾਨ ਜੰਗ – ਅੰਮ੍ਰਿਤਸਰ ਖੇਤਰ ਵਿੱਚ ਸੈਨਿਕ ਕਾਰਵਾਈਆਂ” ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਹੋਵੇਗਾ। ਇਸ ਸੈਸ਼ਨ ਦੌਰਾਨ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਅੰਮ੍ਰਿਤਸਰ ਸੈਕਟਰ ਵਿੱਚ ਹੋਈਆਂ ਸੈਨਿਕ ਕਾਰਵਾਈਆਂ ਅਤੇ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਲੈਫਟੀਨੈਂਟ ਜਨਰਲ (ਡਾ.) ਜੇ.ਐੱਸ. ਚੀਮਾ ਨੇ ਅੱਗੇ ਦੱਸਿਆ ਕਿ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ, ਪੀ.ਵੀ.ਐੱਸ.ਐੱਮ., ਪੀ.ਐੱਚ.ਡੀ. (ਸੇਵਾਮੁਕਤ) ਵੀ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।
ਡਾ. ਚੀਮਾ ਨੇ ਵਿਦਿਆਰਥੀਆਂ, ਨੌਜਵਾਨਾਂ ਅਤੇ ਇਤਿਹਾਸ ਤੇ ਸੈਨਿਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਸੁਰੱਖਿਆ ਅਤੇ ਸੈਨਿਕ ਇਤਿਹਾਸ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.