ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਨੂੰ ਪੱਤਰ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਨੂੰ ਪੱਤਰ

ਸ੍ਰੀ ਅੰਮ੍ਰਿਤਸਰ, 25 ਸਤੰਬਰ: ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੰਭਾਲ ਯਕੀਨੀ ਬਣਾਉਣ ਲਈ ਆਖਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ‘ਲਾਲ ਖੂਹ, ਕੱਟੜੀ ਚੰਦੂ’ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੂੰ ਲਿਖੇ ਪੱਤਰ, ਜਿਸ ਨਾਲ ਪੰਜਾਬ ਸਰਕਾਰ ਦੇ ਪ੍ਰੋਵਿੰਸ਼ੀਅਲ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਤ ਕੀਤਾ ਗਿਆ ਹੈ, ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ ਹੈ, ਜਿਸ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਲਾਹੌਰ ਸਿੱਖ ਇਤਿਹਾਸ ਲਈ ਕੋਈ ਦੂਰਲਾ ਜਾਂ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਗੁਰਸਿੱਖ ਪਰੰਪਰਾ ਦੇ ਅਨੇਕਾਂ ਅਧਿਆਇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਹਨ। ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਹਨ ਜਾਂ ਆਪਣੀ ਪਹਿਲੀ ਸਥਿਤੀ ਵਿੱਚ ਨਹੀਂ ਰਹੀਆਂ। ਇਸ ਲਈ ਅੱਜ ਵੀ ਮੌਜੂਦ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।

ਜਥੇਦਾਰ ਗੜਗੱਜ ਨੇ ਲਹਿੰਦੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਪਾਕਿਸਤਾਨ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਕਿਹਾ ਕਿ ਇਹ ਕਾਰਜ ਉਸੇ ਭਾਵਨਾ ਨਾਲ ਮੁਕੰਮਲ ਕੀਤੇ ਜਾਣਗੇ, ਜਿਸ ਨਾਲ ਇਹ ਸ਼ੁਰੂ ਕੀਤੇ ਗਏ ਹਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਲਾਲ ਖੂਹ, ਕੱਟੜੀ ਚੰਦੂ ਨਾਲ ਸਬੰਧਤ ਮਾਮਲਾ ਸਿੱਖ ਸੰਗਤ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਦੇ ਆਲੇ-ਦੁਆਲੇ ਉਸਾਰੀ ਸਬੰਧੀ ਕਾਰਵਾਈ ਹੋਣ ਦੀਆਂ ਚਿੰਤਾਵਾਂ ਸਾਹਮਣੇ ਆਈਆਂ ਹਨ, ਜੋ ਸਿੱਖਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ, ਉਨ੍ਹਾਂ ਕਿਸੇ ਅਨੁਮਾਨ ਦੀ ਬਜਾਏ ਇਸ ਮਾਮਲੇ ਦੀ ਅਧਿਕਾਰਤ ਤੱਥਾਂ ’ਤੇ ਆਧਾਰਿਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜਥੇਦਾਰ ਗੜਗੱਜ ਵੱਲੋਂ ਪਾਕਿਸਤਾਨ ਪੰਜਾਬ ਸਰਕਾਰ ਨੂੰ ਸੁਝਾਅ ਦਿੱਤੇ ਗਏ ਹਨ ਕਿ ਲਾਹੌਰ ਵਿੱਚ ਲਾਲ ਖੂਹ, ਕੱਟੜੀ ਚੰਦੂ ਸਥਾਨ ਦੀ ਮੌਜੂਦਾ ਸਥਿਤੀ ਦੀ ਤੁਰੰਤ ਜਾਂਚ ਕਰਵਾਈ ਜਾਵੇ। ਜੇਕਰ ਸਥਾਨ ’ਤੇ ਕਿਸੇ ਤਰ੍ਹਾਂ ਦੀ ਉਸਾਰੀ ਜਾਂ ਤਬਦੀਲੀ ਦੀ ਕਾਰਵਾਈ ਚੱਲ ਰਹੀ ਹੈ ਤਾਂ ਜਾਂਚ ਮੁਕੰਮਲ ਹੋਣ ਤੱਕ ਉਸ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ, ਪੁਰਾਤੱਤਵ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਮਾਹਰਾਂ ਰਾਹੀਂ ਸਥਾਨ ਦੀ ਇਤਿਹਾਸਕ ਅਤੇ ਵਿਰਾਸਤੀ ਮਹੱਤਤਾ ਦੀ ਪੜਤਾਲ ਕਰਵਾਈ ਜਾਵੇ। ਜਾਂਚ ਪ੍ਰਕਿਰਿਆ ਵਿੱਚ ਸਿੱਖ ਇਤਿਹਾਸ ਦੇ ਮਾਹਰਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਜੇਕਰ ਜਾਂਚ ਦੌਰਾਨ ਸਥਾਨ ਦੀ ਇਤਿਹਾਸਕ ਮਹੱਤਤਾ ਸਾਬਤ ਹੁੰਦੀ ਹੈ ਤਾਂ ਇਸ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਵਿਰਾਸਤੀ ਸਥਾਨ ਵਜੋਂ ਦਰਜ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ, ਇਤਿਹਾਸਕ ਮਹੱਤਤਾ, ਮਲਕੀਅਤ ਅਤੇ ਕਾਨੂੰਨੀ ਸਥਿਤੀ ਦਾ ਰਿਕਾਰਡ ਤਿਆਰ ਕੀਤਾ ਜਾਵੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਕਿਸੇ ਇਤਿਹਾਸਕ ਸਥਾਨ ਦੀ ਅੱਜ ਸਿਰਫ਼ ਇੱਕ ਨਿੱਕੀ ਜਿਹੀ ਨਿਸ਼ਾਨੀ ਹੀ ਬਚੀ ਹੈ ਤਾਂ ਉਸ ਦੀ ਕੀਮਤ ਕੇਵਲ ਉਸ ਦੀ ਭੌਤਿਕ ਸ਼ਕਲ ਦੇ ਆਧਾਰ ’ਤੇ ਨਹੀਂ, ਸਗੋਂ ਉਸ ਨਾਲ ਜੁੜੀ ਇਤਿਹਾਸਕ ਯਾਦ ਦੇ ਆਧਾਰ ’ਤੇ ਵੀ ਦੇਖੀ ਜਾਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਕਿਸਤਾਨ ਪੰਜਾਬ ਸਰਕਾਰ, ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਵਿਰਾਸਤ ਦੀ ਸੰਭਾਲ ਦੇ ਨਜ਼ਰੀਏ ਤੋਂ ਦੇਖਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦੀ ਜਾਣਕਾਰੀ ਸਿੱਖ ਸੰਗਤ ਅਤੇ ਸਿੱਖ ਸੰਸਥਾਵਾਂ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇੱਛਾ ਹੈ ਕਿ ਲਾਹੌਰ ਦੀ ਧਰਤੀ ਉੱਤੇ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਜਿਹੜੀਆਂ ਵੀ ਇਤਿਹਾਸਕ ਨਿਸ਼ਾਨੀਆਂ ਬਚੀਆਂ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰਹਿਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸ ਪ੍ਰਗਟਾਈ ਕਿ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜੀ ਜਾਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.