ਅਧਿਆਪਕਾਂ ਤੋਂ 65 ਕਿਸਮ ਦੇ ਗੈਰ-ਵਿੱਦਿਅਕ ਕੰਮ ਲੈਣਾ ਸਿੱਖਿਆ ਪ੍ਰਣਾਲੀ ਨਾਲ ਖਿਲਵਾੜ — ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਅਧਿਆਪਕਾਂ ਤੋਂ 65 ਕਿਸਮ ਦੇ ਗੈਰ-ਵਿੱਦਿਅਕ ਕੰਮ ਲੈਣਾ ਸਿੱਖਿਆ ਪ੍ਰਣਾਲੀ ਨਾਲ ਖਿਲਵਾੜ — ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਅੱਪਰਾ,5 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਲਗਾਤਾਰ ਲਏ ਜਾ ਰਹੇ ਗੈਰ-ਵਿੱਦਿਅਕ ਕੰਮਾਂ ’ਤੇ ਸਖ਼ਤ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਹਰ ਤਰ੍ਹਾਂ ਦੇ ਸਰਵੇਖਣਾਂ, ਡਾਟਾ ਇਕੱਠਾ ਕਰਨ, ਦਫ਼ਤਰੀ ਕੰਮਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝਾਇਆ ਜਾ ਰਿਹਾ ਹੈ।
ਯੂਨੀਅਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅੱਖਾਂ ਦੀ ਜਾਂਚ, ਆਇਰਨ/ਐਲਬੈਂਡਾਜ਼ੋਲ ਗੋਲੀਆਂ, ਹੈਲਥ ਚੈੱਕਅੱਪ, ਖੇਡਾਂ, ਕਿਚਨ ਗਾਰਡਨ, ਈਕੋ ਕਲੱਬ, SMC, ਗੁਟਕਾ/ਵੱਖ-ਵੱਖ ਵੰਡ ਕਾਰਜ, ਪੌਦਿਆਂ ਦੀਆਂ ਫੋਟੋਆਂ, MDM, ਚੋਣਾਂ, BLO ਡਿਊਟੀ, APAAR ID, ABHA ID, UDISE, Green School Programme, Shala Siddhi, Veer Gatha, ਵਰਦੀਆਂ, ਵਜ਼ੀਫ਼ੇ, Graduation Ceremony, ਬਾਲ ਮੇਲੇ, Mother Workshop, PTM, ਦਿਵਸ ਮਨਾਉਣ, Building Construction, ਮਿਸ਼ਨ ਸਮਰੱਥ, ਆਂਗਣਵਾੜੀ ਡਾਟਾ, Aadhaar Update, Bank Account, ਵਿਦਿਆਰਥੀ ਟੂਰ, ਵੱਖ-ਵੱਖ ਮੀਟਿੰਗਾਂ, ਸਕੂਲ ਦੀ ਸਫ਼ਾਈ, ਸਿੱਖਿਆ ਕੁੰਡੀ, ਪਾਣੀ ਦੇ ਸੈਂਪਲ, ਜਨਗਣਨਾ, NILP, M-Star, ਫੋਟੋਗ੍ਰਾਫੀ, Social Audit, Audit, CWSN Survey ਆਦਿ ਵਰਗੇ ਅਨੇਕਾਂ ਕੰਮ ਅਧਿਆਪਕਾਂ ਦੇ ਸਿਰ ਮੜ੍ਹੇ ਜਾ ਰਹੇ ਹਨ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣਾ, ਉਨ੍ਹਾਂ ਦੀ ਸਿੱਖਣ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਅਤੇ ਸਕੂਲ ਵਿੱਚ ਅਕਾਦਮਿਕ ਮਾਹੌਲ ਸਿਰਜਣਾ ਹੈ। ਪਰ ਗੈਰ-ਵਿੱਦਿਅਕ ਕੰਮਾਂ ਦੀ ਲਗਾਤਾਰ ਵਧ ਰਹੀ ਸੂਚੀ ਕਾਰਨ ਅਧਿਆਪਕਾਂ ਦਾ ਕੀਮਤੀ ਸਮਾਂ ਵਿਦਿਆਰਥੀਆਂ ਦੀ ਬਜਾਏ ਪੋਰਟਲਾਂ, ਐਪਾਂ, ਸਰਵੇਖਣਾਂ, ਰਿਪੋਰਟਾਂ ਅਤੇ ਦਫ਼ਤਰੀ ਕਾਰਵਾਈਆਂ ਵਿੱਚ ਲੱਗ ਰਿਹਾ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਪੜ੍ਹਾਈ ਤੋਂ ਦੂਰ ਕਰਕੇ ਹਰ ਵਿਭਾਗ ਦਾ ਕਰਮਚਾਰੀ ਬਣਾਇਆ ਜਾ ਰਿਹਾ ਹੈ। ਇਸ ਨਾਲ ਸਿੱਧਾ ਨੁਕਸਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ “ਅਧਿਆਪਕ ਅਧਿਆਪਨ ਲਈ ਹੈ, ਹਰ ਕੰਮ ਕਰਨ ਵਾਲਾ ਬਹੁ-ਮੰਤਵੀ ਕਰਮਚਾਰੀ ਨਹੀਂ।” ਜੇਕਰ ਸਰਕਾਰ ਸੱਚਮੁੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਤੋਂ ਤੁਰੰਤ ਮੁਕਤ ਕਰਕੇ ਉਨ੍ਹਾਂ ਦਾ ਪੂਰਾ ਸਮਾਂ ਕਲਾਸਰੂਮ ਅਤੇ ਵਿਦਿਆਰਥੀਆਂ ਲਈ ਯਕੀਨੀ ਬਣਾਇਆ ਜਾਵੇ।

ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ:
* ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਤੁਰੰਤ ਬੰਦ ਕਰਵਾਏ ਜਾਣ।
* ਸਰਵੇਖਣ, ਡਾਟਾ ਇਕੱਠਾ ਕਰਨ ਅਤੇ ਵਿਭਾਗੀ ਕੰਮਾਂ ਲਈ ਵੱਖਰਾ ਸਟਾਫ਼ ਤਾਇਨਾਤ ਕੀਤਾ ਜਾਵੇ।
* BLO, ਚੋਣਾਂ, ਜਨਗਣਨਾ ਅਤੇ ਹੋਰ ਗੈਰ-ਅਕਾਦਮਿਕ ਡਿਊਟੀਆਂ ਲਈ ਅਧਿਆਪਕਾਂ ਦੀ ਵਰਤੋਂ ਨਾ ਕੀਤੀ ਜਾਵੇ।
* ਵੱਖ-ਵੱਖ ਐਪਾਂ ਅਤੇ ਪੋਰਟਲਾਂ ’ਤੇ ਬੇਲੋੜਾ ਡਾਟਾ ਭਰਨ ਅਤੇ ਰਿਪੋਰਟਾਂ ਭੇਜਣ ਦਾ ਬੋਝ ਘਟਾਇਆ ਜਾਵੇ।
* ਅਧਿਆਪਕਾਂ ਨੂੰ “ਗੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕਰਕੇ ਕਲਾਸਰੂਮ ਵਿੱਚ ਵਾਪਸ ਲਿਆਂਦਾ ਜਾਵੇ।”

ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਦੇ ਬੋਝ ਤੋਂ ਮੁਕਤ ਨਾ ਕੀਤਾ ਗਿਆ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਸ ਮੁੱਦੇ ਨੂੰ ਵੱਡੇ ਪੱਧਰ ’ਤੇ ਉਠਾਉਂਦਿਆਂ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.