ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

ਕਈ ਲੋਕਾਂ ਦੀ ਸਾਰੀ ਕਾਰਗੁਜ਼ਾਰੀ ਹੀ ਦੂਜਿਆਂ ਦੀ ਨਿੰਦਾ ਉੱਤੇ ਟਿਕੀ ਹੁੰਦੀ ਹੈ। ਆਪਣੀ ਘਾਲਣਾ ਦੱਸਣ ਜੋਗੇ ਚਾਰ ਕੰਮ ਨਹੀਂ ਹੁੰਦੇ, ਪਰ ਦੂਜਿਆਂ ਦੀ ਉਮਰ ਭਰ ਦੀ ਕਮਾਈ ਉੱਤੇ ਲਕੀਰ ਫੇਰਨ ਤੁਰ ਪੈਂਦੇ ਹਨ। ਉਨ੍ਹਾਂ ਨੂੰ ਭੁਲੇਖਾ ਹੁੰਦਾ ਹੈ ਕਿ ਕਿਸੇ ਨੂੰ ਬਦਨਾਮ ਕਰਕੇ ਉਹ ਆਪ ਵੱਡੇ ਆਗੂ ਜਾਂ ਮਹਾਨ ਬਣ ਜਾਣਗੇ। ਪਰ ਨਿੰਦਾ ਨਾਲ ਕੱਦ ਨਹੀਂ ਵੱਧਦੇ, ਸੇਵਾ ਨਾਲ ਵੱਧਦੇ ਹਨ। ਮਨੁੱਖ ਨੂੰ ਉਸ ਦੀ ਸੇਵਾ, ਨਿਮਰਤਾ, ਸੱਚਾ ਆਚਰਨ ਅਤੇ ਆਤਮਿਕ ਗੁਣ ਵੱਡਾ ਬਣਾਉਂਦੇ ਹਨ। ਖ਼ਾਲੀ ਗੱਲਾਂ ਅਤੇ ਜ਼ਹਿਰ ਭਰੀ ਜ਼ੁਬਾਨ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀਆਂ।

ਕਈਆਂ ਨੇ ਹਾਲੇ ਸੇਵਾ ਦੀ ਪੰਡ ਨੂੰ ਹੱਥ ਹੀ ਲਾਇਆ ਹੁੰਦਾ ਹੈ ਕਿ ਹੰਕਾਰ ਨਾਲ ਧੌਣ ਆਕੜ ਜਾਂਦੀ ਹੈ। ਦੋ ਸਮਾਗਮਾਂ ਵਿੱਚ ਹਾਜ਼ਰੀ ਲਵਾ ਲਈ, ਚਾਰ ਤਸਵੀਰਾਂ ਖਿਚਵਾ ਲਈਆਂ ਅਤੇ ਆਪਣੇ ਆਪ ਨੂੰ ਪੰਥ ਦਾ ਠੇਕੇਦਾਰ ਸਮਝ ਬੈਠੇ। ਫਿਰ ਉਨ੍ਹਾਂ ਨੂੰ ਹੀ ਨਸੀਹਤਾਂ ਦੇਣ ਲੱਗ ਪੈਂਦੇ ਹਨ, ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਸੰਘਰਸ਼ ਵਿੱਚ ਗਾਲੀਆਂ, ਘਰਾਂ ਦੇ ਸੁੱਖ ਛੱਡੇ ਅਤੇ ਔਖੀਆਂ ਘੜੀਆਂ ਵਿੱਚ ਵੀ ਪੰਥ ਦਾ ਪੱਲਾ ਨਹੀਂ ਛੱਡਿਆ। ਪਹਿਲਾਂ ਉਨ੍ਹਾਂ ਦੇ ਪੈਰਾਂ ਦੇ ਛਾਲੇ ਅਤੇ ਸਰੀਰਾਂ ਉੱਤੇ ਤਸ਼ੱਦਦ ਦੇ ਨਿਸ਼ਾਨ ਤਾਂ ਵੇਖ ਲਵੋ, ਫਿਰ ਆਪਣੀ ਸਿਆਣਪ ਦਾ ਢੋਲ ਵਜਾਇਓ!

ਸੇਵਾ ਕਰਕੇ ਜੇ ਮਨ ਵਿੱਚ ਨਿਮਰਤਾ ਦੀ ਥਾਂ ਹੰਕਾਰ ਆ ਗਿਆ ਹੈ ਤਾਂ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਆਪਣੇ ਆਪ ਨੂੰ ਉੱਚਾ ਅਤੇ ਦੂਜਿਆਂ ਨੂੰ ਨੀਵਾਂ ਵਿਖਾਉਣਾ ਕਿਹੜੀ ਗੁਰਮੁਖਤਾਈ ਹੈ ? ਜਿਹੜਾ ਹਰ ਵੇਲੇ ਆਪਣੀਆਂ ਸੇਵਾਵਾਂ ਗਿਣਾਉਂਦਾ ਅਤੇ ਦੂਜਿਆਂ ਦੀ ਘਾਲਣਾ ਮਿੱਟੀ ਵਿੱਚ ਰੋਲਦਾ ਫਿਰੇ, ਉਹ ਪਹਿਲਾਂ ਆਪਣੇ ਮਨ ਦਾ ਹਿਸਾਬ ਕਰੇ। ਪੰਥ ਦੀ ਸੇਵਾ ਕਿਸੇ ਉੱਤੇ ਅਹਿਸਾਨ ਨਹੀਂ ਅਤੇ ਨਾ ਹੀ ਦੂਜਿਆਂ ਨੂੰ ਬੇਇੱਜ਼ਤ ਕਰਨ ਦਾ ਪਰਵਾਨਾ ਹੈ। 

ਨਿੰਦਕ ਦੀ ਬੇਚੈਨੀ ਓਦੋਂ ਹੋਰ ਵੱਧਦੀ ਹੈ, ਜਦੋਂ ਉਸ ਦੀਆਂ ਤੋਹਮਤਾਂ ਦੇ ਬਾਵਜੂਦ ਵੀ ਸੰਗਤ ਉਸੇ ਗੁਰੂ ਦੇ ਪਿਆਰੇ ਨੂੰ ਪਿਆਰ ਤੇ ਸਤਿਕਾਰ ਦਿੰਦੀ ਹੈ ਜਿਸ ਨੂੰ ਉਹ ਬਦਨਾਮ ਕਰ ਰਿਹਾ ਹੁੰਦਾ ਹੈ। ਫਿਰ ਨਿੰਦਕ ਸੋਚਦਾ ਹੈ ਕਿ ਮੇਰੇ ਐਨਾ ਬੋਲਣ ਮਗਰੋਂ ਵੀ ਲੋਕ ਇਸ ਨੂੰ ਵਡਿਆ ਕਿਉਂ ਰਹੇ ਨੇ ? ਉਸ ਨੂੰ ਭੁਲੇਖਾ ਹੁੰਦਾ ਹੈ ਕਿ ਉਸ ਦੀਆਂ ਗੱਲਾਂ ਸੁਣ ਕੇ ਲੋਕ ਦੂਜੇ ਦੀ ਸ਼ਖ਼ਸੀਅਤ ਨੂੰ ਰੱਦ ਕਰ ਦੇਣਗੇ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਉਹ ਹਰਬੜਾ ਜਾਂਦਾ ਹੈ। ਫਿਰ ਝੂਠੀਆਂ ਕਹਾਣੀਆਂ ਘੜਦਾ, ਅਧੂਰੀਆਂ ਗੱਲਾਂ ਫੈਲਾਉਂਦਾ ਅਤੇ ਬੋਲਾਂ ਦੇ ਅਰਥ ਵਿਗਾੜਦਾ ਹੈ। ਪਰ ਝੂਠ ਨੂੰ ਵਾਰ-ਵਾਰ ਦੁਹਰਾਉਣ ਨਾਲ ਉਹ ਸੱਚ ਨਹੀਂ ਬਣ ਜਾਂਦਾ।

ਸੰਗਤ ਜਾਣਦੀ ਹੁੰਦੀ ਹੈ ਕਿ ਔਖੇ ਵੇਲੇ ਮੈਦਾਨ ਵਿੱਚ ਕੌਣ ਖੜ੍ਹਿਆ ਸੀ ਅਤੇ ਦੂਰ ਬੈਠ ਕੇ ਨੁਕਸ ਕੌਣ ਕੱਢਦਾ ਰਿਹਾ। ਕਿਸੇ ਦੀ ਦਹਾਕਿਆਂ ਦੀ ਘਾਲਣਾ ਮਿਟਾਉਣ ਲਈ ਦੋ ਕੌੜੇ ਬੋਲ, ਅਖ਼ਬਾਰੀ ਬਿਆਨ ਅਤੇ ਸੋਸ਼ਲ ਮੀਡੀਆ ਦੀਆਂ ਚਾਰ ਪੋਸਟਾਂ-ਵੀਡੀਓਜ਼ ਕਾਫ਼ੀ ਨਹੀਂ ਹੁੰਦੀਆਂ। ਜਿਹੜੇ ਆਪ ਕੋਈ ਸਾਰਥਿਕ ਕੰਮ ਕਰਨ ਦੀ ਥਾਂ ਦੂਜਿਆਂ ਦੀ ਸਫ਼ਲਤਾ ਵੇਖ ਕੇ ਸੜਦੇ ਰਹਿੰਦੇ ਹਨ, ਉਨ੍ਹਾਂ ਦੀ ਈਰਖਾ ਉਨ੍ਹਾਂ ਦੇ ਬੋਲਾਂ ਵਿੱਚੋਂ ਹੀ ਝਲਕ ਪੈਂਦੀ ਹੈ।

ਗੁਰਬਾਣੀ ਦਾ ਫ਼ੁਰਮਾਨ ਹੈ: “ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨ ਕਉ ਖਰੀ ਪਿਆਰੀ॥”

ਗੁਰਮੁਖ ਮਨੁੱਖ ਨਿੰਦਾ ਸੁਣ ਕੇ ਵੀ ਆਪਣੇ ਮਨ ਵਿੱਚ ਵੈਰ ਨਹੀਂ ਪਾਲਦਾ। ਉਹ ਇਸ ਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਹਉਮੈ ਤੋਂ ਬਚਣ ਦਾ ਮੌਕਾ ਬਣਾਉਂਦਾ ਹੈ। ਦੂਜੇ ਪਾਸੇ ਨਿੰਦਕ, ਦੂਜਿਆਂ ਦੇ ਔਗੁਣ ਫਰੋਲਦਾ ਹੋਇਆ, ਆਪਣੇ ਮਨ ਉੱਤੇ ਈਰਖਾ ਤੇ ਨਫ਼ਰਤ ਦਾ ਭਾਰ ਚੜ੍ਹਾਉਂਦਾ ਰਹਿੰਦਾ ਹੈ। ਕਿਸੇ ਦੀ ਨਿੰਦਾ ਕਰਕੇ ਉਸ ਦੀ ਸੇਵਾ ਮਿਟਾਉਣ ਦੀ ਕੋਸ਼ਿਸ਼ ਵਿੱਚ ਉਹ ਆਪਣੀ ਸੋਚ, ਆਪਣਾ ਸਮਾਂ ਅਤੇ ਆਪਣੀ ਇੱਜ਼ਤ ਗੁਆ ਬੈਠਦਾ ਹੈ। 

ਸਿਆਣੇ ਅਤੇ ਸੂਝਵਾਨ ਲੋਕ ਹਰ ਤੋਹਮਤ ਦਾ ਜਵਾਬ ਦੇਣ ਵਿੱਚ ਆਪਣਾ ਸਮਾਂ ਨਹੀਂ ਗੁਆਉਂਦੇ। ਉਹ ਆਪਣੀ ਸੇਵਾ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਦ੍ਰਿੜ੍ਹ ਰਹਿ ਕੇ ਕੰਮ ਕਰਦੇ ਹਨ। ਉਨ੍ਹਾਂ ਨੂੰ ਗੁਰੂ ਦੀ ਬੇਅੰਤ ਸਮਰੱਥਾ ਉੱਤੇ ਭਰੋਸਾ ਹੁੰਦਾ ਹੈ ਅਤੇ ਇਹ ਵੀ ਪਤਾ ਹੁੰਦਾ ਹੈ ਕਿ ਸੰਗਤ ਉਨ੍ਹਾਂ ਦੀ ਘਾਲਣਾ ਤੋਂ ਜਾਣੂੰ ਹੈ। ਉਹ ਨਿੰਦਕ ਦੀ ਈਰਖਾ ਨੂੰ ਆਪਣੇ ਮਨ ਵਿੱਚ ਵੈਰ ਨਹੀਂ ਬਣਨ ਦਿੰਦੇ, ਸਗੋਂ ਉਸ ਦਾ ਵੀ ਭਲਾ ਮੰਗਦੇ ਹਨ।

ਜਿਨ੍ਹਾਂ ਨੂੰ ਵੱਡੇ ਬਣਨ ਦੀ ਕਾਹਲ ਹੈ, ਉਹ ਦੂਜਿਆਂ ਦੀਆਂ ਲੱਤਾਂ ਖਿੱਚਣੀਆਂ ਛੱਡ ਕੇ ਪੰਥ ਦੀ ਸੇਵਾ ਦਾ ਭਾਰ ਚੁੱਕਣ। ਕਿਸੇ ਦੀ ਲੱਤ ਖਿੱਚਣ ਨਾਲ ਆਪਣੇ ਪੈਰ ਮਜ਼ਬੂਤ ਨਹੀਂ ਹੁੰਦੇ। ਸਟੇਜ ਉੱਤੇ ਬੋਲਣਾ ਸੌਖਾ ਹੈ, ਸੰਕਟ ਵੇਲੇ ਖੜ੍ਹਨਾ ਔਖਾ ਹੈ। ਜ਼ੁਬਾਨ ਦਾ ਜ਼ੋਰ ਵਿਖਾਉਣਾ ਸੌਖਾ ਹੈ, ਸਾਰੀ ਉਮਰ ਸਿਦਕ ਨਿਭਾਉਣਾ ਔਖਾ ਹੈ। ਦੂਜਿਆਂ ਦੀ ਸੇਵਾ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣਾ ਹਿਸਾਬ ਖੋਲ੍ਹੋ। ਪੰਥ ਨੂੰ ਸੇਵਾ ਕਰਨ ਵਾਲੇ ਚਾਹੀਦੇ ਹਨ; ਨਿੰਦਾ ਦੇ ਅਖਾੜੇ ਲਾਉਣ ਵਾਲਿਆਂ ਦੀ ਤਾਂ ਪਹਿਲਾਂ ਹੀ ਕੋਈ ਘਾਟ ਨਹੀਂ ਹੈ! ਗੁਰੂ ਦੇ ਦਰ ਉੱਤੇ ਸੇਵਕ ਬਣ ਕੇ ਜਾਣਾ ਹੁੰਦਾ ਹੈ, ਆਪਣੀ ਵਡਿਆਈ ਦਾ ਢੋਲ ਲੈ ਕੇ ਨਹੀਂ। 

ਨਿੰਦਕ ਆਪਣਾ ਸਮਾਂ ਨਿੰਦਾ ਵਿੱਚ ਗੁਆਉਂਦੇ ਰਹਿਣ; ਪੰਥ ਦੇ ਸੇਵਕ ਆਪਣੀ ਜ਼ਿੰਦਗੀ ਸਿੱਖੀ ਪ੍ਰਚਾਰ, ਪੰਥ ਦੀ ਸੇਵਾ ਅਤੇ ਕੌਮੀ ਸੰਘਰਸ਼ ਦੇ ਲੇਖੇ ਲਾਉਂਦੇ ਰਹਿਣ। ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖ਼ਸ਼ੇ ਅਤੇ ਸਾਨੂੰ ਨਿੰਦਾ, ਈਰਖਾ ਤੇ ਹੰਕਾਰ ਤੋਂ ਬਚਾ ਕੇ ਖ਼ਾਲਸਾ ਪੰਥ ਦੀ ਸੱਚੇ ਦਿਲੋਂ ਸੇਵਾ ਕਰਨ ਦਾ ਬਲ ਬਖ਼ਸ਼ੇ। ਨਿੰਦਾ ਦੀ ਖੱਟੀ ਖਾਣ ਵਾਲੇ ਕਦੇ ਵੀ ਸੇਵਾ ਦਾ ਮੁੱਲ ਨਹੀਂ ਜਾਣ ਸਕਦੇ। 

 ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.