ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

ਗੁਰਦਾਸਪੁਰ 4 ਨਵੰਬਰ , ਰਾਜ ਕੁਮਾਰ 
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਕਿਹਾ ਕਿ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ਼ ਲਈ ਸੜਕਾਂ ਉੱਤੇ ਰੁਲਣਾ ਪਵੇ ਤਾਂ ਇਹ ਹਕੂਮਤ ਲਈ ਸ਼ਰਮ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਇੱਕ ਮਾਂ ਦਾ ਪੁੱਤ, ਪਤਨੀ ਦਾ ਜੀਵਨ ਸਾਥੀ ਅਤੇ ਪਰਿਵਾਰ ਦਾ ਸਹਾਰਾ ਖੁੱਸ ਜਾਣ ਦਾ ਦਰਦ ਬਿਆਨਾਂ ਨਾਲ ਨਹੀਂ ਮੁੱਕਦਾ। ਪਰਿਵਾਰ ਨੂੰ ਤਸੱਲੀਆਂ ਦੇਣ ਦੀ ਥਾਂ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਕੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾਵੇ। ਕਿਸੇ ਵੀ ਦੋਸ਼ੀ ਨੂੰ ਸਿਆਸੀ ਪਹੁੰਚ ਜਾਂ ਅਹੁਦੇ ਕਾਰਨ ਬਚਾਇਆ ਨਾ ਜਾਵੇ।
ਬੀਬੀ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਾਂ ਦੀਆਂ ਅਰਥੀਆਂ ਚੁੱਕਣ ਲਈ ਮਜਬੂਰ ਹਨ, ਪਰ ਹਾਕਮ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ਨਾਲ ਹੀ ਬੁੱਤਾ ਸਾਰ ਰਹੇ ਹਨ। ਸਰਕਾਰ ਦੱਸੇ ਕਿ ਨਸ਼ਿਆਂ ਦੀ ਸਪਲਾਈ ਰੋਕਣ ਅਤੇ ਤਸਕਰਾਂ ਦੇ ਜਾਲ ਤੋੜਨ ਲਈ ਜ਼ਮੀਨੀ ਪੱਧਰ ਉੱਤੇ ਕੀ ਨਤੀਜੇ ਨਿਕਲੇ ਹਨ?
ਉਨ੍ਹਾਂ ਮਾਨਸਾ ਮੋਰਚੇ ਦੀ ਇਨਸਾਫ਼ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਅਤੇ ਸ਼ਾਂਤਮਈ ਸੰਘਰਸ਼ ਵਿੱਚ ਅੱਗੇ ਆਉਣ। ਉਹਨਾਂ ਕਿਹਾ ਕਿ ਮਾਨਸਾ ਮੋਰਚੇ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.