ਚਾਵਲਾ, ਮਹਿਤਾ, ਲੰਗਾਹ, ਬਾਦਲ ਅਤੇ ਧਾਮੀ ਦੇ ਕਾਲ਼ੇ ਕਾਰੇ - ਰਣਜੀਤ ਸਿੰਘ ਦਮਦਮੀ ਟਕਸਾਲ

ਚਾਵਲਾ, ਮਹਿਤਾ, ਲੰਗਾਹ, ਬਾਦਲ ਅਤੇ ਧਾਮੀ ਦੇ ਕਾਲ਼ੇ ਕਾਰੇ  - ਰਣਜੀਤ ਸਿੰਘ ਦਮਦਮੀ ਟਕਸਾਲ

ਬਲਾਤਕਾਰ ਦੇ ਕੇਸ ਵਿੱਚ ਫਸ ਕੇ ਅਮਰਜੀਤ ਸਿੰਘ ਚਾਵਲਾ ਨੇ ਆਪਣਾ ਮੂੰਹ ਕਾਲ਼ਾ ਕਰਵਾ ਹੀ ਲਿਆ ਹੈ। ਇਸ ਚਾਵਲੇ ਦਾ ਇੱਕ ਦਿਨ ਸੱਚ ਸਾਹਮਣੇ ਆਉਣਾ ਹੀ ਸੀ ਕਿਉਂਕਿ ਗੁਰੂ-ਘਰ ਦਾ ਧਨ ਚੋਰੀ ਖਾ-ਖਾ ਕੇ ਇਸ ਦੀ ਮੱਤ ਮਾਰੀ ਜਾ ਚੁੱਕੀ ਸੀ। ਚਾਵਲੇ ਨੇ ਵੱਡੀ ਚਵਲ ਮਾਰ ਕੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਾਂ ਵੀ ਖ਼ਰਾਬ ਕੀਤਾ ਹੈ। 

ਬਲਾਤਕਾਰੀ ਚਾਵਲਾ ਆਪਣੇ ਸਪੱਸ਼ਟੀਕਰਨ ਵਿੱਚ ਆਪਣਾ ਨਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸੰਘਰਸ਼ ਨਾਲ ਜੋੜ ਰਿਹਾ ਹੈ ਪਰ ਇਸ ਚਾਵਲੇ ਨੇ ਸੰਤ ਭਿੰਡਰਾਂਵਾਲਿਆਂ ਨਾਲ ਵੀ ਗ਼ੱਦਾਰੀ ਕੀਤੀ ਸੀ ਅਤੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਵੀ ਛੁਰਾ ਮਾਰਿਆ ਸੀ। ਸੰਤ ਭਿੰਡਰਾਂਵਾਲੇ ਤਾਂ ਕਹਿੰਦੇ ਸਨ ਕਿ ਕਿਸੇ ਹਿੰਦੂ, ਨਰਕਧਾਰੀ ਜਾਂ ਕਾਂਗਰਸੀ ਦੀ ਵੀ ਧੀ-ਭੈਣ ਦੀ ਪੱਤ ਨਹੀਂ ਲੁੱਟਣੀ ਪਰ ਚਾਵਲੇ ਨੇ ਤਾਂ ਆਪਣੀ ਹੀ ਕੌਮ ਦੀ ਔਰਤ ਨਹੀਂ ਬਖ਼ਸ਼ੀ, ਉਹ ਵੀ ਗੁਰੂ-ਘਰ ਦੀ ਸਰਾਂ ਵਿੱਚ। ਇਸ ਨੂੰ ਆਪਣੇ ਨਾਂ ਨਾਲ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਦਾ ਨਾਮ ਜੋੜਨ ਦਾ ਕੋਈ ਹੱਕ ਨਹੀਂ ਹੈ। ਇਹ ਨਾ ਤਾਂ ਸੰਤ ਭਿੰਡਰਾਂਵਾਲਿਆਂ ਦੇ ਰਾਹਾਂ ਉੱਤੇ ਚੱਲਿਆ ਤੇ ਨਾ ਹੀ ਭਾਈ ਅਮਰੀਕ ਸਿੰਘ ਜੀ ਦੇ, ਇਸ ਨੇ ਸਿਰਫ਼ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਤਲਵੇ ਹੀ ਚੱਟੇ ਹਨ ਤੇ ਪੰਥ ਨਾਲ ਗ਼ੱਦਾਰੀ ਕਰਕੇ ਵੱਡੇ ਅਹੁਦੇ ਮਾਣੇ ਤੇ ਜਾਇਦਾਦਾਂ ਬਣਾਈਆਂ ਹਨ। 

ਨਰੈਣੂ ਮਹੰਤ ਦੇ ਕਾਰੇ ਤਾਂ ਸਭ ਨੇ ਸੁਣੇ ਸਨ ਪਰ ਇਹ ਉਸ ਤੋਂ ਵੀ ਚਾਰ ਰੱਤੀਆਂ ਵੱਧ ਨਿਕਲਿਆ। ਨਰੈਣੂ ਮਹੰਤ ਤਾਂ ਮਰ ਗਿਆ ਸੀ ਪਰ ਉਸ ਦੀ ਬਦਕਾਰ ਰੂਹ ਸੁਖਬੀਰ ਸਿੰਘ ਬਾਦਲ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਮਰਜੀਤ ਸਿੰਘ ਚਾਵਲਾ, ਰਾਜਿੰਦਰ ਸਿੰਘ ਮਹਿਤਾ ਅਤੇ ਸੁੱਚਾ ਸਿੰਘ ਲੰਗਾਹ ਵਿੱਚ ਵੜੀ ਹੋਈ ਹੈ। ਇਹਨਾਂ ਲੋਕਾਂ ਦੇ ਸਦਕਾ ਕਿਹੜਾ ਕੁਕਰਮ ਹੈ ਜੋ ਗੁਰੂ-ਘਰ ਅਤੇ ਸਿੱਖ ਸੰਸਥਾਵਾਂ ਵਿੱਚ ਨਹੀਂ ਹੋ ਰਿਹਾ ਹੈ ? ਰੁਮਾਲਿਆਂ, ਚੰਦੋਇਆ, ਲੰਗਰਾਂ ਅਤੇ ਗੋਲਕਾਂ ਵਿੱਚ ਘਪਲੇ ਤਾਂ ਆਮ ਸਨ ਪਰ ਸ਼੍ਰੋਮਣੀ ਕਮੇਟੀ ਨੇ 328 ਪਾਵਨ ਸਰੂਪ ਵੀ ਗਾਇਬ ਕਰ ਦਿੱਤੇ ਸਨ। ਹਰ ਸਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਕੋਈ ਆਗੂ ਬਲਾਤਕਾਰ ਕਰਕੇ ਸੰਸਥਾ ਦਾ ਨਾਂ ਰੌਸ਼ਨ ਕਰ ਰਿਹਾ ਹੁੰਦਾ ਹੈ। 

ਧਾਮੀ ਸਾਬ੍ਹ ਬੜੀ ਬੇਸ਼ਰਮੀ ਨਾਲ ਆਖਦੇ ਨੇ ਕਿ "ਸਾਡੇ ਵਿੱਚ ਤਾਂ ਦਸ-ਵੀਹ ਘਪਲੇ ਰੋਜ਼ ਦੇ ਹੁੰਦੇ ਰਹਿੰਦੇ ਨੇ ਕੀਹਦੇ-ਕੀਹਦੇ 'ਤੇ ਕਾਰਵਾਈ ਕਰੀਏ ?" ਬਲਾਤਕਾਰੀ ਸੁੱਚਾ ਸਿੰਘ ਲੰਗਾਹ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ 'ਤੇ ਗੁ. ਕੰਧ ਸਾਹਿਬ ਬਟਾਲਾ ਵਿਖੇ ਸ਼੍ਰੋਮਣੀ ਕਮੇਟੀ ਸਨਮਾਨਿਤ ਕਰਦੀ ਹੈ ਤੇ ਉਸਨੂੰ ਬੋਲਣ ਲਈ ਸਮਾਂ ਵੀ ਦਿੰਦੀ ਹੈ ਪਰ ਇਹੋ ਜਿਹੇ ਬਲਾਤਕਾਰੀ ਬੰਦੇ ਸਿੱਖ-ਸੰਗਤਾਂ ਨੂੰ ਕੀ ਸੇਧ ਦੇਣਗੇ ? ਸਿੱਖ ਸੰਗਤ ਮੌਕੇ ਉੱਤੇ ਵਿਰੋਧ ਕਰਦੀ ਹੈ ਪਰ ਸ਼੍ਰੋਮਣੀ ਕਮੇਟੀ ਬਾਦਲਕੇ ਜੋ ਆਪਣੇ ਬਲਾਤਕਾਰੀ ਜਰਨੈਲ ਦੇ ਹੱਕ ਵਿੱਚ ਡਟ ਜਾਂਦੇ ਹਨ। 

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਾਬ੍ਹ! ਦੱਸੋ ਕਿਸ ਮਕਸਦ ਤਹਿਤ ਉਹ ਔਰਤ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਛੇ ਮਹੀਨਿਆਂ ਤੋਂ ਰਹਿ ਰਹੀ ਸੀ ? ਉਸ ਨੂੰ ਸ਼੍ਰੋਮਣੀ ਕਮੇਟੀ ਨੇ ਐਨੀਆਂ ਸੁੱਖ-ਸਹੂਲਤਾਂ, ਗੱਡੀਆਂ, ਡਰਾਇਵਰ ਅਤੇ ਸੇਵਾਦਾਰ ਕਿਉਂ ਦਿੱਤੇ ਸਨ ? ਗੁਰੂ ਘਰ ਦੀਆਂ ਸਰਾਵਾਂ ਦਾ ਨਾਂ ਬਲਾਤਕਾਰ ਨਾਲ ਕਿਉਂ ਜੁੜਿਆ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦਾ ਨਾਂ ਵੀ ਇਸ ਕੇਸ ਵਿੱਚ ਆਉਣਾ ਕਿੰਨੀ ਸ਼ਰਮਨਾਕ ਕਰਤੂਤ ਹੈ। ਜਦੋਂ ਉਸ ਔਰਤ ਨੇ ਚਾਵਲੇ ਦੀਆਂ ਕਰਤੂਤਾਂ ਦਾ ਇਹ ਸਾਰਾ ਮਾਮਲਾ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੇ ਧਿਆਨ ਵਿੱਚ ਲਿਆਂਦਾ ਸੀ ਤਾਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲਾਂ ਹੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਪਰਚੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹਰਜਿੰਦਰ ਸਿੰਘ ਧਾਮੀ ਦਾ ਜ਼ਿਕਰ ਹੋਣਾ ਸੰਸਥਾਵਾਂ ਨੂੰ ਦਾਗਦਾਰ ਕਰਨ ਦੇ ਬਰਾਬਰ ਹੈ। 

ਇਹ ਅਮਰਜੀਤ ਸਿੰਘ ਚਾਵਲਾ ਤੇ ਰਜਿੰਦਰ ਸਿੰਘ ਮਹਿਤਾ ਕਿਸੇ ਸਮੇਂ ਆਖਦੇ ਹੁੰਦੇ ਸਨ ਕਿ "ਖਾਲਸਾ++ਰਾਜ ਤੋਂ ਘੱਟ ਕੋਈ ਵਾਰਤਾ ਨਹੀਂ ਕਰਾਂਗੇ।" ਪਰ ਛੇਤੀ ਹੀ ਇਹ ਹਿੰਦੁਸਤਾਨ ਦੇ ਬੀਬੇ ਪੁੱਤ ਬਣ ਕੇ ਬਾਦਲ ਪਰਿਵਾਰ ਦੀ ਜੀ-ਹਜ਼ੂਰੀ ਕਰਨ ਵਿੱਚ ਰੁੱਝ ਗਏ। ਇਹੀ ਚਾਵਲਾ ਅਤੇ ਮਹਿਤਾ ਜੋ ਆਪਣੇ ਆਕਾ ਸੁਖਬੀਰ ਬਾਦਲ ਨੂੰ ਖੁਸ਼ ਕਰਨ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਘਟੀਆ ਇਲਜ਼ਾਮ ਲਗਾਉਂਦੇ ਸਨ ਪਰ ਵਾਹਿਗੁਰੂ ਦੀ ਮਾਰ ਵੇਖੋ ਅੱਜ ਚਾਵਲਾ ਖ਼ੁਦ ਜਨਾਨੀ ਦੇ ਕੇਸ ਵਿੱਚ ਆਪਣੀ ਮਿੱਟੀ ਪਲੀਤ ਕਰਵਾ ਰਿਹਾ ਹੈ। 

ਚਾਵਲੇ ਨੇ ਹਰਸਿਮਰਤ ਕੌਰ ਬਾਦਲ ਦਾ 'ਪੰਜਾਬ ਦੀ ਧੀ ਰਾਣੀ' ਵਜੋਂ ਸਨਮਾਨ ਵੀ ਕੀਤਾ ਸੀ ਤੇ ਵੱਡੇ ਬਾਦਲ ਨੂੰ ਇਸ ਨੇ ਆਪਣਾ ਪਿਓ ਬਣਾਇਆ ਹੋਇਆ ਸੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਨਾਲ ਵੀ ਇਸ ਦੀ ਖਾਸ ਯਾਰੀ ਹੈ। ਚਾਵਲੇ ਦੇ ਕਈ ਰੂਪ ਹਨ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਸ਼ੇਰਾਂ ਵਾਲੀ ਮਾਤਾ ਦੀ ਚੁੰਨੀ ਸਿਰ ਉੱਤੇ ਲੈ ਕੇ ਮੰਦਰ ਵਿੱਚ ਜਗਰਾਤੇ ਉੱਤੇ ਭੇਟਾ ਵੀ ਗਾ ਆਉਂਦਾ ਸੀ। ਚਾਵਲੇ ਨੇ ਅੱਜ ਤੱਕ ਜਿੰਨੀਆਂ ਚਵਲਾਂ ਮਾਰੀਆਂ ਉਸ ਪ੍ਰਤੀ ਸ਼੍ਰੋਮਣੀ ਕਮੇਟੀ ਬਾਦਲਕੇ ਛੇਤੀ ਹੀ ਉਸ ਦਾ ਪੂਰੇ ਜਾਹੋ ਜਲਾਲ ਨਾਲ ਸਨਮਾਨ ਕਰ ਸਕਦੇ ਹਨ। 
ਚਾਵਲੇ ਨੇ ਸਿੱਖ ਕੌਮ ਦੇ ਤਖ਼ਤ ਸਾਹਿਬਾਨਾਂ, ਗੁਰਧਾਮਾਂ, ਸਿੱਖ ਸੰਸਥਾਵਾਂ, ਗੁਰਦੁਆਰਿਆਂ ਅਤੇ ਗੁਰੂ ਘਰ ਦੀਆਂ ਸਰਾਵਾਂ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ, ਉਸਨੇ ਆਪਣੇ ਕਾਰੇ ਨਾਲ ਸਿੱਖਾਂ ਨੂੰ ਨਰੈਣੂ ਮਹੰਤ ਦਾ ਦੌਰ ਫਿਰ ਚੇਤੇ ਕਰਵਾ ਦਿੱਤਾ। ਚਾਵਲੇ ਅਤੇ ਲੰਗਾਹ ਵਰਗੀਆਂ ਚਵਲਾਂ, ਕੁਕਰਮੀਆਂ, ਅਧਰਮੀਆਂ, ਬਲਾਤਕਾਰੀਆਂ ਨੇ ਸਾਡੀਆਂ ਮਾਣਮੱਤੀ ਸੰਸਥਾਵਾਂ ਦੀ ਪੱਤ ਵੀ ਰੋਲ ਦਿੱਤੀ ਹੈ। ਚਾਵਲੇ ਦੇ ਹੱਕ ਵਿੱਚ ਭੁਗਤਣ ਵਾਲੇ ਉਸਦੇ ਯਾਰ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਅਖੌਤੀ ਫੈਡਰੇਸ਼ਨੀਏ ਜੋ ਬਾਦਲ ਸਰਕਾਰ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਂ ਤਾਂ ਚੁੱਪ ਰਹੇ ਸਨ ਪਰ ਹੁਣ ਇੱਕ ਬਲਾਤਕਾਰੀ ਦੇ ਹੱਕ ਵਿੱਚ ਪ੍ਰੈੱਸ ਕਾਨਫਰੰਸਾਂ ਕਰਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਨ। ਇਸ ਰਜਿੰਦਰ ਸਿੰਘ ਮਹਿਤਾ ਨੇ ਲਾਪਤਾ 328 ਸਰੂਪਾਂ ਦੇ ਮਾਮਲੇ ਵਿੱਚ ਬਹੁਤ ਘਟੀਆ ਭੂਮਿਕਾ ਨਿਭਾਈ ਸੀ। 

ਇਹਨਾਂ ਨੇ ਤਾਂ ਗੁਰੂ ਸਾਹਿਬ ਨੂੰ ਵੀ ਨਹੀਂ ਬਖ਼ਸ਼ਿਆ ਇਹ ਠੱਗ, ਚੋਰ ਅਤੇ ਲੁਟੇਰੇ ਹਨ ਤੇ ਧਰਮੀ ਹੋਣ ਦਾ ਡਰਾਮਾ ਕਰਦੇ ਹਨ। ਬਾਦਲ ਪਰਿਵਾਰ ਅਤੇ ਬਾਦਲ ਦਲ ਨੇ ਸਾਡੀਆਂ ਸੰਸਥਾਵਾਂ ਨੂੰ ਅੱਯਾਸ਼ੀ ਦਾ ਅੱਡਾ ਬਣਾ ਧਰਿਆ ਹੈ। ਇਹਨਾਂ ਅਜੋਕੇ ਭ੍ਰਿਸ਼ਟ ਅਤੇ ਬਲਾਤਕਾਰੀ ਮਸੰਦਾਂ ਅਤੇ ਮਹੰਤਾਂ ਨੂੰ ਨਰੈਣੂ ਮਹੰਤ ਵਾਂਗ ਹੀ ਗੁਰਦੁਆਰਿਆਂ ਵਿੱਚੋਂ ਕੱਢਣ ਲਈ ਸਿੱਖਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਮੱਥਾ ਟੇਕਣ ਆਈਆਂ ਬੀਬੀਆਂ ਨੂੰ ਇਹ ਪ੍ਰਕਰਮਾ ਵਿੱਚੋਂ ਫੜ ਕੇ ਧੱਕੇ ਨਾਲ ਸਰਾਵਾਂ ਵਿੱਚ ਲਿਜਾ ਕੇ ਬਲਾਤਕਾਰ ਕਰਿਆ ਕਰਨਗੇ। ਕੀ ਫਿਰ ਹੀ ਸਿੱਖਾਂ ਦੀ ਅਣਖ਼ ਉਬਾਲੇ ਖਾਏਗੀ ? ਓਦੋਂ ਫਿਰ ਖ਼ੂਨ ਦੀਆਂ ਨਦੀਆਂ ਵੀ ਵਹਿਣਗੀਆਂ। 

ਕਾਸ਼, ਅੱਜ ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠੇ ਹੁੰਦੇ ਤਾਂ ਬਾਦਲ, ਧਾਮੀ, ਚਾਵਲਾ, ਮਹਿਤਾ ਅਤੇ ਲੰਗਾਹ ਨੂੰ ਮੱਸੇ ਰੰਘੜ ਅਤੇ ਲਖਪਤ ਰਾਏ ਵਾਂਗ ਮਿਸਾਲੀ ਸਜ਼ਾ ਦਿੰਦੇ! 

ਰਣਜੀਤ ਸਿੰਘ ਦਮਦਮੀ ਟਕਸਾਲ 

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.