ਜ਼ਾਲਮ ਸਰਕਾਰੋ! ਕਿੱਥੇ ਨੇ ਸਿੱਖਾਂ ਦੇ ਮਨੁੱਖੀ ਹੱਕ ?

ਜ਼ਾਲਮ ਸਰਕਾਰੋ! ਕਿੱਥੇ ਨੇ ਸਿੱਖਾਂ ਦੇ ਮਨੁੱਖੀ ਹੱਕ ?

ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਇੱਕ ਬੇਮਿਸਾਲ ਉਦਾਹਰਣ ਹੈ ਕਿਉਂਕਿ ਜਿਹੜੀ ਗੱਲ ਨੂੰ ਕੋਈ ਪ੍ਰਵਾਨ ਕਰਦਾ ਹੋਵੇ, ਉਸ ਲਈ ਕੁਰਬਾਨ ਹੋਣ ਨਾਲੋਂ, ਉਸ ਗੱਲ ਲਈ ਸ਼ਹਾਦਤ ਦੇਣੀ ਹੋਰ ਵੀ ਵੱਡੀ ਗੱਲ ਹੈ ਜਿਹੜੀ ਉਹ ਪ੍ਰਵਾਨ ਨਾ ਕਰਦਾ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਮੱਤ ਨੂੰ ਨਹੀਂ ਮੰਨਦੇ ਸਨ ਪਰ ਹਿੰਦੂਆਂ ਉੱਤੇ ਹੋ ਰਹੇ ਜਬਰ-ਜ਼ੁਲਮ ਵਿਰੁੱਧ, ਮਨੁੱਖੀ ਹੱਕਾਂ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਦੀ ਰਾਖੀ ਲਈ ਸੀਸ ਭੇਟ ਕੀਤਾ। ਪਰ ਅੱਜ ਮੌਜੂਦਾ ਭਾਰਤੀ ਸਿਸਟਮ ਵਿੱਚ ਸਿੱਖਾਂ ਦੇ ਹੀ ਮਨੁੱਖੀ ਹੱਕ ਖੋਹੇ ਜਾ ਰਹੇ ਹਨ। ਸਿੱਖਾਂ ਦੇ ਮਨੁੱਖੀ ਹੱਕ ਨੂੰ ਖੋਹਣ ਵਾਲੇ ਹਿੰਦੂ-ਆਗੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਭੁੱਲ ਕੇ ਅਕ੍ਰਿਤਘਣਤਾ ਵਿਖਾ ਰਹੇ ਹਨ। 1947 ਤੋਂ ਸਿੱਖਾਂ ਦਾ ਹੋ ਰਿਹਾ ਘਾਣ 1978 ਮਗਰੋਂ ਤਾਂ ਸਿਖਰਾਂ ਉੱਤੇ ਚਲਾ ਗਿਆ। ਖ਼ਾਸ ਕਰਕੇ ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਮੌਕੇ ਹਿੰਦੋਸਤਾਨੀ ਸਿਸਟਮ ਨੇ ਸਿੱਖੀ ਅਤੇ ਸਿੱਖਾਂ ਉੱਤੇ ਭਰਪੂਰ ਹੱਲਾ ਬੋਲਿਆ। ਇਸ ਤੋਂ ਬਾਅਦ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਕਤਲ ਕੀਤਾ ਗਿਆ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ, ਝੂਠੇ ਦੋਸ਼ਾਂ ਵਿਚ ਜੇਲ੍ਹ ਡੱਕਿਆ ਗਿਆ। ਜ਼ੁਲਮ ਕਰਨ ਵਾਲੇ ਲੋਕਾਂ ਨੂੰ ਹਿੰਦੋਸਤਾਨੀ ਹਕੂਮਤ ਦੀ ਸ਼ਰੇਆਮ ਪੁਸ਼ਤਪਨਾਹੀ ਮਿਲਦੀ ਰਹੀ। ਦਿੱਲੀ ਵਿਚ ਕਤਲੇਆਮ ਕਰਨ ਵਾਲੇ ਜਗਦੀਸ਼ ਟਾਇਟਲਰ, ਕਮਲ ਨਾਥ ਵਰਗੇ ਲੋਕ ਹੋਣ ਜਾਂ ਪੰਜਾਬ ਵਿਚ ਸਿੱਖਾਂ ਦਾ ਘਾਣ ਕਰਨ ਵਾਲੇ ਪੁਲੀਸ ਅਧਿਕਾਰੀ ਹਰੇਕ ਨੂੰ ਹਿੰਦੂ ਸਾਮਰਾਜ ਨੇ ਸਰਪ੍ਰਸਤੀ ਦਿੱਤੀ ਹੈ। ਇਹ ਮੁਲਕ ਲੋਕਤੰਤਰ ਦਾ ਦਾਅਵਾ ਕਰਦਾ ਹੈ ਜਦਕਿ ਇੱਥੇ ਗੈਰ-ਹਿੰਦੂਆਂ ਦਾ ਲਗਾਤਾਰ ਘਾਣ ਹੋ ਰਿਹਾ ਹੈ। ਈਸਾਈਆਂ, ਮੁਸਲਮਾਨਾਂ, ਦਲਿਤਾਂ ਤੇ ਹੋਰਾਂ ਵਾਂਗ ਸਿੱਖਾਂ ਦੀ ਨਸਲਕੁਸ਼ੀ ਲਗਾਤਾਰ ਹੋ ਰਹੀ ਹੈ। ਸਿੱਖ ਕੌਮ ਦੁਨੀਆਂ ਭਰ ਵਿੱਚ ਦੁਹਾਈ ਦੇ ਰਹੀ ਹੈ ਪਰ ਕਿੱਧਰੇ ਕੋਈ ਸੁਣਵਾਈ ਨਹੀਂ ਹੋ ਰਹੀ। ਸਿੱਖਾਂ ਦੀ ਬੋਲੀ, ਧਰਮ, ਸੱਭਿਆਚਾਰ ਮਲੀਆਮੇਟ ਕਰਨ ਲਈ ਭਾਰਤੀ ਹਕੂਮਤੀ ਸਿਸਟਮ ਬੇਕਿਰਕ ਤੇ ਨਿਰਦਈ ਹੋ ਕੇ ਸਰਗਰਮ ਹੈ। ਜੋ ਵੀ ਚੂੰ-ਚਾਂ ਕਰਦਾ ਹੈ, ਓਸੇ ਦੀ ਬਲ਼ੀ ਦਿੱਤੀ ਜਾਂਦੀ ਹੈ। ਬੇਦੋਸ਼ੇ ਸਿੱਖਾਂ ਦੇ ਲਗਾਤਾਰ ਘਾਣ ਨੇ ਸਿੱਖ ਜਗਤ ਅੰਦਰ ਬੇਹੱਦ ਘਾਤਕ ਰੁਝਾਨਾਂ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿੱਖਾਂ ਵਿੱਚੋਂ ਅਜਿਹੇ ਲੋਕ ਸਾਹਮਣੇ ਆ ਰਹੇ ਹਨ ਜੋ ਹਿੰਦੂ ਕੁਹਾੜੇ ਦਾ ਦਸਤਾ ਬਣ ਕੇ ਸਿੱਖੀ ਤੇ ਸਿੱਖਾਂ ਦਾ ਘਾਣ ਕਰਨ ਲਈ ਤਿਆਰ ਹਨ। ਇਹ ਲੋਕ ਸਵਾਰਥਾਂ, ਸੱਤਾ, ਐਸ਼, ਅਹੁਦੇ ਤੇ ਹੋਰ ਸੁੱਖ ਸਹੂਲਤਾਂ ਮਾਨਣ ਲਈ 'ਗ਼ੁਲਾਮ ਓਵਰਸੀਅਰ' ਬਣ ਕੇ ਦਿੱਲੀ ਤੇ ਨਾਗਪੁਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਤਿਆਰ ਹਨ। ਭਾਰਤੀ ਹਕੂਮਤ ਦੀਆਂ ਨੌਕਰੀਆਂ ਕਰਦੇ ਬਹੁਤੇ ਸਿੱਖ ਇਸੇ ਬਿਰਤੀ ਤਹਿਤ ਸਿੱਖੀ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਖੁਫ਼ੀਆ ਏਜੰਸੀਆਂ ਨੇ ਵੀ ਇਹੋ ਜਿਹੇ ਬਥੇਰੇ ਢੰਗ-ਤਰੀਕੇ ਅਪਣਾਏ ਹੋਏ ਹਨ, ਜਿਨ੍ਹਾਂ ਵਿੱਚ ਸਿੱਖਾਂ ਨੂੰ ਮੋਹਰਾ ਬਣਾ ਕੇ ਪੰਥ ਦਾ ਘਾਣ ਕੀਤਾ ਜਾ ਰਿਹਾ ਹੈ।
ਪਰ ਸਭ ਤੋਂ ਖਤਰਨਾਕ ਉਹ ਸਿਆਸੀ ਸਿੱਖ ਹਨ ਜੋ ਹਿੰਦੋਸਤਾਨੀ ਹਕੂਮਤ ਦੇ ਸਿੱਖ ਮਾਰੂ ਏਜੰਡੇ ਨੂੰ ਲਾਗੂ ਕਰ ਰਹੇ ਹਨ। ਮੌਜੂਦਾ ਦੌਰ ਵਿੱਚ ਬਾਦਲ ਦਲ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਸਿੱਖਾਂ ਨੂੰ ਆਪਣੇ ਧਰਮ, ਆਪਣੀਆਂ ਸੰਸਥਾਵਾਂ, ਆਪਣੀ ਵਿਚਾਰਧਾਰਾ ਦੀ ਰਾਖੀ ਲਈ ਵੀ ਇਜ਼ਾਜਤ ਨਹੀਂ। ਦੁਨੀਆਂ ਨੂੰ ਜਾਪਦਾ ਹੋਣਾ ਹੈ ਕਿ ਇੱਕ ਸਿੱਖ ਪਰਿਵਾਰ ਵਿੱਚੋਂ ਹੀ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਸਿੱਖ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਸਿੱਖ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਪਰ ਇਹ ਹਕੀਕਤ ਕੋਈ ਵਿਰਲਾ ਹੀ ਸਮਝਦਾ ਹੈ ਕਿ ਅਸਲ ਵਿਚ ਇਹਨਾਂ ਲੋਕਾਂ ਦੇ ਚਿਹਰੇ-ਮੋਹਰੇ ਹੀ ਸਿੱਖਾਂ ਵਾਲੇ ਹਨ, ਇਹਨਾਂ ਦੀ ਸੋਚ ਤਾਂ ਹਿੰਦੂ-ਹਾਕਮਾਂ ਦੇ ਹੁਕਮ ਮੰਨਣ ਵਾਲੀ ਹੈ। ਅੱਜ ਸਿੱਖ ਕਲਪਦੇ ਫਿਰਦੇ ਹਨ। ਉਹ ਸਿੱਖ ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਹਿੰਦੂਆਂ ਦੇ ਮਨੁੱਖੀ ਹੱਕਾਂ ਲਈ ਸ਼ਹਾਦਤ ਦਿੱਤੀ, ਉਹ ਸਿੱਖ ਜਿਨ੍ਹਾਂ ਨੇ ਹਿੰਦੂਆਂ ਨੂੰ ਬਚਾਉਣ ਲਈ ਮੁਗਲਾਂ-ਪਠਾਣਾਂ-ਅਫਗਾਨਾਂ ਤੇ ਹੋਰ ਹਮਲਾਵਰਾਂ ਨਾਲ ਟੱਕਰ ਲਈ, ਅੱਜ ਉਹਨਾਂ ਦੇ ਮਨੁੱਖੀ ਹੱਕ ਹਿੰਦੂਆਂ ਨੇ ਦੱਬ ਲਏ ਹਨ। ਅੱਜ ਯੂ.ਐਨ.ਓ. ਵਰਗੀਆਂ ਸੰਸਥਾਵਾਂ ਸਾਰੀ ਦੁਨੀਆਂ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹਨ ਪਰ ਦੁਨੀਆਂ ਭਰ ਦੇ ਲੋਕਾਂ ਸਾਹਮਣੇ ਸਿੱਖ ਪੂਰੇ ਰੋਸ ਨਾਲ ਪੁੱਛਦੇ ਹਨ ਕਿ ਕਿੱਥੇ ਹਨ ਸਿੱਖਾਂ ਦੇ ਮਨੁੱਖੀ ਹੱਕ ?

                 ਰਣਜੀਤ ਸਿੰਘ ਦਮਦਮੀ ਟਕਸਾਲ
        (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
                 ਮੋ : 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.