ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਦਿਹਾੜੇ ਦੀ 300 ਸਾਲਾ ਸ਼ਤਾਬਦੀ: 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਵੇਗਾ ਗੁਰਸਿਖਾ ਇਕੋ ਪਿਆਰ ਖ਼ਾਲਸਈ ਮਾਰਚ

ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਦਿਹਾੜੇ ਦੀ 300 ਸਾਲਾ ਸ਼ਤਾਬਦੀ: 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਵੇਗਾ ਗੁਰਸਿਖਾ ਇਕੋ ਪਿਆਰ ਖ਼ਾਲਸਈ ਮਾਰਚ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ, ਢਾਡੀ ਤੇ ਕਵਿਸ਼ਰ ਸਾਹਿਬਾਨ ਨਾਲ ਕੀਤੀ ਇਕੱਤਰਤਾ


ਸ੍ਰੀ ਅੰਮ੍ਰਿਤਸਰ, 6 ਮਾਰਚ-ਕੰਵਰ ਪ੍ਰਤਾਪ ਸਿੰਘ 
 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਤਾਰਾ ਸਿੰਘ ਜੀ ਵਾਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ, ਢਾਡੀ ਤੇ ਕਵਿਸ਼ਰ ਸਾਹਿਬਾਨ ਨਾਲ ਇੱਕ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਇਸੇ ਤਹਿਤ ਹੀ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਤਰਨ ਤਾਰਨ ਜ਼ਿਲ੍ਹੇ ਦੇ ਵਾਂ ਪਿੰਡ ਪਹੁੰਣਗੇ ਅਤੇ 11 ਤੋਂ 14 ਮਾਰਚ ਤੱਕ ਉੱਥੇ ਵੱਡੇ ਪੱਧਰ ਉੱਤੇ ਸ਼ਤਾਬਦੀ ਦੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।


ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਤਹਿਤ ਹੀ ਮਿਤੀ 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਗੁਰਸਿਖਾ ਇਕੋ ਪਿਆਰ ਗੁਰਮਿਤਾ ਪੁਤਾ ਭਾਈਆ’ ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖ਼ਾਲਸਈ ਮਾਰਚ ਸਜਾਏ ਜਾਣਗੇ। ਇਹ ਵਿਸ਼ੇਸ਼ ਨਗਰ ਕੀਰਤਨ 9 ਮਾਰਚ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੋ ਰਾਤਾਂ ਦੇ ਪੜਾਅ ਕਰਕੇ 11 ਮਾਰਚ ਨੂੰ ਵਾਂ ਪਿੰਡ ਵਿਖੇ ਸੰਪੂਰਨ ਹੋਵੇਗਾ। ਪਹਿਲੇ ਦਿਨ 9 ਮਾਰਚ ਨੂੰ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ, ਘਿਓ ਮੰਡੀ, ਭੰਡਾਰੀ ਪੁਲ, ਚੀਫ਼ ਖ਼ਾਲਸਾ ਦੀਵਾਨ, ਪੁਤਲੀ ਘਰ, ਖ਼ਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੰਡਵਾਲਾ, ਗੁਰਦੁਆਰਾ ਛੇਹਰਟਾ ਸਾਹਿਬ, ਗੁਰੂ ਕੀ ਵਡਾਲੀ, ਗਮੂੰਵਾਲ, ਕੋਟਲੀ, ਗੁਰਦੁਆਰਾ ਸੰਨ੍ਹ ਸਾਹਿਬ, ਢੰਡ, ਕਸੇਲ, ਮੀਆਂਪੁਰ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਦੂਜੇ ਦਿਨ 10 ਮਾਰਚ ਨੂੰ ਨਗਰ ਕੀਰਤਨ ਬਘਿਆੜੀ ਮੋੜ, ਝਬਾਲ ਅੱਡਾ, ਪੰਜਵੜ, ਗੱਗੋਬੂਆ, ਮੂਸੇ, ਛਿਛਰੇਵਾਲ, ਸੁਰ ਸਿੰਘ, ਸਿੰਘਪੁਰਾ, ਭਿੱਖੀਵਿੰਡ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਤੀਸਰੇ ਦਿਨ 11 ਮਾਰਚ ਨੂੰ ਨਗਰ ਕੀਰਤਨ ਦਰਾਜਕੇ, ਪਹਿਲ ਵਾਨਕੇ, ਮਾੜੀ ਉਧੋਕੇ, ਮਾੜੀ ਕੰਭੋਕੇ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਪਿੰਡ ਪਹੁੰਚੇਗਾ।


ਉਨ੍ਹਾਂ ਕਿਹਾ ਕਿ ਇਸ ਮਾਰਚ ਦਾ ਮਕਸਦ ਸਿੱਖ ਨੌਜਵਾਨੀ ਨੂੰ ਸਿੱਖੀ ਤੇ ਸਿੱਖ ਇਤਿਹਾਸ ਨਾਲ ਜੋੜਣਾ ਅਤੇ ਜੋ ਥੋੜਾ ਬਹੁਤਾ ਧਰਮ ਪਰਿਵਰਤਨ ਕਰਕੇ ਦੂਜੇ ਪਾਸੇ ਲੋਕ ਗਏ ਦੱਸੇ ਜਾ ਰਹੇ ਹਨ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਸੱਚਾ ਉਪਦੇਸ਼ ਦੇਣਾ ਹੈ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸਹਿਯੋਗ ਅਤੇ ਸ਼ਮੂਲੀਅਤ ਕਰਨ ਲਈ ਕਿਹਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.