ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਨਾਲ ਆਪਣੀ ਕਿਸਮਤ ਦੇ ਖ਼ੁਦ ਮਾਲਕ ਬਣਨਗੇ ਸਿੱਖ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਨਾਲ ਆਪਣੀ ਕਿਸਮਤ ਦੇ ਖ਼ੁਦ ਮਾਲਕ ਬਣਨਗੇ ਸਿੱਖ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਕੌਮੀ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਮਹਾਨ ਸ਼ਹੀਦੀ ਸਮਾਗਮ
 

ਅੰਮ੍ਰਿਤਸਰ, 20 ਜਨਵਰੀ , ਨਜ਼ਰਾਨਾ ਟਾਈਮਜ ਬਿਊਰੋ 
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਸ਼ਹੀਦ ਹੋਏ ਸ਼ਹੀਦ ਭਾਈ ਸੁਖਦੇਵ ਸਿੰਘ ਭਾਅਜੀ ਦਮਦਮੀ ਟਕਸਾਲ, ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਸ਼ਹੀਦ ਭਾਈ ਸੁਖਦੇਵ ਸਿੰਘ ਸਖੀਰਾ, ਸ਼ਹੀਦ ਭਾਈ ਕੁਲਦੀਪ ਸਿੰਘ ਮੁੱਛਲ, ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਉਰਫ਼ ਬਾਬਾ ਦਰਜੀ ਅਤੇ ਸ਼ਹੀਦ ਭਾਈ ਵੱਸਣ ਸਿੰਘ ਸਖੀਰਾ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੰਘ ਸਭਾ, ਪਿੰਡ ਕਮਾਲ ਕੇ, ਜ਼ਿਲ੍ਹਾ ਮੋਗਾ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਕੀਰਤਨ, ਢਾਡੀ-ਕਵੀਸ਼ਰ ਵਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਪ੍ਰਚਾਰਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼ਹੀਦ ਭਾਈ ਸੁਖਦੇਵ ਸਿੰਘ ਭਾਅਜੀ ਦੇ ਭਰਾਤਾ ਭਾਈ ਅੰਗਰੇਜ ਸਿੰਘ (ਜ਼ਿੰਦਾ ਸ਼ਹੀਦ), ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਜੀਤ ਸਿੰਘ ਅਤੇ ਭਾਈ ਰਾਜਾ ਸਿੰਘ ਮੱਲੀ, ਕਿਸਾਨ ਯੂਨੀਅਨ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ, ਪ੍ਰਚਾਰਕ ਭਾਈ ਦਰਸ਼ਨ ਸਿੰਘ ਲਾਲ, ਬਾਬਾ ਮਨਪ੍ਰੀਤ ਸਿੰਘ ਫਰੀਦਕੋਟ, ਕਥਾ ਵਾਚਕ ਗੁਲਾਬ ਜਿੰਦਰ ਸਿੰਘ ਖਾਲਸਾ ਭਾਈ ਜਸਵੰਤ ਸਿੰਘ ਧਰਮੀ ਫੌਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ (ਸੁਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ), ਬੀਬੀ ਕੁਲਬੀਰ ਕੌਰ (ਸੁਪਤਨੀ ਸ਼ਹੀਦ ਜਥੇਦਾਰ ਰੇਸ਼ਮ ਸਿੰਘ ਵਰ੍ਹਿਆਂ, ਨੇ ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜੁਝਾਰੂ ਸਿੰਘਾਂ ਨੇ 10 ਸਾਲ ਹਥਿਆਰਬੰਦ ਲੜਾਈ ਲੜੀ ਤੇ 42 ਸਾਲਾਂ ਬਾਅਦ ਇਹ ਸੰਘਰਸ਼ ਵੱਖ-ਵੱਖ ਤਰੀਕਿਆਂ ਨਾਲ ਅੱਜ ਵੀ ਜਾਰੀ ਹੈ ਖਾਲਿਸਤਾਨ ਦੀ ਸਥਾਪਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ, ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਨਾਲ ਸਿੱਖ ਆਪਣੀ ਕਿਸਮਤ ਦੇ ਖ਼ੁਦ ਮਾਲਕ ਬਣਨਗੇ ਤੇ ਸਰਬੱਤ ਦੇ ਭਲੇ ਦੇ ਉਪਦੇਸ਼ ਨੂੰ ਪੂਰੀ ਦੁਨੀਆਂ 'ਚ ਪ੍ਰਚਾਰਨਗੇ। ਸਮਾਗਮ ਲਈ ਸਿੱਖ ਏਡ ਆਸਟਰੀਆ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਵਿਸ਼ੇਸ਼ ਸਹਿਯੋਗ ਕੀਤਾ। ਸ਼ਹੀਦ ਭਾਈ ਸੁਖਦੇਵ ਸਿੰਘ ਭਾਅਜੀ ਦੇ ਭਰਾਤਾ ਭਾਈ ਅੰਗਰੇਜ ਸਿੰਘ (ਜ਼ਿੰਦਾ ਸ਼ਹੀਦ) ਵੱਲੋਂ ਸਮੂਹ ਸ਼ਹੀਦਾਂ ਦੇ ਪਰਿਵਾਰਾਂ ਅਤੇ ਪ੍ਰਚਾਰਕਾਂ ਦਾ ਸਿਰੋਪਿਆਂ, ਦੁਸ਼ਾਲਿਆਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਭਾਅਜੀ ਦੀਆਂ ਤਿੰਨੇ ਭੈਣਾਂ ਬੀਬੀ ਪ੍ਰਕਾਸ਼ ਕੌਰ, ਬੀਬੀ ਗੁਰਬਚਨ ਕੌਰ ਅਤੇ ਬੀਬੀ ਅਮਰਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ। ਇਸ ਮੌਕੇ ਬੀਬੀ ਜਸਬੀਰ ਕੌਰ ਫੇਰੂਮਾਨ, ਬਾਬਾ ਹਰਪਾਲ ਸਿੰਘ ਖਾਲਸਾ, ਗ੍ਰੰਥੀ ਬਾਬਾ ਗੁਰਬਚਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੰਗਤਾਂ ਵਿੱਚ ਖਾਲਸਾ ਫਤਹਿਨਾਮਾ ਰਸਾਲਾ, ਪੰਜਆਬ ਰਸਾਲਾ ਅਤੇ ਕਿਤਾਬਾਂ ਵੀ ਵੰਡੀਆਂ ਗਈਆਂ। ਗੁਰੂ ਕੇ ਲੰਗਰ ਅਤੁੱਟ ਵਰਤੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.