ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ, ਬੇਅਦਬੀ ਰੋਕੂ ਕਾਨੂੰਨ ਕਿਹੋ ਜਿਹਾ ਹੋਵੇ..?

ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ, ਬੇਅਦਬੀ ਰੋਕੂ ਕਾਨੂੰਨ ਕਿਹੋ ਜਿਹਾ ਹੋਵੇ..?

ਵਾਹਿਗੁਰੂ ਜੀ ਕਾ ਖ਼ਾਲਸਾ 
ਵਾਹਿਗੁਰੂ ਜੀ ਕੀ ਫਤਹਿ 
 

ਅੱਜ ਅਸੀ ਬਹੁਤ ਹੀ ਸੰਜੀਦਾ ਅਤੇ ਸੰਵੇਦਨਸ਼ੀਲ ਮਸਲੇ ਤੇ ਵੀਚਾਰ ਕਰਨੀ ਹੈ । ਮਸਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਹੈ । ਭਾਰਤ ਦੀ ਸੁਪਰੀਮ ਕੋਰਟ ਵੀ ਆਪਣੇ ਇੱਕ ਫ਼ੈਸਲੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ( ਜਿਉਂਦੇ ਜਾਗਦੇ ) ਦੇ ਰੂਪ ਵਿੱਚ ਪ੍ਰਵਾਨ ਕਰ ਚੁੱਕੀ ਹੈ । ਇਹ ਸਿਰਫ ਤੁਹਾਡੀ ਜਾਣਕਾਰੀ ਲਈ ਦੱਸਿਆ ਹੈ, ਵੈਸੇ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਕੀ ਹਨ ਇਸ ਦਾ ਫੈਸਲਾ ਕਿਸੇ ਦੁਨਿਆਵੀ ਅਦਾਲਤ ਨੇ ਨਹੀਂ ਕਰਨਾ । ਗੱਲ ਮੁੱਦੇ ਦੀ ਕਰੀਏ! ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ, ਸਿੱਖ ਵਿਰੋਧੀ ਅਤੇ ਸ਼ਰਾਰਤੀ ਤੱਤ ਸਭ ਦਾ ਜੋਰ ਲੱਗਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਸਿੱਖਾਂ ਨੂੰ ਕਿਵੇਂ ਤੋੜਿਆ ਜਾਵੇ, ਕਿਵੇਂ ਸਿੱਖ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜਿਆ ਜਾਵੇ । ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਰਾਜਨੀਤਕ ਪਾਰਟੀਆਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦਿਆਂ ਇੰਨਾਂ ਘਟਨਾਵਾਂ ਨੂੰ ਰੋਕਣ ਦੀ ਥਾਂ ਇੱਕ ਸਿਆਸੀ ਮੁੱਦਾ ਬਣਾ ਕੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ । ਸਭ ਮਾੜੀ ਗੱਲ ਇਹ ਕਿ ਸਿੱਖਾਂ ਦੀ ਸਿਆਸੀ ਜਮਾਤ ਕਹੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮੁੱਦੇ ਤੇ ਸਿਰਫ ਰਾਜਨੀਤੀ ਕੀਤੀ । ਦੂਜੀਆਂ ਪਾਰਟੀਆਂ ਨੇ ਇਸ ਮੁੱਦੇ ਤੇ ਅਕਾਲੀ ਦਲ ਨੂੰ ਭੰਡਿਆ ਅਤੇ ਸਿੱਖ ਕੌਮ ਨਾਲ ਇਨਸਾਫ ਦੇ ਵਾਅਦੇ ਕੀਤੇ । ਸਿੱਖ ਕੀ ਕਰਦੇ …? ਇਨਸਾਫ ਅਤੇ ਗੁਰੂ ਦੇ ਸਤਿਕਾਰ ਲਈ ਇਹਨਾਂ ਲੋਕਾਂ ਤੇ ਭਰੋਸਾ ਕਰਦੇ ਅਤੇ ਵੋਟਾਂ ਪਾਉਂਦੇ ਰਹੇ । ਮੌਜੂਦਾ ਪੰਜਾਬ ਸਰਕਾਰ ਵੀ ਇਸ ਮੁੱਦੇ ਤੇ ਹੀ ਕਾਇਮ ਹੋਈ । ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਵੱਡੇ ਇਕੱਠਾਂ ਵਿੱਚ ਲਿਆ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਰਕਾਰ ਬਣਦਿਆਂ ਹੀ ਹਫ਼ਤੇ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰਿਪੋਰਟ ਤੇ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਗੱਲ ਕੀਤੀ ਗਈ ਤਾਂ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ/ ਨੋਟਾਂ ਦਾ ਸਹਿਯੋਗ ਦਿੱਤਾ ਅਤੇ ਸਰਕਾਰ ਬਣਾਈ ।
ਸਰਕਾਰ ਬਣਦਿਆਂ ਹੀ ਬਾਕੀਆਂ ਵਾਂਗ ਹੀ ਵਰਤਾਰਾ ਇਹਨਾਂ ਨੇ ਕੀਤਾ । ਫਿਰ ਬਹਿਬਲ ਕਲਾਂ ਮੋਰਚਾ ਲੱਗਾ ਤਾਂ ਵਿਧਾਨ ਸਭਾ ਦਾ ਸਪੀਕਰ ਸੰਗਤ ਨਾਲ ਵਾਅਦਾ ਕਰ ਕੇ ਆਇਆ ਪਰ ਮਸਲਾ ਫਿਰ ਵੀ ਹੱਲ ਨਾ ਹੋਇਆ
ਫਿਰ ਵੀਰ ਗੁਰਜੀਤ ਸਿੰਘ ਸਮਾਣਾ ਨੇ ਟਾਵਰ ਤੇ ਮੋਰਚਾ ਲਗਾ ਦਿੱਤਾ ਜਿਸ ਨੂੰ ਲੰਮਾ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ । ਪਿਛਲੇ ਸਮੇਂ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਵੀ ਪਰ ਫਿਰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ
ਤੁਹਾਨੂੰ ਯਾਦ ਕਰਵਾ ਦੇਈਏ ਕਿ 2008 ਵਿੱਚ ਪੰਜਾਬ ਸਰਕਾਰ ਨੇ ਇੱਕ ਕਨੂੰਨ ਬਣਾਇਆ ਸੀ ।
ਹਾਲਾਂਕਿ ਇਸ ਕਨੂੰਨ ਵਿੱਚ ਵੀ ਕੁਝ ਕਮੀਆਂ ਹਨ ਪਰ ਇਸ ਨੂੰ ਕਨੂੰਨ ਦਾ ਰੂਪ ਦੇਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ ਸਗੋਂ ਇਸ ਮਾਮਲੇ ਨੂੰ ੧੯੮੪ ਦੇ ਮਸਲੇ ਵਾਂਗ ਰਾਜਨੀਤਿਕ ਪਾਰਟੀਆਂ ਸਿਰਫ਼ ਸਿੱਖ ਭਾਵਨਾਵਾਂ ਨਾਲ ਖੇਡਣ ਲਈ ਰੱਖਣਾ ਜਿਊਂਦਾ ਰੱਖਣਾ ਚਾਹੁੰਦੀਆਂ ਹਨ । ਪਰ ਹੁਣ ਸਿੱਖ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨ ਦੇਣਗੇ । 
ਮੌਜੂਦਾ ਸਰਕਾਰ ਹੁਣ ਇਸ ਮਾਮਲੇ ਤੇ ਅੱਗੇ ਕਾਰਵਾਈ ਕਰਨ ਦੇ ਨਾਮ ਉੱਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਨਵਾਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਇਸ ਵਿੱਚ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਬਾਕੀ ਧਾਰਮਿਕ ਗ੍ਰੰਥਾਂ ਨੂੰ ਵੀ ਬਰਾਬਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ । ਜੋ ਕਿ ਕਾਨੂੰਨ ਅਤੇ ਧਾਰਮਿਕ ਮਰਿਆਦਾ ਦੇ ਖਿਲਾਫ ਹੈ । ਕਿਵੇਂ…?
ਇੱਕ ਤਾਂ ਧਾਰਮਿਕ ਤੌਰ ਤੇ ਦੇਖਿਆ ਜਾਵੇ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਹਾਜਰ ਨਾਜਰ ਪ੍ਰਤੱਖ ਸਤਿਗੁਰੂ ਮੰਨਦੇ ਹਨ , ਅਤੇ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਨੂੰ ਬਿਨਾਂ ਕਿਸੇ ਜਾਤ ਪਾਤ ਜਾਂ ਕਿਸੇ ਹੋਰ ਵਿਤਕਰੇ ਦੇ,ਆਪਣੇ ਕਲਾਵੇ ਵਿੱਚ ਲੈਂਦੇ ਹਨ ਤੇ ਦੂਜਾ ਕਾਨੂੰਨ ਮੁਤਾਬਕ (ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ) ਇਹ ਦਰਜਾ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਾਪਤ ਹੈ ਹੋਰ ਕਿਸੇ ਵੀ ਧਰਮ ਗ੍ਰੰਥ ਨੂੰ ਪ੍ਰਾਪਤ ਨਹੀਂ ਹੈ
ਸਿੱਖ ਸਾਰੇ ਧਰਮਾਂ ਦਾ, ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ , ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ/ ਬੇਅਦਬੀ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ । ਜੇਕਰ ਨਵੇਂ ਕਾਨੂੰਨ ਮੁਤਾਬਕ ਸਾਰੇ ਧਾਰਮਿਕ ਗ੍ਰੰਥ ਵਿੱਚ ਸ਼ਾਮਿਲ ਕਰ ਲਏ ਜਾਂਦੇ ਹਨ ਤਾਂ ਪੰਜਾਬ ਵਿੱਚ ਮਾਹੌਲ ਬਹੁਤ ਹੀ ਤਣਾਅਪੂਰਨ ਅਤੇ ਖਤਰਨਾਕ ਹੋ ਜਾਵੇਗਾ ਕਿਉਂਕਿ ਨਫ਼ਰਤ ਦੇ ਵਪਾਰੀ ਕੁਝ ਗ੍ਰੰਥਾਂ ਨੂੰ ਧਾਰਮਿਕ ਗ੍ਰੰਥਾਂ ਦਾ ਦਰਜਾ ਦੇ ਕੇ ਸੱਚ ਦੇ ਵਪਾਰੀਆਂ ਦੇ ਖਿਲਾਫ਼ ਰੋਜ਼ਾਨਾ ਹੀ ਵਰਤਣਾ ਸ਼ੁਰੂ ਕਰ ਦੇਣਗੇ । ਉਦਾਹਰਣ ਦੇ ਤੌਰ ਤੇ ਕੁਝ ਅਖੌਤੀ ਧਾਰਮਿਕ ਕਹੇ ਜਾਂਦੇ ਗ੍ਰੰਥ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਸਮਾਜ ਨੂੰ ਜਾਤ/ਪਾਤ ਤੇ ਅਧਾਰਿਤ ਵੰਡਣ ਅਤੇ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਲਿਖੀਆਂ ਹਨ ,ਇਹਨਾਂ ਗ੍ਰੰਥਾਂ ਦੀ ਵਿਰੋਧਤਾ ਸਤਿਕਾਰ ਯੋਗ ਡਾਕਟਰ ਅੰਬੇਦਕਰ ਜੀ ਵਰਗੇ ਵਿਦਵਾਨਾਂ ਨੇ ਵੀ ਕੀਤੀ ਅਤੇ ਅੱਜ ਵੀ ਜਾਗਰੂਕ ਅਖੌਤੀ ਦਲਿਤ ਵੀਰ, (ਅਖੌਤੀ ਤਾਂ ਕਿਹਾ ਕਿਉਂਕਿ ਸਿੱਖ ਧਰਮ ਵਿੱਚ ਜਾਤ/ਪਾਤ ਨਹੀਂ ਹੈ ) ਇਸ ਦੇ ਖਿਲਾਫ ਬੋਲਦੇ ਹਨ , ਫਿਰ ਉਹਨਾਂ ਦੇ ਖਿਲਾਫ ਤਾਂ ਰੋਜ਼ਾਨਾ ਹੀ ਪਰਚੇ ਹੋਣਗੇ ਕੀ ਉਹਨਾਂ ਸਾਡੇ ਵੀਰਾਂ ਨੂੰ ਇਹ ਪ੍ਰਵਾਨ ਹੈ …? ਜੇ ਨਹੀਂ ਪ੍ਰਵਾਨ ਤਾਂ ਉਹਨਾਂ ਨੂੰ ਵੀ ਇਸ ਗੰਭੀਰ ਮੁੱਦੇ ਤੇ ਬੋਲਣਾ ਚਾਹੀਦਾ ਹੈ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ
ਇਸ ਤੋਂ ਇਲਾਵਾ ਕਿਸੇ ਵੀ ਹੋਰ ਧਰਮ ਵਿੱਚ ਧਾਰਮਿਕ ਗ੍ਰੰਥਾਂ ਨੂੰ ਸਿਰਫ਼ ਧਾਰਮਿਕ ਗ੍ਰੰਥ ਹੀ ਮੰਨਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਵਾਂਗ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ ਇਸ ਲਈ ਬਰਾਬਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਅਸੀਂ ਚਾਹੁੰਦੇ ਹਾਂ ਕਿ ਜਾਗਤ ਜੋਤ ਐਕਟ 2008 ਨੂੰ ਹੀ ਸਿੱਖ ਜਥੇਬੰਦੀਆਂ ਦੇ ਨਾਲ ਬੈਠ ਕੇ ਸਿੱਖ ਭਾਵਨਾਵਾਂ ਦੇ ਅਨੁਸਾਰ ਜੇ ਕੋਈ ਕਮੀ ਹੈ ਤਾਂ ਦੂਰ ਕਰਕੇ (ਸੋਧ ਕੇ) ਲਾਗੂ ਕੀਤਾ ਜਾਵੇ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵਿੱਚ ਰਲਗੱਡ ਨਾ ਕੀਤਾ ਜਾਵੇ, ਅਤੇ ਹੁਣ ਤੱਕ ਬੇਅਦਬੀ ਦੇ ਦਰਜ ਮਾਮਲਿਆਂ ( ਜਵਾਰਹ ਸਿੰਘ ਵਾਲਾ ਸਮੇਤ) ਵਿੱਚ ਏਸੇ ਕਾਨੂੰਨ ਮੁਤਾਬਕ ਇਨਸਾਫ਼ ਕੀਤਾ ਜਾਵੇ । ਦੋਸ਼ੀਆਂ ਲਈ ਘੱਟ ਤੋਂ ਘੱਟ ਸਜ਼ਾ ਆਖਰੀ ਸਾਹ ਤੱਕ ਉਮਰ ਕੈਦ ਹੋਣੀ ਚਾਹੀਦੀ ਹੈ ਜੋ ਗੈਰ ਜਮਾਨਤੀ ਹੋਵੇ
 

    ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ

         ਮੁੱਖ ਸੰਪਾਦਕ, ਨਜ਼ਰਾਨਾ ਟਾਈਮਜ 

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.