ਜਨਗਣਨਾ 2027 ਦੇ ਦੂਜੇ ਪੜਾਅ ਲਈ ਸਿਖਲਾਈ ਸ਼ੁਰੂ: ਹਰਪ੍ਰੀਤ ਸਿੰਘ ਆਈਏਐਸ ਡਿਪਟੀ ਕਮਿਸ਼ਨਰ

ਜਨਗਣਨਾ 2027 ਦੇ ਦੂਜੇ ਪੜਾਅ ਲਈ ਸਿਖਲਾਈ ਸ਼ੁਰੂ: ਹਰਪ੍ਰੀਤ ਸਿੰਘ ਆਈਏਐਸ ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਪੰਜ ਕੇਂਦਰਾਂ ‘ਤੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ

ਡਿਪਟੀ ਕਮਿਸ਼ਨਰ ਵੱਲੋਂ ਕੰਮ ਨੂੰ ਪੂਰੀ ਗੰਭੀਰਤਾ ਅਤੇ ਸੁਚੱਜੇ ਢੰਗ ਨਾਲ ਕਰਨ ਦੇ ਨਿਰਦੇਸ਼

ਬਿੰਦਰ ਸਿੰਘ ਖੁੱਡੀ ਕਲਾਂ 
ਬਰਨਾਲਾ, 17 ਅਕਤੂਬਰ

ਜ਼ਿਲ੍ਹਾ ਬਰਨਾਲਾ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ( ਆਬਾਦੀ ਗਣਨਾ) ਨੂੰ ਸੁਚਾਰੂ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀਕਾਰਾਂ (ਇਨਿਊਮਰੇਟਰਾਂ) ਅਤੇ ਸੁਪਰਵਾਈਜ਼ਰਾਂ ਦੀ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਨਗਣਨਾ ਦੇ ਇਸ ਅਹਿਮ ਪੜਾਅ ਦੀ ਤਿਆਰੀ ਵਜੋਂ ਪੰਜ ਵੱਖ ਵੱਖ-ਵੱਖ ਥਾਵਾਂ 'ਤੇ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। ਇਹ ਸਿਖਲਾਈ ਸਕੂਲ ਆਫ਼ ਐਮੀਨੈਂਸ ਮਹਿਲ ਕਲਾਂ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸੰਧੂ ਪੱਤੀ) ਬਰਨਾਲਾ, ਯੂਨੀਵਰਸਿਟੀ ਕਾਲਜ ਢਿੱਲਵਾਂ,  ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹੰਡਿਆਇਆ ਵਿਖੇ ਦਿੱਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਸਾਰੇ ਕੇਂਦਰਾਂ ਵਿਖੇ ਤਜਰਬੇਕਾਰ ਫੀਲਡ ਟ੍ਰੇਨਰਾਂ ਵੱਲੋਂ ਸਮੂਹ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਆਬਾਦੀ ਗਣਨਾ ਦੀ ਸਮੁੱਚੀ ਪ੍ਰਕਿਰਿਆ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਟ੍ਰੇਨਰਾਂ ਵੱਲੋਂ ਜ਼ਮੀਨੀ ਪੱਧਰ 'ਤੇ ਅੰਕੜੇ ਇਕੱਠੇ ਕਰਨ, ਫਾਰਮਾਂ ਨੂੰ ਸਹੀ ਤਰੀਕੇ ਨਾਲ ਭਰਨ ਅਤੇ ਤਕਨੀਕੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਣ ਸਬੰਧੀ ਵਿਸਥਾਰ ਵਿੱਚ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਫੀਲਡ ਵਿੱਚ ਕੰਮ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਸ੍ਰੀ ਹਰਪ੍ਰੀਤ ਸਿੰਘ ਨੇ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਜਨਗਣਨਾ ਇੱਕ ਅਤਿ ਮਹੱਤਵਪੂਰਨ ਰਾਸ਼ਟਰੀ ਕਾਰਜ ਹੈ, ਜਿਸ ਲਈ ਸਾਰੇ ਗਿਣਤੀਕਾਰ ਅਤੇ ਸੁਪਰਵਾਈਜ਼ਰ ਪੂਰੀ ਜ਼ਿੰਮੇਵਾਰੀ, ਤਨਦੇਹੀ ਅਤੇ ਸੁਚੇਤ ਹੋ ਕੇ ਆਪਣੀ ਡਿਊਟੀ ਨਿਭਾਉਣ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਜਾਂ ਘਰ ਗਣਨਾ ਤੋਂ ਵਾਂਝਾ ਨਾ ਰਹੇ ਅਤੇ ਇਕੱਤਰ ਕੀਤਾ ਗਿਆ ਡਾਟਾ ਬਿਲਕੁਲ ਸਹੀ ਤੇ ਪਾਰਦਰਸ਼ੀ ਹੋਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਗਣਨਾ ਟੀਮਾਂ ਫੀਲਡ ਵਿੱਚ ਜਾਣ ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਕੇ ਪੂਰਨ ਸਹਿਯੋਗ ਦਿੱਤਾ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.