'ਆਪ' ਵਿਧਾਇਕ ਦੀ ਸਰਪ੍ਰਸਤੀ ਹੇਠ ਗਰੀਬਾਂ 'ਤੇ ਢਾਹਿਆ ਜਾ ਰਿਹਾ ਅੱਤਿਆਚਾਰ,ਲੋਕਤੰਤਰ ਦਾ ਹੋਇਆ ਕਤਲ - ਬ੍ਰਹਮਪੁਰਾ

'ਆਪ' ਵਿਧਾਇਕ ਦੀ ਸਰਪ੍ਰਸਤੀ ਹੇਠ ਗਰੀਬਾਂ 'ਤੇ ਢਾਹਿਆ ਜਾ ਰਿਹਾ ਅੱਤਿਆਚਾਰ,ਲੋਕਤੰਤਰ ਦਾ ਹੋਇਆ ਕਤਲ - ਬ੍ਰਹਮਪੁਰਾ

ਵਿਧਾਇਕ ਦਾ ਸਾਲਾ ਅਤੇ ਢੋਟੀਆਂ ਦੇ ਸਰਪੰਚ ਦੀ ਗੁੰਡਾਗਰਦੀ ਖ਼ਿਲਾਫ਼ ਨੈਸ਼ਨਲ ਐਸ.ਸੀ.ਕਮਿਸ਼ਨ ਨੂੰ ਭੇਜੀ ਸ਼ਿਕਾਇਤ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,1 ਅਪ੍ਰੈਲ

ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਰਪ੍ਰਸਤੀ ਹੇਠ ਇਲਾਕੇ ਅੰਦਰ 'ਆਪ' ਆਗੂਆਂ ਵੱਲੋਂ ਗਰੀਬ ਅਤੇ ਦਲਿਤ ਪਰਿਵਾਰਾਂ 'ਤੇ ਢਾਹੇ ਜਾ ਰਹੇ ਅੱਤਿਆਚਾਰਾਂ ਨੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੀ ਸਮੁੱਚੀ ਲੀਡਰਸ਼ਿਪ ਸਮੇਤ ਪਿੰਡ ਵੈਈਂਪੂਈ ਅਤੇ ਢੋਟੀਆਂ ਦਾ ਦੌਰਾ ਕੀਤਾ।ਪਿੰਡ ਵੈਈਂਪੂਈ ਵਿਖੇ 'ਆਪ' ਸਰਪੰਚ ਹਰਜਿੰਦਰ ਸਿੰਘ ਵੱਲੋਂ ਹਥਿਆਰਾਂ ਦੀ ਨੋਕ 'ਤੇ ਸਾੜੇ ਗਏ ਗਰੀਬ ਦਲਿਤ ਪਰਿਵਾਰ ਦੇ ਘਰ ਦਾ ਜਾਇਜ਼ਾ ਲੈਂਦਿਆਂ ਅਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਂਦਿਆਂ ਸ੍ਰ.ਬ੍ਰਹਮਪੁਰਾ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ।ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗਰੀਬਾਂ ਦੇ ਘਰਾਂ ਨੂੰ ਅੱਗਾਂ ਲਗਾਉਣੀਆਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਸਾੜਨਾ ਸ਼ਰੇਆਮ ਲੋਕਤੰਤਰ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦਾ ਕਤਲ ਹੈ,ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਦੋਸ਼ ਲਗਾਇਆ ਕਿ ਇਹ ਸਾਰੀ ਗੁੰਡਾਗਰਦੀ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੀ ਸਿੱਧੀ ਸ਼ਹਿ 'ਤੇ ਹੋ ਰਹੀ ਹੈ।

ਉਹਨਾਂ ਦੱਸਿਆ ਕਿ ਪਿੰਡ ਢੋਟੀਆਂ ਵਿਖੇ ਇੱਕ ਦਲਿਤ ਨੌਜਵਾਨ ਨੂੰ ਕਮਰੇ ਵਿੱਚ ਬੰਦ ਕਰਕੇ ਬੇਰਹਿਮੀ ਨਾਲ ਰਾਡਾਂ ਨਾਲ ਕੁੱਟਣ ਵਾਲਾ ਢੋਟੀਆਂ ਦਾ ਸਰਪੰਚ ਅਤੇ ਘਰਾਂ ਨੂੰ ਅੱਗਾਂ ਲਗਾਉਣ ਵਾਲਾ ਵਿਧਾਇਕ ਦਾ ਸਕਾ ਸਾਲਾ ਸਰਪੰਚ ਬਲਦੇਵ ਸਿੰਘ ਗੋਰਾ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਾਰੀ ਦਬਾਅ ਸਦਕਾ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਹੈ,ਪਰ ਸੱਤਾਧਾਰੀ ਧਿਰ ਅਤੇ ਵਿਧਾਇਕ ਦੇ ਸਿਆਸੀ ਦਬਾਅ ਹੇਠ ਪੁਲਿਸ ਇਹਨਾਂ ਗੁੰਡਿਆਂ ਦੀ ਗ੍ਰਿਫ਼ਤਾਰੀ ਕਰਨ ਤੋਂ ਬੇਵੱਸ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦਾ ਸ਼ਰੇਆਮ ਆਜ਼ਾਦ ਘੁੰਮਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਿਧਾਇਕ ਦੀ ਕਠਪੁਤਲੀ ਬਣ ਚੁੱਕੀ ਹੈ।ਸ੍ਰ. ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਤੋਂ ਇਨਸਾਫ਼ ਦੀ ਆਸ ਮੁੱਕ ਚੁੱਕੀ ਹੈ,ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੀ ਪੀੜਤ ਪਰਿਵਾਰਾਂ ਦੀ ਤਰਫ਼ੋਂ 'ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ,ਨਵੀਂ ਦਿੱਲੀ ਨੂੰ ਲਿਖਤੀ ਸ਼ਿਕਾਇਤ ਅਤੇ ਸਾਰੇ ਵੀਡੀਓ ਸਬੂਤ ਭੇਜ ਦਿੱਤੇ ਹਨ।ਉਹਨਾਂ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੂੰ ਤੁਰੰਤ ਦਿੱਲੀ ਤਲਬ ਕਰਕੇ ਇਸ ਸਿਆਸੀ ਗੁੰਡਾਗਰਦੀ ਦਾ ਸਖ਼ਤ ਨੋਟਿਸ ਲਿਆ ਜਾਵੇ। ਉਹਨਾਂ ਪ੍ਰਸ਼ਾਸਨ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਦੇ ਸਾਲੇ ਬਲਦੇਵ ਸਿੰਘ ਗੋਰਾ, ਢੋਟੀਆਂ ਦੇ ਸਰਪੰਚ ਅਤੇ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਨਾ ਭੇਜਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ, ਅਕਾਲੀ  ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੇਈਪੂਈ, ਸੀਨੀਅਰ ਅਕਾਲੀ ਆਗੂ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੀਤ ਪ੍ਰਧਾਨ, ਚੇਅਰਮੈਨ ਗੁਰਸੇਵਕ ਸਿੰਘ ਸੇਖ, ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜਨ, ਤਸਵੀਰ ਸਿੰਘ ਮੈਂਬਰ ਪੰਚਾਇਤ,ਡਾਕਟਰ ਰਾਣਾ ਅਤੇ ਸਮਿਤੀ ਮੈਂਬਰ ਸ਼ਮਸ਼ੇਰ ਸਿੰਘ ਸ਼ਾਮਲ ਸਨ, ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.