ਮੰਨੂਵਾਦੀਆਂ ਦੇ ਰਾਮ ਰਾਜ ਦਾ ਵੇਖੋ ਹਾਲ- ਨਾ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਨਾ ਨਿਰਪੱਖ ਪੜ੍ਹਤਾਲ।
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ-ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਵਿੱਚ ਸ਼ਾਮਿਲ ਧਿਰਾਂ ਦਾ ਸਮਾਜਕ ਬਾਈਕਾਟ- ਸਿੱਖਾਂ ਦੀ ਕੁਲਨਾਸ਼ ਦੇ ਦੋਸ਼ੀਆਂ ਇੰਦਰਾਂ, ਰਾਜੀਵ, ਨਰਸਿਮਹਾ ਰਾਓ, ਅਡਵਾਨੀ, ਵਾਜਪਾਈ, ਕੁਲਦੀਪ ਬਰਾੜ, ਕੇ.ਪੀ.ਐਸ. ਗਿੱਲ ਵਰਗਿਆਂ ਨੂੰ ਦਿੱਤੇ ਸਨਮਾਨ ਲਓ ਵਾਪਸ - ਖਾਲੜਾ ਮਿਸ਼ਨ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਵੱਲੋਂ ਜੂਨ-84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਤੇ ਹਜ਼ਾਰਾਂ ਕਤਲ ਹੋਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਅਕਾਲ ਪੁਰਖ ਅੱਗੇ ਕੀਤੀ ਅਰਦਾਸ ਬੇਨਤੀ ਵਿੱਚ ਕਿਹਾ ਗਿਆ ਕਿ ਹੇ ਪ੍ਰਮਾਤਮਾ ਪਾਪੀ ਹਾਕਮਾਂ ਨੂੰ ਸੁਮੱਤ ਬਖਸ਼ੋ, ਹਾਕਮ ਲੋਕਾਈ ਉੱਪਰ ਜ਼ੁਲਮ ਢਾਹ ਰਹੇ ਹਨ ਆਪਣੇ ਆਪ ਨੂੰ ਇਹ ਰੱਬ ਸਮਝਣ ਲੱਗ ਪਏ ਹਨ। ਇਹ ਪਾਵਨ ਗੁਰਬਾਣੀ ਦਾ ਇਹ ਸੰਦੇਸ਼ ਭੁੱਲ ਗਏ ਹਨ-
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥
ਇਸ ਮੌਕੇ 'ਤੇ ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਸਿੱਖਾਂ ਤੇ ਸਿੱਖੀ ਉੱਪਰ ਮਿੱਥ ਕੇ ਕੀਤਾ ਗਿਆ ਅੱਤਵਾਦੀ ਫੌਜੀ ਹਮਲਾ ਸੀ ਜੋ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਕੀਤਾ ਗਿਆ ਸੀ। ਕਿਉਂਕਿ ਸਮੇਂ ਸਮੇਂ ਦੇ ਹਾਕਮਾਂ ਕੋਲੋਂ ਸਿੱਖੀ ਦਾ ਸੰਦੇਸ਼ ਬਰਦਾਸ਼ਤ ਨਹੀਂ ਹੋ ਰਿਹਾ। ਸੰਦੇਸ਼ ਹੈ ਸਰਬੱਤ ਦਾ ਭਲਾ, ਮਨੁੱਖੀ ਬਰਾਬਰਤਾ, ਜ਼ੁਲਮ ਦਾ ਵਿਰੋਧ, ਜਾਤਪਾਤ ਦਾ ਖਾਤਮਾ, ਹਲੇਮੀ ਰਾਜ, ਨਿਮਾਣਿਅਆਂ-ਨਿਤਾਣਿਆਂ ਦਾ ਸਾਥ ਤੇ ਗਰੀਬ ਦੀ ਬਾਂਹ ਫੜਨੀ, ਮਲਕ ਭਾਗੋਆਂ ਦੀ ਵਿਰੋਧਤਾ। ਜਥੇਬੰਦੀਆਂ ਨੇ ਕਿਹਾ ਕਿ ਜ਼ਲਿ੍ਹਆਂ ਵਾਲਾ ਬਾਗ ਗੋਲੀ ਕਾਂਡ ਵਾਪਰਿਆ ਤਾਂ ਅੰਗਰੇਜ ਸਰਕਾਰ ਨੇ 10 ਮਿੰਟ ਚੱਲੀ ਗੋਲੀ ਲਈ ਹੰਟਰ ਕਮਿਸ਼ਨ ਬਣਾਇਆ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ।

ਕਾਂਗਰਸ ਪਾਰਟੀ ਨੇ ਵੱਖਰਾ ਪੜ੍ਹਤਾਲੀਆਂ ਕਮਿਸ਼ਨ ਬਣਾਇਆ। ਪਰ ਹਨੇਰ ਸਾਈਂ ਦਾ ਸ਼੍ਰੀ ਦਰਬਾਰ ਸਾਹਿਬ ਉੱਪਰ 72 ਘੰਟੇ ਤੋਪਾਂ ਟੈਂਕਾਂ ਨਾਲ ਬੰਬਾਰੀ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਏਡਾ ਵੱਡਾ ਪਾਪ ਜਿਸ ਦੀ ਅੱਜ ਤੱਕ ਕੋਈ ਪੜ੍ਹਤਾਲ ਨਹੀਂ ਹੋਈ ਨਾ 42 ਸਾਲ ਬਾਅਦ ਫਾਈਲਾਂ ਜਨਤਕ ਹੋਈਆਂ। ਹੋਰ ਤਾਂ ਹੋਰ ਅਕਾਲੀ ਦਲ ਨੇ ਅੱਜ ਤੱਕ ਕੋਈ ਪੜ੍ਹਤਾਲੀਆਂ ਕਮਿਸ਼ਨ ਬਣਾਕੇ ਸਿੱਖਾਂ ਦੇ ਹਿਰਦੇ ਠੰਡੇ ਕਰਨ ਦੀ ਬਜਾਏ, ਇੰਨ੍ਹਾਂ ਦਿੱਲੀ ਨਾਗਪੁਰ ਨਾਲ ਰਲ ਕੇ ਫੌਜੀ ਹਮਲੇ ਦੇ ਸਭ ਨਿਸ਼ਾਨ ਮਿਟਾ ਦਿੱਤੇ। ਏਜੰਡਾ ਸੀ ਫੌਜੀ ਹਮਲੇ ਦਾ ਖੁਰਾ ਖੋਜ ਮਿਟਾਉਣਾ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਤੇ ਪਰਦਾਪੋਸ਼ੀ ਵਿੱਚ ਸ਼ਾਮਿਲ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ., ਬਾਦਲਕੇ, ਕੇਜਰੀਵਾਲਕੇ) ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਇੰਨ੍ਹਾਂ ਦੇ ਗੁਰੂ ਘਰਾਂ ਵਿੱਚ ਸਨਮਾਨ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਕੁਲਨਾਸ਼ ਦੇ ਦੋਸ਼ੀਆਂ ਇੰਦਰਾਂ, ਰਾਜੀਵ, ਨਰਸਿਮਹਾ ਰਾਓ, ਅਡਵਾਨੀ, ਵਾਜਪਾਈ, ਕੁਲਦੀਪ ਬਰਾੜ, ਕੇ.ਪੀ.ਐਸ. ਗਿੱਲ, ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੂੰ ਦਿੱਤੇ ਸਨਮਾਨ ਵਾਪਸ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦਾ ਨਿਰਪੱਖ ਕਮਿਸ਼ਨ ਫੌਜੀ ਹਮਲੇ ਦੀ ਪੜ੍ਹਤਾਲ ਲਈ ਬਣਨਾ ਚਾਹੀਦਾਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਹਾਂਪਾਪ ਲਈ ਕਮਿਸ਼ਨ ਬਣਾਕੇ ਸੱਚਾਈ ਤੋਂ ਪਰਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ, ਕਿਵੇਂ ਫੌਜੀ ਹਮਲੇ ਸਮੇਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ, ਬੀਬੀਆਂ ਨਾਲ ਦੁਸ਼ਕਰਮ ਹੋਏ, ਬੱਚਿਆਂ ਨੂੰ ਵੀ ਪਾਪੀਆਂ ਨੇ ਨਾ ਬਖਸ਼ਿਆਂ। ਇੱਥੋਂ ਤੱਕ ਕਿ ਖਾਲਸਾ ਸਕੂਲ ਪਾਉਂਟਾ ਸਾਹਿਬ ਦੇ 65 ਬੱਚੇ ਜੂਨ-84 ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ, 5-6 ਜੂਨ ਦੀ ਰਾਤ ਨੂੰ 33 ਬੱਚਿਆਂ ਜਿੰਨ੍ਹਾਂ ਦੀ ਉਮਰ 6 ਤੋਂ 14 ਸਾਲ ਸੀ, ਨੂੰ ਫੌਜ ਨੇ ਗੋਲੀਆਂ ਨਾਲ ਭੁੰਨ ਸੁੱਟਿਆ। 32 ਬੱਚੇ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤੇ ਗਏ। ਮਨੁੱਖੀ ਅਧਿਕਾਰਾਂ ਦਾ ਏਨੀ ਬੇਦਰਦੀ ਤੇ ਬੇਸ਼ਰਮੀ ਨਾਲ ਕਤਲੇਆਮ ਕੀਤਾ ਗਿਆ ਜਿਸ ਦੀ ਕਿਤੇ ਮਿਸਾਲ ਨਹੀਂ ਮਿਲਦੀ। ਵੱਡੇ ਪੱਧਰ ਤੇ ਹਾਕਮਾਂ ਨੂੰ ਜਦੋਂ ਲਾਹਨਤਾਂ ਪਈਆਂ ਤਾਂ ਸੁਪਰੀਮ ਕੋਰਟ ਨੇ ਇੰਨ੍ਹਾਂ ਬੱਚਿਆਂ ਨੂੰ ਕਈ ਮਹੀਨਿਆਂ ਬਾਅਦ ਰਿਹਾਅ ਕੀਤਾ। ਉਨ੍ਹਾਂ ਕਿਹਾ ਕਿ ਮੰਨੂਵਾਦੀ ਧਿਰਾਂ ਦਾ ਵਾਈਟ ਪੇਪਰ ਝੂਠ ਦਾ ਪੁਲੰਦਾ ਨਿਕਲਿਆ, ਜਿਸ ਵਿੱਚ ਕਿਹਾ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਉੱਪਰ ਇੱਕ ਵੀ ਗੋਲੀ ਨਹੀਂ ਲੱਗੀ, ਜਦੋਂ ਕਿ 250 ਦੇ ਕਰੀਬ ਗੋਲੀਆਂ ਪਾਵਨ ਪਵਿੱਤਰ ਅਸਥਾਨ ਮਾਨਵਤਾ ਦੇ ਚਾਨਣ ਮੁਨਾਰੇ ਸ਼੍ਰੀ ਦਰਬਾਰ ਸਾਹਿਬ ਉੱਪਰ ਲੱਗੀਆਂ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਸ ਮਹਾਂਪਾਪ ਵਿੱਚ ਕਾਂਗਰਸ ਪਾਰਟੀ ਦੇ ਨਾਲ-ਨਾਲ ਭਾਜਪਾ, ਆਰ.ਐਸ.ਐਸ. ਤੇ ਕਮਿਊਨਿਸਟ ਪਾਰਟੀਆਂ ਦੇ ਰੋਲ ਦਾ, ਸੱਚ ਸਾਹਮਣੇ ਆਉਣਾ ਚਾਹੀਦਾ ਹੈ ਬਾਦਲਕਿਆਂ ਵੱਲੋਂ ਦਿੱਲੀ ਨਾਗਪੁਰ ਨਾਲ ਕੀਤੀਆਂ ਗੁਪਤ ਮੀਟਿੰਗਾਂ ਤੇ ਲਿਖੀਆਂ ਗੁਪਤ ਚਿੱਠੀਆਂ ਦਾ। ਇੰਗਲੈਂਡ ਦੀ ਲੇਬਰ ਪਾਰਟੀ ਵੀ ਲਗਾਤਾਰ ਫੌਜੀ ਹਮਲੇ ਸਮੇਂ ਇੰਗਲੈਂਡ ਦੀ ਸ਼ਮੂਲੀਅਤ ਦੀ ਪੜ੍ਹਤਾਲ ਲਈ ਲੜਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਤਾਂ ਨਹੀਂ ਕਰ ਰਹੀ, ਕਿਉਂਕਿ ਭਾਜਪਾ ਖੁਦ ਇਸ ਮਹਾਂਪਾਪ ਵਿੱਚ ਸ਼ਾਮਿਲ ਸੀ। ਇੰਨ੍ਹਾਂ ਹੀ ਨਹੀਂ ਸਗੋਂ ਕੁਲ ਨਾਸ਼ ਦੇ ਮਹਾਂਦੋਸ਼ੀ ਨਰਸਿਮਹਾ ਰਾਓ ਨੂੰ ਭਾਜਪਾ ਨੇ ਭਾਰਤ ਰਤਨ ਨਾਲ ਸਨਮਾਨਿਤ ਕਰ ਦਿੱਤਾ। ਇਸ ਮੌਕੇ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸੁਖਚੈਨ ਸਿੰਘ ਬਹਿਲਾ, ਗੋਪਾਲ ਸਿੰਘ ਖਾਲੜਾ, ਸਤਵੰਤ ਸਿੰਘ ਮਾਣਕ, ਬਲਦੇਵ ਸਿੰਘ ਸਾਘਣਾ, ਬੌਬੀ ਕੁਮਾਰ, ਸੁਖਵਿੰਦਰ ਸਿੰਘ ਤਰਨ ਤਾਰਨ, ਦਰਸ਼ਨ ਸਿੰਘ ਮਨਿਹਾਲਾ, ਡਾ. ਕਾਬਲ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਯਸ਼ਪਾਲ ਸਿੰਘ ਨੌਸ਼ਿਹਰਾ ਪੰਨੂਆਂ, ਨਿਰਮਲ ਸਿੰਘ ਸਰਹਾਲੀ, ਹਰਭਜਨ ਸਿੰਘ ਤਰਸਿੱਕਾ, ਗੁਰਜੀਤ ਸਿੰਘ ਤਰਸਿੱਕਾ, ਗੁਰਪ੍ਰੀਤ ਸਿੰਘ ਘੰਣੂਪੁਰ ਕਾਲੇ, ਜਰਨੈਲ ਸਿੰਘ ਸੰਘਾ, ਦਲਬੀਰ ਸਿੰਘ ਭੀਲੋਵਾਲ, ਅਗਮਜੋਤ ਸਿੰਘ, ਸੁਖਦੇਵ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।
Leave a Reply