ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਪੰਜਾਬ ਨੂੰ ਵੰਗਾਰ ਹੈ
- ਅੰਤਰਰਾਸ਼ਟਰੀ
- (Asia/Kolkata)
ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦਾ ਰੋਹ ਵਿਖਾ ਦਿੱਤਾ ਹੈ। ਪੰਜਾਬੀਆਂ ਨੇ ਆਪ-ਮੁਹਾਰੇ ਕਾਰੋਬਾਰ ਬੰਦ ਕਰਕੇ ਦੱਸ ਦਿੱਤਾ ਕਿ ਉਹ ਨਸ਼ਿਆਂ ਨਾਲ ਉੱਜੜਦੇ ਘਰਾਂ ਅਤੇ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੇ ਕਤਲਾਂ ਨੂੰ ਚੁੱਪ ਕਰਕੇ ਨਹੀਂ ਸਹਿਣਗੇ। ਇਹ ਬੰਦ ਹਕੂਮਤ ਲਈ ਸਿੱਧਾ ਸੁਨੇਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਚਾਹੀਦੀ ਹੈ, ਖੋਖਲੇ ਐਲਾਨਾਂ ਨਾਲ ਹੁਣ ਲੋਕਾਂ ਦਾ ਢਿੱਡ ਨਹੀਂ ਭਰਨਾ। ਭਾਈ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਜਵਾਨੀ ਬਚਾਉਣ ਲਈ ਆਵਾਜ਼ ਚੁੱਕਦਾ ਸੀ। ਉਸ ਦੀ ਸ਼ਹਾਦਤ ਨੇ ਲੋਕਾਂ ਅੰਦਰ ਦਰਦ ਦੇ ਨਾਲ ਸਵਾਲ ਕਰਨ ਦੀ ਹਿੰਮਤ ਵੀ ਜਗਾਈ ਹੈ। ਜਿਹੜੀ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਅਰੇ ਮਾਰਦੀ ਹੈ, ਉਸ ਦੇ ਰਾਜ ਵਿੱਚ ਨਸ਼ਿਆਂ ਵਿਰੁੱਧ ਲੜਨ ਵਾਲੇ ਦੀ ਜਾਨ ਕਿਉਂ ਨਹੀਂ ਬਚ ਸਕੀ ?
ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਅਹੁਦੇਦਾਰਾਂ ਦੀ ਚੁੱਪ ਉੱਤੇ ਵੀ ਸਵਾਲ ਉੱਠ ਰਹੇ ਹਨ। ਚੋਣਾਂ ਵੇਲੇ ਘਰਾਂ ਦੇ ਬੂਹੇ ਖੜਕਾਉਣ ਵਾਲੇ ਆਗੂ ਅੱਜ ਦੁਖੀ ਲੋਕਾਂ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ? ਇਨਸਾਫ਼ ਮੰਗਦੇ ਲੋਕਾਂ ਨੂੰ ਸਰਕਾਰ ਵਿਰੋਧੀ ਮਾਹੌਲ ਬਣਾਉਣ ਵਾਲੇ ਸਮਝਣਾ ਲੋਕਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣਾ ਹੈ। ਜਦੋਂ ਸਰਕਾਰ ਹਰ ਪ੍ਰਾਪਤੀ ਦਾ ਸਿਹਰਾ ਆਪਣੇ ਸਿਰ ਬੰਨ੍ਹਦੀ ਹੈ ਤਾਂ ਨਾਕਾਮੀ ਦੀ ਜ਼ਿੰਮੇਵਾਰੀ ਤੋਂ ਪਾਸਾ ਕਿਵੇਂ ਵੱਟ ਸਕਦੀ ਹੈ ? ਮਾਨਸਾ ਮੋਰਚੇ ਦੀ ਕਮੇਟੀ ਵੱਲੋਂ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਅਸਤੀਫ਼ਿਆਂ ਦੀ ਮੰਗ ਇਸੇ ਜਵਾਬਦੇਹੀ ਦੇ ਸਵਾਲ ਹਨ। ਕੁਰਸੀ ਸਿਰਫ਼ ਰਾਜ ਕਰਨ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਹੁੰਦੀ ਹੈ। ਕਤਲ ਦੇ ਮੁਲਜ਼ਮ ਅਸ਼ਵਨੀ ਕੁਮਾਰ ਬਾਰੇ ਨਸ਼ਿਆਂ ਦੇ ਕੇਸਾਂ ਵਿੱਚ ਲਿਪਤ ਹੋਣ ਦੇ ਦੋਸ਼ਾਂ ਦੇ ਬਾਵਜੂਦ ਮੈਡੀਕਲ ਸਟੋਰ ਚਲਾਉਣ ਅਤੇ ਲਾਇਸੰਸੀ ਅਸਲਾ ਰੱਖਣ ਦੇ ਉੱਠੇ ਸਵਾਲਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਅੱਜ ਲੋੜ ਹੈ ਕਿ ਜਿਸ ਇਲਾਕੇ ਵਿੱਚ ਨਸ਼ਿਆਂ ਕਾਰਨ ਮੌਤ ਹੋਵੇ, ਉੱਥੇ ਤਸਕਰਾਂ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਵੀ ਜਾਂਚੀ ਜਾਵੇ। ਮਿਲੀਭੁਗਤ ਜਾਂ ਲਾਪਰਵਾਹੀ ਸਾਬਤ ਹੋਣ ਉੱਤੇ ਅਫ਼ਸਰਾਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ।
ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ 'ਨਿਊ ਦੁਸਹਿਰਾ ਕਮੇਟੀ ਮਾਨਸਾ' ਵੱਲੋਂ ਦੁਸਹਿਰਾ ਸਮਾਗਮ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਇਸ ਦਿਨ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਪੁਤਲੇ ਫੂਕ ਕੇ ਰੋਸ ਪ੍ਰਗਟਾਇਆ ਜਾਵੇ। ਜਿਹੜੇ ਹਾਕਮ ਲੋਕਾਂ ਦੀ ਜਾਨ ਦੀ ਰਾਖੀ ਕਰਨ ਅਤੇ ਨਸ਼ਿਆਂ ਵਿਰੁੱਧ ਲੜਨ ਵਾਲਿਆਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹਿਣ ਉਹ ਲੋਕਾਂ ਲਈ ਰਾਵਣ ਤੋਂ ਕਿਹੜਾ ਘੱਟ ਹਨ ? ਪੰਜਾਬ ਨੂੰ ਕਾਗ਼ਜ਼ ਦੇ ਰਾਵਣ ਸਾੜਨ ਦੇ ਨਾਲ ਹਕੂਮਤੀ ਹੰਕਾਰ ਅਤੇ ਨਸ਼ਿਆਂ ਦੇ ਜਾਲ ਵਿਰੁੱਧ ਵੀ ਡਟਣਾ ਪਵੇਗਾ। ਝੋਟੇ ਦੇ ਖ਼ੂਨ ਨੇ ਪੰਜਾਬ ਦੀਆਂ ਜੜ੍ਹਾਂ ਨੂੰ ਤਾਕਤ ਦੇ ਦਿੱਤੀ ਹੈ। ਉਸ ਦੀ ਸ਼ਹਾਦਤ ਨੇ ਸੁੱਤੇ ਜ਼ਮੀਰ ਜਗਾ ਦਿੱਤੇ ਤੇ ਜ਼ੁਲਮ ਅੱਗੇ ਡਟਣ ਦਾ ਹੌਸਲਾ ਭਰ ਦਿੱਤਾ ਹੈ। ਉਸ ਦੀ ਕੁਰਬਾਨੀ ਨੇ ਪੰਜਾਬ ਨੂੰ ਮੁੜ ਇਕੱਠੇ ਖੜ੍ਹਨਾ ਸਿਖਾ ਦਿੱਤਾ ਹੈ। ਜਿਹੜੇ ਬੁੱਲ੍ਹ ਡਰ ਕਰਕੇ ਚੁੱਪ ਸਨ, ਅੱਜ ਉਹ ਇਨਸਾਫ਼ ਲਈ ਬੋਲ ਰਹੇ ਹਨ। ਮਾਵਾਂ ਦੇ ਹੰਝੂ ਹੁਣ ਹਕੂਮਤ ਕੋਲੋਂ ਆਪਣੇ ਪੁੱਤਾਂ ਦਾ ਹਿਸਾਬ ਮੰਗਦੇ ਹਨ। ਝੋਟੇ ਦੀ ਆਵਾਜ਼ ਹੁਣ ਪਿੰਡਾਂ ਦੀਆਂ ਸੱਥਾਂ ਤੋਂ ਸ਼ਹਿਰਾਂ ਦੇ ਚੌਂਕਾਂ ਤਕ ਗੂੰਜ ਰਹੀ ਹੈ।
ਪੰਜਾਬ ਨੇ ਠਾਣ ਲਈ ਹੈ ਕਿ ਨਸ਼ਿਆਂ ਹੱਥੋਂ ਆਪਣੇ ਪੁੱਤ ਹੋਰ ਨਹੀਂ ਗੁਆਉਣੇ। ਪੰਜਾਬ ਦੀ ਜਵਾਨੀ ਨੇ ਨਾਦਰਾਂ, ਅਬਦਾਲੀਆਂ ਤੇ ਫਿਰੰਗੀਆਂ ਅੱਗੇ ਸਿਰ ਨਹੀਂ ਝੁਕਾਇਆ। ਗੁਰੂ ਸਾਹਿਬਾਨ ਨੇ ਸਾਨੂੰ ਜ਼ੁਲਮ ਅੱਗੇ ਡਟਣਾ ਸਿਖਾਇਆ ਸੀ। ਅੱਜ ਉਸੇ ਪੰਜਾਬ ਦੇ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਅਤੇ ਹਾਕਮ ਨਸ਼ੇ ਮੁਕਾਉਣ ਦੇ ਨਾਅਰਿਆਂ ਨਾਲ ਆਪਣੀਆਂ ਕੁਰਸੀਆਂ ਚਮਕਾ ਰਹੇ ਹਨ। ਭਾਈ ਪਰਵਿੰਦਰ ਸਿੰਘ ਝੋਟਾ ਆਪਣੇ ਘਰ ਦੀ ਲੜਾਈ ਨਹੀਂ ਲੜਦਾ ਸੀ। ਉਹ ਸਾਡੇ ਘਰਾਂ ਦੇ ਚਿਰਾਗ ਬਚਾਉਣ ਲਈ ਖੜ੍ਹਾ ਸੀ। ਜਿਹੜਾ ਕੰਮ ਸਰਕਾਰ ਤੇ ਪੁਲਿਸ ਦਾ ਸੀ, ਉਹ ਪੰਜਾਬ ਦਾ ਇੱਕ ਪੁੱਤ ਆਪਣੀ ਜਾਨ ਤਲੀ ਉੱਤੇ ਧਰ ਕੇ ਕਰ ਰਿਹਾ ਸੀ। ਉਸ ਦਾ ਕਤਲ ਹਕੂਮਤ ਦੀ ਕਾਰਗੁਜ਼ਾਰੀ ਉੱਤੇ ਅਜਿਹਾ ਸਵਾਲ ਹੈ, ਜਿਸ ਨੂੰ ਇਸ਼ਤਿਹਾਰਾਂ ਹੇਠ ਦੱਬਿਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਜਵਾਬ ਦੇਵੇ ਕਿ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਸੁਰੱਖਿਆ ਕੌਣ ਕਰੇਗਾ ? ਤਸਕਰਾਂ ਨੂੰ ਸ਼ਹਿ ਦੇਣ ਵਾਲਿਆਂ ਦੀ ਜਾਂਚ ਕਦੋਂ ਹੋਵੇਗੀ ? ਹਰ ਵਾਰ ਲੋਕਾਂ ਦੇ ਪੁੱਤ ਮਰਨ ਅਤੇ ਅਫ਼ਸਰ ਬਿਆਨ ਦੇ ਕੇ ਬਚ ਨਿਕਲਣ ਇਹ ਕਦੋਂ ਤੱਕ ਚੱਲੇਗਾ ? ਪੰਜਾਬ ਦੇ ਜਾਇਓ! ਝੋਟੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਕੇ ਆਪਣਾ ਫ਼ਰਜ਼ ਮੁੱਕਿਆ ਨਾ ਸਮਝਿਓ। ਪਿੰਡਾਂ ਵਿੱਚ ਜਥੇਬੰਦ ਹੋਵੋ, ਪੀੜਤ ਪਰਿਵਾਰਾਂ ਨਾਲ ਖੜ੍ਹੋ ਅਤੇ ਸ਼ਾਂਤਮਈ ਲੋਕ ਸੰਘਰਸ਼ ਨੂੰ ਤਾਕਤ ਦਿਓ। ਹੁਣ ਇਸ ਜਾਗ੍ਰਿਤੀ ਨੂੰ ਮੱਠਾ ਨਾ ਪੈਣ ਦਿਓ। ਸਰਕਾਰਾਂ ਕੋਲੋਂ ਜਵਾਬ ਮੰਗੋ ਤੇ ਆਖੋ ਕੇ ਹੁਣ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਚਾਹੀਦੀ ਹੈ, ਅਸੀਂ ਨੌਜਵਾਨਾਂ ਦੇ ਹੋਰ ਸੱਥਰ ਬਰਦਾਸ਼ਤ ਨਹੀਂ ਕਰਾਂਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply