ਭਾਈ ਕਰਨੈਲ ਸਿੰਘ ਪੰਜੋਲੀ ਵੱਲੋਂ ਪਿੰਡ ਪੰਜੋਲੀ ਵਿਖੇ ਉਸਾਰੀ 4500 ਕਿਤਾਬਾਂ ਵਾਲੀ ਲਾਇਬ੍ਰੇਰੀ ਤੇ ਭਵਨ ਨਵੀਂ ਪੀੜ੍ਹੀ ਲਈ ਅਨਮੋਲ ਖ਼ਜ਼ਾਨਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਸ਼ਟਰੀ
- (Asia/Kolkata)
ਸ੍ਰੀ ਫ਼ਤਹਿਗੜ੍ਹ ਸਾਹਿਬ, 24 ਅਕਤੂਬਰ , ਜੁਗਰਾਜ ਸਿੰਘ ਸਰਹਾਲੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਵੱਲੋਂ ਆਪਣੇ ਪਿੰਡ ਪੰਜੋਲੀ ਵਿਖੇ ਬਣਾਈ ਲਾਇਬ੍ਰੇਰੀ ਅਤੇ ਭਵਨ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ, ਵਿਚਾਰ-ਚਰਚਾ ਅਤੇ ਇਤਿਹਾਸ ਨਾਲ ਜੋੜਨ ਵਾਲਾ ਇਹ ਉਪਰਾਲਾ ਨੌਜਵਾਨ ਪੀੜ੍ਹੀ ਲਈ ਗਿਆਨ ਅਤੇ ਪੰਥਕ ਚੇਤਨਾ ਦਾ ਚਾਨਣ ਮੁਨਾਰਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਕਰਨੈਲ ਸਿੰਘ ਪੰਜੋਲੀ ਨੇ ਸਿਰਫ਼ ਇਮਾਰਤ ਉਸਾਰਨ ਤੱਕ ਆਪਣੀ ਜ਼ਿੰਮੇਵਾਰੀ ਸੀਮਿਤ ਨਹੀਂ ਰੱਖੀ, ਸਗੋਂ ਇਸ ਨੂੰ ਪੜ੍ਹਨ, ਵਿਚਾਰਨ ਅਤੇ ਸਾਂਝੇ ਪੰਥਕ ਕਾਰਜਾਂ ਲਈ ਵਰਤਣਯੋਗ ਕੇਂਦਰ ਬਣਾਇਆ ਹੈ। ਭਵਨ ਦੀ ਲਾਇਬ੍ਰੇਰੀ ਵਿੱਚ ਲਗਭਗ 4500 ਕਿਤਾਬਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਉੱਤੇ ਇੰਨੀਆਂ ਕਿਤਾਬਾਂ ਇਕੱਠੀਆਂ ਕਰਕੇ ਪਾਠਕਾਂ ਲਈ ਉਪਲਬਧ ਕਰਵਾਉਣਾ ਵੱਡੀ ਪ੍ਰਾਪਤੀ ਹੈ। ਭਾਈ ਕਰਨੈਲ ਸਿੰਘ ਪੰਜੋਲੀ ਦੇ ਘਰ ਦੇ ਦਫ਼ਤਰ ਵਿੱਚ ਵੀ ਵਧੀਆ ਕਿਤਾਬਾਂ ਦਾ ਸੰਗ੍ਰਹਿ ਉਨ੍ਹਾਂ ਦੀ ਪੜ੍ਹਨ ਪ੍ਰਤੀ ਲਗਨ ਨੂੰ ਦਰਸਾਉਂਦਾ ਹੈ। ਭਵਨ ਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੱਸਿਆ ਕਿ ਇੱਥੇ ਮੀਟਿੰਗ ਹਾਲ, ਦਫ਼ਤਰ, ਡਰਾਇੰਗ ਰੂਮ ਅਤੇ ਇੱਕ ਬੈੱਡਰੂਮ ਦੀ ਵਿਵਸਥਾ ਹੈ। ਸਮਾਗਮਾਂ ਅਤੇ ਵਿਚਾਰ-ਗੋਸ਼ਟੀਆਂ ਲਈ ਚਾਰ ਸਪੀਕਰ ਪੱਕੇ ਤੌਰ ਉੱਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਅਜਿਹਾ ਸੁਚੱਜਾ ਭਵਨ ਪਿੰਡਾਂ ਵਿੱਚ ਉਸਾਰਨਾ ਹੋਰਨਾਂ ਲਈ ਵੀ ਪ੍ਰੇਰਨਾ ਹੈ। ਭਾਈ ਰਣਜੀਤ ਸਿੰਘ ਨੇ ਭਵਨ ਵਿੱਚ ਲੱਗੀਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਭਾਈ ਸਤਵੰਤ ਸਿੰਘ,ਭਾਈ ਬੇਅੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਜਸਵੰਤ ਸਿੰਘ ਖਾਲੜਾ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਹੋਰ ਸ਼ਹੀਦਾਂ ਤੇ ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਾਹੀਂ ਸਿੱਖ ਸੰਘਰਸ਼ ਨਾਲ ਜੁੜੀਆਂ ਯਾਦਾਂ ਨੂੰ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਦੇ ਨਾਲ ਇਤਿਹਾਸਕ ਤਸਵੀਰਾਂ ਨਵੀਂ ਪੀੜ੍ਹੀ ਵਿੱਚ ਆਪਣੇ ਅਤੀਤ ਬਾਰੇ ਜਾਣਨ ਅਤੇ ਪੜ੍ਹਨ ਦੀ ਰੁਚੀ ਪੈਦਾ ਕਰਦੀਆਂ ਹਨ। ਭਾਈ ਕਰਨੈਲ ਸਿੰਘ ਪੰਜੋਲੀ ਨੇ ਲਾਇਬ੍ਰੇਰੀ ਵਿਖਾਉਂਦਿਆਂ ਭਾਈ ਰਣਜੀਤ ਸਿੰਘ ਨੂੰ ਦੱਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ ਅਤੇ ਬਰਸੀ ਸਮਾਗਮਾਂ ਮੌਕੇ ਵੱਖ-ਵੱਖ ਵਿਸ਼ਿਆਂ ਉੱਤੇ ਸੈਮੀਨਾਰ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵੀ ਸਾਲ ਵਿੱਚ ਅੱਠ ਤੋਂ ਦਸ ਛੋਟੇ ਸੈਮੀਨਾਰ ਹੁੰਦੇ ਰਹਿੰਦੇ ਹਨ। ਉਨ੍ਹਾਂ ਅਨੁਸਾਰ ਇਹ ਸਰਗਰਮੀਆਂ ਭਵਨ ਨੂੰ ਲਗਾਤਾਰ ਗਿਆਨ ਅਤੇ ਵਿਚਾਰਾਂ ਦੀ ਸਾਂਝ ਦਾ ਕੇਂਦਰ ਬਣਾਈ ਰੱਖਦੀਆਂ ਹਨ। ਭਾਈ ਰਣਜੀਤ ਸਿੰਘ ਨੇ ਇਸ ਉਪਰਾਲੇ ਨੂੰ ਸ਼੍ਰੋਮਣੀ ਕਮੇਟੀ ਲਈ ਵੀ ਮਿਸਾਲ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਪੰਜੋਲੀ ਦੀ ਲਾਇਬ੍ਰੇਰੀ ਅਤੇ ਭਵਨ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਜਿਹੇ ਪ੍ਰਬੰਧਾਂ ਨਾਲੋਂ ਕਿਤੇ ਵਧੀਆ ਹੈ। ਉਨ੍ਹਾਂ ਕਿਹਾ ਕਿ ਵੱਡੇ ਸੰਸਾਧਨਾਂ ਵਾਲੀਆਂ ਪੰਥਕ ਸੰਸਥਾਵਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਅੰਤ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਸਮਾਗਮਾਂ ਵਿੱਚ ਸਨਮਾਨ ਚਿੰਨ੍ਹ ਦੇਣ ਦੀ ਥਾਂ ਚੰਗੀਆਂ ਕਿਤਾਬਾਂ ਭੇਟ ਕਰਨ ਦੀ ਪਿਰਤ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਿਤਾਬ ਦਾ ਸਨਮਾਨ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਗਿਆਨ ਦੀ ਸਾਂਝ ਨੂੰ ਅੱਗੇ ਵਧਾਉਂਦਾ ਹੈ।