ਆਮ ਆਦਮੀ ਪਾਰਟੀ ਨੂੰ ਕਪੂਰਥਲਾ ’ਚ ਵੱਡਾ ਝਟਕਾ ਹਾਈ ਕੋਰਟ ਨੇ ਮੇਅਰ ਤੇ ਹਾਊਸ ਦੀ ਚੋਣ ਪ੍ਰਕਿਰਿਆ ’ਤੇ ਲਾਈ ਰੋਕ, 30 ਜੁਲਾਈ ਲਈ ਨੋਟਿਸ ਜਾਰੀ
- ਰਾਜਨੀਤੀ
- (Asia/Kolkata)
ਕਪੂਰਥਲਾ: , ਗੌਰਵ ਮੜੀਆ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਹਾਊਸ ਦੀ ਚੋਣ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੋਣ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ ਲਈ 30 ਜੁਲਾਈ ਦੀ ਤਰੀਕ ਨਿਰਧਾਰਤ ਕਰਦਿਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਕਪੂਰਥਲਾ ਵਿੱਚ ਆਮ ਆਦਮੀ ਪਾਰਟੀ ਕੋਲ 24 ਵੋਟਾਂ, ਜਦਕਿ ਕਾਂਗਰਸ ਕੋਲ ਵਿਧਾਇਕ ਰਾਣਾ ਗੁਰਜੀਤ ਸਿੰਘ ਸਮੇਤ 27 ਵੋਟਾਂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕਾਂਗਰਸ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨਿਕ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦਿਆਂ ਕਾਂਗਰਸ ਦੇ ਵਿਧਾਇਕ ਅਤੇ ਕੌਂਸਲਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਸਮੇਤ ਸਾਰੇ ਅਹੁਦਿਆਂ ’ਤੇ ਆਪਣੇ ਉਮੀਦਵਾਰਾਂ ਨੂੰ ਚੁਣਵਾ ਲਿਆ।
ਇਸ ਮਾਮਲੇ ਨੂੰ ਲੈ ਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਧੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਦਿਆਂ ਚੋਣ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਚੁਣੌਤੀ ਦਿੱਤੀ ਸੀ।
ਹਾਈ ਕੋਰਟ ਨੇ ਮਾਮਲੇ ਦੀ ਮੁੱਢਲੀ ਸੁਣਵਾਈ ਤੋਂ ਬਾਅਦ ਚੋਣ ਪ੍ਰਕਿਰਿਆ ’ਤੇ ਅੰਤਰਿਮ ਰੋਕ ਲਗਾਉਂਦਿਆਂ 30 ਜੁਲਾਈ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਫ਼ੈਸਲੇ ਨੂੰ ਕਪੂਰਥਲਾ ਦੀ ਸਿਆਸਤ ਵਿੱਚ ਵੱਡੇ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਨਗਰ ਨਿਗਮ ਦੀ ਸਿਆਸੀ ਸਥਿਤੀ ’ਤੇ ਅਗਲੇ ਦਿਨਾਂ ਵਿੱਚ ਮਹੱਤਵਪੂਰਨ ਅਸਰ ਪੈ ਸਕਦਾ ਹੈ।
Leave a Reply