ਜੰਗਬੰਦੀ ਇਤਿਹਾਸ ਦਾ “ਸ਼ਾਨਦਾਰ ਪਲ”: ਪੀਐਮ ਸ਼ਹਬਾਜ਼ ਸ਼ਰੀਫ
- ਅੰਤਰਰਾਸ਼ਟਰੀ
- (Asia/Kolkata)
ਇਸਲਾਮਾਬਾਦ,ਨਜ਼ਰਾਨਾ ਟਾਈਮਜ਼
ਅਲੀ ਇਮਰਾਨ ਚੱਠਾ
ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਅਸਥਾਈ ਜੰਗਬੰਦੀ ਨੂੰ “ਇਤਿਹਾਸ ਦਾ ਸ਼ਾਨਦਾਰ ਪਲ” ਕਰਾਰ ਦਿੰਦਿਆਂ ਉਮੀਦ ਜਤਾਈ ਕਿ ਇਸਲਾਮਾਬਾਦ ਗੱਲਬਾਤ ਜੰਗ ਦੀਆਂ ਲਪਟਾਂ ਨੂੰ ਹਮੇਸ਼ਾ ਲਈ ਬੁਝਾ ਦੇਵੇਗੀ।
ਫੈਡਰਲ ਕੈਬਿਨੇਟ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੀਡਰਸ਼ਿਪ ਦੇ ਆਭਾਰੀ ਹਨ ਜਿਨ੍ਹਾਂ ਨੇ ਜੰਗਬੰਦੀ ਅਤੇ ਅਮਨ ਲਈ ਉਨ੍ਹਾਂ ਦੀ ਅਪੀਲ ਕਬੂਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਪਲੋਮੈਟਿਕ ਮੋਰਚੇ ‘ਤੇ ਕਾਮਯਾਬੀ ਸਿਆਸੀ ਅਤੇ ਫੌਜੀ ਲੀਡਰਸ਼ਿਪ ਦੀ ਏਕਤਾ ਅਤੇ ਲਗਾਤਾਰ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਕਿਹਾ, “ਅੱਲਾਹ ਨੇ ਸਾਨੂੰ ਵੱਡੀ ਡਿਪਲੋਮੈਟਿਕ ਜਿੱਤ ਬਖ਼ਸ਼ੀ ਹੈ। ਅੰਦਰੂਨੀ ਅਤੇ ਬਾਹਰੀ ਸਾਜ਼ਿਸ਼ਾਂ ਨਾਕਾਮ ਹੋ ਗਈਆਂ ਹਨ।” ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪਾਕਿਸਤਾਨ ਬਦਲਿਆ ਹੋਇਆ ਪਾਕਿਸਤਾਨ ਹੈ ਅਤੇ ਦੁਨੀਆ ਭਰ ਵਿੱਚ ਇਸ ਦੀ ਤਾਰੀਫ਼ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਦੀਆਂ ਲਪਟਾਂ ਪੂਰੇ ਖੇਤਰ ਹੀ ਨਹੀਂ ਸਗੋਂ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਸਨ, ਪਰ ਹੁਣ ਦੋ ਹਫ਼ਤਿਆਂ ਤੋਂ ਇਹ ਠੰਢੀਆਂ ਹਨ ਅਤੇ ਇਨਸ਼ਾ ਅੱਲਾਹ ਹਮੇਸ਼ਾ ਲਈ ਬੁਝ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਜੰਗ ਦੌਰਾਨ ਭਰਾਵਾਂ ਨੂੰ ਆਪਸ ਵਿੱਚ ਲੜਾਉਣ ਅਤੇ ਮਜ਼ਹਬੀ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਾਜ਼ਿਸ਼ਾਂ ਨਾਕਾਮ ਰਹੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਪਾਕਿਸਤਾਨ ਦੀ ਸਫਲ ਡਿਪਲੋਮੇਸੀ ਦੀ ਚਰਚਾ ਹੋ ਰਹੀ ਹੈ ਅਤੇ ਇਹ ਮੌਕਾ ਸਦੀਆਂ ਵਿੱਚ ਇਕ ਵਾਰ ਮਿਲਦਾ ਹੈ।
ਉਨ੍ਹਾਂ ਨੇ ਡਿਪਟੀ ਪ੍ਰਧਾਨ ਮੰਤਰੀ ਇਸਹਾਕ ਡਾਰ, ਉਨ੍ਹਾਂ ਦੀ ਟੀਮ ਅਤੇ ਫੀਲਡ ਮਾਰਸ਼ਲ ਸਯਦ ਆਸਿਮ ਮੁਨੀਰ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਰਾਨ ਦੇ ਰਾਸ਼ਟਰਪਤੀ ਅਤੇ ਅਮਰੀਕੀ ਰਾਸ਼ਟਰਪਤੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਜੰਗਬੰਦੀ ਮੰਨੀ।
ਪ੍ਰਧਾਨ ਮੰਤਰੀ ਨੇ ਸਾਊਦੀ ਅਰਬ, ਕਤਰ, ਓਮਾਨ, ਕੁਵੈਤ, ਤੁਰਕੀ, ਇੰਡੋਨੇਸ਼ੀਆ, ਮਿਸਰ, ਅਜ਼ਰਬਾਈਜਾਨ, ਯੂਏਈ ਅਤੇ ਚੀਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਅਮਨ ਕੋਸ਼ਿਸ਼ਾਂ ਵਿੱਚ ਸਹਿਯੋਗ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਜੰਗ ਨੂੰ ਅਸਥਾਈ ਤੌਰ ‘ਤੇ ਰੋਕਿਆ ਗਿਆ ਹੈ ਅਤੇ ਹੁਣ ਟੀਚਾ ਪੱਕਾ ਅਮਨ, ਤਰੱਕੀ ਅਤੇ ਖੁਸ਼ਹਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਅਤੇ ਇਰਾਨੀ ਵਫ਼ਦ ਜਲਦ ਹੀ ਪਾਕਿਸਤਾਨ ਆ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਮਯਾਬੀ ਪੂਰੇ ਕੌਮ ਦੀ ਹੈ — ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦੀ।
Leave a Reply