ਭਾਈ ਪਰਵਿੰਦਰ ਸਿੰਘ ਝੋਟੇ ਨੂੰ ਜਥੇਦਾਰ ਹਵਾਰਾ ਅਤੇ ਜਥੇਦਾਰ ਗੜਗੱਜ ਵੱਲੋਂ 'ਸ਼ਹੀਦ' ਐਲਾਨਣ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਵਾਗਤ
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, 17 ਅਕਤੂਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਮੰਡੋਲੀ ਜੇਲ੍ਹ, ਦਿੱਲੀ) ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਐਲਾਨਣ ਦਾ ਭਰਪੂਰ ਸਵਾਗਤ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਵਿਰੁੱਧ ਡਟ ਕੇ ਲੜ ਰਿਹਾ ਸੀ। ਉਹ ਨਸ਼ਿਆਂ ਦੇ ਸੌਦਾਗਰਾਂ ਅੱਗੇ ਝੁਕਣ ਦੀ ਥਾਂ ਸੀਨਾ ਤਾਣ ਕੇ ਖੜ੍ਹਿਆ ਅਤੇ ਗੋਲੀਆਂ ਖਾ ਕੇ ਸ਼ੇਰ ਮਰਦਾਂ ਵਾਂਗ ਸ਼ਹੀਦ ਹੋਇਆ। ਉਨ੍ਹਾਂ ਆਖਿਆ “ਭਾਈ ਝੋਟੇ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਸ ਵੱਲੋਂ ਅਰੰਭੇ ਮਿਸ਼ਨ ਨੂੰ ਮੰਜ਼ਿਲ ਤੱਕ ਪਹੁੰਚਾਉਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।”
ਉਨ੍ਹਾਂ ਭਾਰਤੀ ਹਕੂਮਤ ਦੀਆਂ ਨੀਤੀਆਂ ਉੱਤੇ ਤਿੱਖੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਪਹਿਲਾਂ ਸਿੱਖ ਜਵਾਨੀ ਨੂੰ ਟੈਂਕਾਂ ਤੇ ਤੋਪਾਂ ਨਾਲ ਨਿਸ਼ਾਨਾ ਬਣਾਇਆ ਗਿਆ, ਫਿਰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਅਤੇ ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਹੋ ਰਹੀ ਹੈ। ਭਾਈ ਝੋਟਾ ਇਸੇ ਤਬਾਹੀ ਨੂੰ ਰੋਕਣ ਲਈ ਆਪਣੇ ਘਰ-ਪਰਿਵਾਰ ਦੇ ਸੁੱਖ ਦਾ ਮੋਹ ਤਿਆਗ ਕੇ ਪੰਥ ਅਤੇ ਪੰਜਾਬ ਲਈ ਡਟਿਆ ਹੋਇਆ ਸੀ।

ਭਾਈ ਰਣਜੀਤ ਸਿੰਘ ਨੇ ਨਸ਼ਿਆਂ ਦੇ ਫੈਲਾਅ ਲਈ ਕੇਂਦਰ ਅਤੇ ਸੂਬਾ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਤੇ ਪੁਸ਼ਤਪਨਾਹੀ ਤੋਂ ਬਿਨਾਂ ਨਸ਼ਿਆਂ ਦਾ ਕਾਰੋਬਾਰ ਇਸ ਪੱਧਰ ’ਤੇ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਹਕੂਮਤ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਰਕਾਰਾਂ ਅਤੇ ਸਿਆਸੀ ਆਗੂਆਂ ਦੇ ਲਾਰਿਆਂ ਉੱਤੇ ਟੇਕ ਰੱਖਣ ਦੀ ਥਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਆਪ ਅੱਗੇ ਆਉਣ। ਉਨ੍ਹਾਂ ਕਿਹਾ, “ਪੰਜਾਬ ਸਾਡਾ ਹੈ ਅਤੇ ਇਸ ਦੀ ਜਵਾਨੀ ਵੀ ਸਾਡੀ ਹੈ। ਇਸ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਸਾਨੂੰ ਹੀ ਚੁੱਕਣੀ ਪਵੇਗੀ। ਭਾਈ ਝੋਟੇ ਨੂੰ ਯਾਦ ਕਰਨ ਦੇ ਨਾਲ ਉਸ ਦੇ ਸੰਘਰਸ਼ ਨੂੰ ਜਾਰੀ ਰੱਖਣ ਦਾ ਪ੍ਰਣ ਵੀ ਕਰੀਏ। ਨਸ਼ਿਆਂ ਵਿਰੁੱਧ ਉੱਠੀ ਇਹ ਆਵਾਜ਼ ਹੁਣ ਹਰ ਪਿੰਡ ਅਤੇ ਹਰ ਘਰ ਦੀ ਆਵਾਜ਼ ਬਣਨੀ ਚਾਹੀਦੀ ਹੈ।”
Leave a Reply