ਟਾਹਲੀ ਨਹੀਂ ‘ਟਾਹਲੀ ਸਾਹਿਬ’ ਕਹੁ!
ਸਵੇਰ ਦਾ ਸਮਾਂ… ਪਿੰਡ ਬਿਲ਼ਗੇ ਦੇ ਬੱਸ ਅੱਡੇ ‘ਚੋਂ ਜਲੰਧਰ ਜਾਣ ਵਾਲ਼ੀ ਪਹਿਲੀ ਬੱਸ ਤਿਆਰ ਖੜ੍ਹੀ ਹੈ।ਪੰਜ ਸੱਤ ਕੁ ਸਵਾਰੀਆਂ ਬੱਸ ਵਿੱਚ ਬੈਠੀਆਂ ਹਨ।ਇੰਜਣ ਸਟਾਰਟ ਕਰਕੇ ਸੀਟ ‘ਤੇ ਬੈਠਾ ਡ੍ਰਾਈਵਰ ਅੱਡੇ ਵੱਲ ਆਉਂਦੇ ਰਾਹਾਂ ਵੱਲ ਤੱਕ ਰਿਹਾ ਹੈ।ਹੱਥਾਂ ਵਿੱਚ ਨੋਟ-ਬੁੱਕਾਂ ਜਾਂ ਇੱਕ-ਅੱਧ ਕਿਤਾਬ ਫੜੀ ਕੁੱਝ ਪਾੜ੍ਹੇ ਮੁੰਡੇ ਕੁੜੀਆਂ ਬੱਸ ਵਿੱਚ ਹੋਰ ਆਣ ਚੜ੍ਹੇ।ਡ੍ਰਾਈਵਰ ਚਮਕੀਲੇ ਦੀ ਕੈਸਿਟ ਲਾ ਦਿੰਦਾ ਹੈ।ਵੱਜ ਰਹੇ ਲੱਚਰ ਜਿਹੇ ਬੋਲ ਸੁਣਕੇ ਪੇਂਡੂ ਕੁੜੀਆਂ ਕੁੱਝ ਅੱਚਵੀ ਜਿਹੀ ਮਹਿਸੂਸ ਕਰਦੀਆਂ...