ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਦਾ ਸਥਾਪਨਾ ਦਿਵਸ ਮਨਾਇਆ

ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਦਾ ਸਥਾਪਨਾ ਦਿਵਸ ਮਨਾਇਆ

ਨਵੇਂ ਸੈਸ਼ਨ ਦੀ ਸ਼ੁਰੂਆਤ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਬਾਣੀ ਦੇ ਓਟ ਆਸਰੇ ਨਾਲ ਕੀਤੀ ਗਈ।
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਅਪ੍ਰੈਲ 
'ਗੁਰਬਾਣੀ ਇਸੁ ਜਗ ਮਹਿ ਚਾਨਣੁ' ਦੇ ਪਵਿੱਤਰ ਉਚਾਰਣਾਂ ਨਾਲ ਗੂੰਜਦਾ ਸ਼ਿਪਸ ਗਰੁੱਪ ਆਫ ਇੰਸਟੀਟਿਊਟ ਰਾਣੀਵਲਾਹ ਉਸ ਵੇਲੇ ਆਤਮਿਕ ਰੌਸ਼ਨੀ ਨਾਲ ਰੰਗਿਆ ਨਜ਼ਰ ਆਇਆ,ਜਦੋਂ ਇਸ ਸਕੂਲ ਦੇ ਸਥਾਪਨਾ ਦਿਵਸ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਬਾਣੀ ਦੇ ਓਟ ਆਸਰੇ ਨਾਲ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਅੰਮ੍ਰਿਤਮਈ ਪਾਠ ਨਾਲ ਹੋਈ। ਵਿਦਿਆਰਥੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਬੇਮਿਸਾਲ ਸ਼ਰਧਾ,ਨਿਮਰਤਾ ਅਤੇ ਸਿੱਖੀ ਸੰਸਕਾਰਾਂ ਦੀ ਮਿਸਾਲ ਬਣਿਆ।'ਸਭਨਾ ਜੀਆ ਕਾ ਇਕੁ ਦਾਤਾ' ਦੇ ਸੰਦਰਭ ਨੂੰ ਜੀਵੰਤ ਕਰਦਿਆਂ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਰੂਹਾਨੀ ਆਨੰਦ ਨਾਲ ਜੋੜਿਆ।ਇਸ ਪਵਿੱਤਰ ਸਮਾਗਮ ਵਿੱਚ ਬਾਬਾ ਜਗਤਾਰ ਸਿੰਘ ਜੀ (ਗੁਰਦੁਆਰਾ ਬਾਬੇ ਸ਼ਹੀਦ),ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਹਾਜਰੀ ਭਰੀ।
ਗੁਰੂ ਸਾਹਿਬ ਦੀ ਚਲਾਈ ਮਹਾਨ ਲੰਗਰ ਪ੍ਰਥਾ ਨੂੰ ਨਿਭਾਉਂਦਿਆਂ ਗੁਰੂ ਕਾ ਲੰਗਰ ਲਗਾਇਆ ਗਿਆ,ਜਿੱਥੇ 'ਵੰਡ ਛਕਣਾ ਤੇ ਨਾਮ ਜਪਣਾ' ਦੇ ਅਸੂਲ ਨੂੰ ਅਮਲ ਵਿੱਚ ਲਿਆਂਦਾ ਗਿਆ।ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਸਾਂਝ,ਸੇਵਾ ਅਤੇ ਸਮਾਨਤਾ ਦੇ ਮੂਲ ਮੰਤਰ ਨੂੰ ਮਹਿਸੂਸ ਕੀਤਾ।
ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸ਼ਸ਼ੀ ਸ਼ਰਮਾ ਦੀ ਰਹਿਨੁਮਾਈ ਹੇਠ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ,ਸ੍ਰੀ ਮਦਨ ਪਠਾਣੀਆਂ ਅਤੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਨੇ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਸਾਡਾ ਮਕਸਦ ਸਿਰਫ਼ ਵਿਦਿਆ ਪ੍ਰਦਾਨ ਕਰਨਾ ਨਹੀਂ, ਸਗੋਂ 'ਮਨ ਜੀਤੈ ਜਗੁ ਜੀਤੁ' ਦੇ ਸਿਧਾਂਤ ਅਨੁਸਾਰ ਵਿਦਿਆਰਥੀਆਂ ਦੇ ਮਨ ਨੂੰ ਸੰਸਕਾਰਾਂ ਨਾਲ ਜਿੱਤਣਾ ਹੈ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਵਚਨਬੱਧ ਹੈ।ਨਵੇਂ ਸੈਸ਼ਨ ਪਲੇ ਪੈਨ ਲੰਡਨ ਕਿਡਜ ਸਕੂਲ,ਨਰਸਰੀ ਤੋਂ ਦੂਜੀ ਕਲਾਸ ਤੱਕ ਲੰਡਨ ਕਿਡਜ਼,ਤੀਜੀ ਤੋਂ ਦਸਵੀਂ ਤੱਕ ਸੀਬੀਐਸਈ ਪੈਟਰਨ ਅਤੇ ਨੌਵੀਂ ਤੋਂ ਬਾਰਵੀਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰੈਗੂਲਰ ਅਤੇ ਓਪਨ ਪ੍ਰਣਾਲੀ ਦੇ ਨਾਲ ਐਨਐਸਐਸ ਅਤੇ ਐਨਟੀਟੀ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਮਾਗਮ ਦੇ ਅੰਤ ‘ਤੇ ਇਹ ਸੰਦੇਸ਼ ਹਰ ਦਿਲ ਵਿੱਚ ਵੱਸ ਗਿਆ ਕਿ ਜਿੱਥੇ ਗੁਰਬਾਣੀ ਦੀ ਰੌਸ਼ਨੀ ਅਤੇ ਸਿੱਖਿਆ ਦਾ ਮਿਲਾਪ ਹੋਵੇ,ਉੱਥੇ ਸਿਰਫ਼ ਕਿਤਾਬਾਂ ਨਹੀਂ, ਸਗੋਂ ਕਿਰਦਾਰ ਬਣਦੇ ਹਨ ਅਤੇ ਭਵਿੱਖ ਸੰਵਰਦਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.