ਅੱਜ ਦੀ ਸਿਆਸਤ ‘ਤੇ ਸਿੱਖ ਧਰਮ ਦਾ ਮੂਲ ਸਵਰੂਪ, ਦੋ ਵਿਪਰੀਤ ਧੁਰੇ - ਡਾ. ਸਤਿੰਦਰ ਪਾਲ ਸਿੰਘ

ਅੱਜ ਦੀ ਸਿਆਸਤ ‘ਤੇ ਸਿੱਖ ਧਰਮ ਦਾ ਮੂਲ ਸਵਰੂਪ, ਦੋ ਵਿਪਰੀਤ ਧੁਰੇ  -  ਡਾ. ਸਤਿੰਦਰ ਪਾਲ ਸਿੰਘ

ਅੱਜ ਦੀ ਸਿਆਸਤ ‘ਤੇ ਸਿੱਖ ਧਰਮ ਦਾ ਮੂਲ ਸਵਰੂਪ, ਦੋ ਵਿਪਰੀਤ ਧੁਰੇ - ਡਾ. ਸਤਿੰਦਰ ਪਾਲ ਸਿੰਘ 

ਸਿੱਖ ਜਗਤ ਵਿੱਚ ਰਾਜਨੀਤੀ ‘ਤੇ ਧਰਮ ਨੂੰ ਨਾਲ ਜੋੜ ਕੇ ਵੇਖਣ ਦੇ ਅਤਿ ਉਤਸਾਹ ਨੇ ਧਰਮ ਤੇ ਰਾਜਨੀਤੀ ਦੋਹਾਂ ਲਈ ਗੁੰਝਲਦਾਰ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਜਿਆਦਾ ਘਾਨ ਧਾਰਮਕ ਸਿਧਾਂਤਾਂ ਦਾ ਹੋ ਰਿਹਾ ਹੈ ਕਿਉਂਕਿ ਰਾਜਨੀਤੀ ਦਾ ਤਾਂ ਕੋਈ ਮਿਆਰ ਕਦੇ ਰਿਹਾ ਨਹੀਂ ਹੈ । ਸੰਸਦੀ ਲੋਕਤੰਤ੍ਰ ਵਿੱਚ ਰਾਜਨੀਤੀ ਦਾ ਇੱਕੋ ਮਨੋਰਥ ਹੈ ਰਾਜਸੀ ਤਾਕਤ ਪ੍ਰਾਪਤ ਕਰਨਾ ‘ਤੇ ਉਸ ਨੂੰ ਬਣਾਈ ਰੱਖਣਾ। ਰਾਜਨੀਤੀ ਰਾਜ ਲਈ ਹੈ , ਜਰੀਆ ਕੋਈ ਵੀ ਹੋ ਸਕਦਾ ਹੈ। ਧਰਮ ਮਨੁੱਖੀ ਭਾਵਨਾ ਦਾ ਸੰਚਾਲਕ ਤੱਤ ਹੋਣ ਕਾਰਨ ਰਾਜਨੀਤੀ ਨੂੰ ਧਰਮ ਦੀ ਵਰਤੋਂ ਆਦਿ ਕਾਲ ਤੋਂ ਹੀ ਭਾਉਂਦੀ ਰਹੀ ਹੈ। ਧਾਰਮਿਕ ਹਿੱਤਾਂ ਦੇ ਨਾਮ ਤੇ ਆਪਣੇ ਨਿਜੀ ਹਿੱਤ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਧਰਮ ਦੀ ਮਰਿਆਦਾ ਤਾਰ ਤਾਰ ਕਰਦਿਆਂ ਰਹੀਆਂ ਹਨ। ਇਹ ਅੱਜ ਵੀ ਹੋ ਰਿਹਾ ਹੈ ਪਰ ਫਰਕ ਇਹ ਹੈ ਕਿ ਕੋਈ ਹੱਦ ਨਹੀਂ ਰਹੀ , ਕੋਈ ਸੰਗ ਨਹੀਂ ਆ ਰਹੀ। ਅੱਜ ਦਾ ਪਰਿਦ੍ਰਿਸ਼ ਇਹ ਹੈ ਕਿ ਇੱਕ ਹੀ ਵਿਅਕਤੀ ਹੈ ਜੋ ਧਾਰਮਿਕ ਸਟੇਜ ਤੇ ਸਿੱਖੀ ਸਿਧਾਂਤਾਂ ਦਾ ਆਪ ਹੁੱਦਰਾ ਵਿਆਖਿਆਕਾਰ ਬਣਿਆ ਹੁੰਦਾ ਹੈ , ਅਗਲੇ ਪਲ ਉਹ ਹੀ ਸਿਆਸੀ ਮੰਚ ਤੇ ਦਾਂਵ ਪੈਂਚ ਚੱਲ ਰਿਹਾ ਹੁੰਦਾ ਹੈ। ਉਹ ਗੁਰਦੁਆਰੇ ਦਾ ਪ੍ਰਬੰਧਕਾਰ ਵੀ ਹੈ , ਰਾਜਨੀਤਿਕ ਦਲ ਦਾ ਔਹਦੇਦਾਰ ਵੀ ਹੈ। ਇਸ ਰਲਗੱਡ ਨੇ ਧਰਮ ਜਗਤ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ, ਪਰ ਸਿੱਖ ਜਗਤ ਇਸ ਤੋਂ ਅਵੇਸਲਾ , ਅਣਜਾਣ ਜਿਹਾ ਬਣਿਆ ਹੋਇਆ ਹੈ । ਆਮ ਸਿੱਖ ਦੀ ਰੁਚੀ ਹੀ ਨਹੀਂ ਹੈ ਕਿ ਪੰਥ ਕਿਸ ਦੌਰ ਤੋਂ ਗੁਜਰ ਰਿਹਾ ਹੈ। ਕੁੱਝ ਸਮਾਂ ਪਹਿਲਾਂ ਸਿੱਖ ਪੰਥ ਦੀ ਇੱਕ ਸਿਰਮੌਰ ਸੰਸਥਾ ਦੇ ਮੁਖੀ ਦਾ ਬਿਆਨ ਆਇਆ ਕਿ ਉਹ ਇੱਕ ਰਾਜਨੀਤਿਕ ਦਲ ਦੇ ਆਮ ਸਿਪਾਹੀ ਹਨ। ਇਸ ਬਿਆਨ ਤੇ ਕੁੱਝ ਸਿਆਸੀ ਤੀਰ ਚੱਲੇ ਪਰ ਮਸਲਾ ਆਇਆ ਗਿਆ ਹੋ ਗਿਆ। ਉਨ੍ਹਾਂ ਕੁੱਝ ਗਲਤ ਜਾਂ ਅਣਹੋਣੀ ਗੱਲ ਨਹੀਂ ਕਹੀ। ਇਹ ਹਕੀਕਤ ਹੈ ਕਿ ਧਾਰਮਿਕ ਸੰਸਥਾਵਾਂ , ਧਾਰਮਿਕ ਮੁੱਦੇ ਸਿਆਸੀ ਤਾਕਤਾਂ ਦੇ ਮੁਥਾਜ ਹੁੰਦੇ ਜਾ ਰਹੇ ਹਨ। ਸਿਆਸਤ ਦਾ ਧਰਮ ਤੇ ਪੈ ਰਿਹਾ ਸਾਇਆ ਸਪਸ਼ਟ ਵਿਖਾਈ ਦੇ ਰਿਹਾ ਹੈ। ਇੱਕ ਸਮਾਂ ਸੀ ਜਦੋਂ ਵਿਸ਼ਾਲ ਸਿੱਖ ਰਾਜ ਦਾ ਤਾਕਤਵਰ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਦਾ ਨਾਮ ਸੁਪਨੇ ਵਿੱਚ ਵੀ ਡਰਾਉਂਦਾ ਸੀ।ਉਹ ਸਮਾਂ ਹੁਣ ਨਹੀਂ ਰਿਹਾ। ਰਾਜ ਤੇ ਧਰਮ ਦੇ ਵਿਚਕਾਰ ਦਾ ਸੰਤੁਲਨ ਬਿੰਦੂ ਜੋ ਮਹਾਰਾਜਾ ਰਣਜੀਤ ਸਿੰਘ ‘ਤੇ ਅਕਾਲੀ ਫੂਲਾ ਸਿੰਘ ਨੇ ਕਾਇਮ ਕੀਤਾ ਸੀ , ਪੂਰੀ ਤਰਹ ਅਲੋਪ ਹੋ ਗਿਆ ਹੈ। ਧਰਮ ਤੇ ਸਿਆਸਤ ਦੇ ਸਬੰਧ ਨੂੰ ਸਮਝਣਾ ਔਖਾ ਹੋ ਗਿਆ ਹੈ। 
ਪੰਥ ਵਿੱਚ ਧਰਮ ਤੇ ਸਿਆਸਤ ਦੇ ਮੇਲ ਦੇ ਪੈਰੋਕਾਰ ਬਹੁਤ ਸਾਰੇ ਮਿਲ ਜਾਣਗੇ ਜੋ ਆਪਣੇ ਪੱਖ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਨਹੀਂ ਥੱਕਦੇ। ਗੁਰੂ ਸਾਹਿਬ ਨੇ ਬੇਸ਼ੱਕ ਰਾਜ ਤੇ ਧਰਮ ਦੇ ਸਬੰਧ ਦੀ ਗੱਲ ਕੀਤੀ ਪਰ ਇਹ ਸਬੰਧ ਤਾਲਮੇਲ ਦਾ ਸੀ ਰਲਗੱਡ ਦਾ ਨਹੀਂ। ਗੁਰੂ ਸਾਹਿਬ ਨੇ ਸੈਨਿਕ ਸ਼ਕਤੀ ਕਾਇਮ ਕੀਤੀ ਪਰ ਰਾਜ ਸਥਾਪਿਤ ਕਰਨ ਲਈ ਨਹੀਂ , ਧਾਰਮਿਕ ਕਦਰਾਂ ਕੀਮਤਾਂ ਦੀ ਰੱਖਿਆ ਲਈ। ਉਨ੍ਹਾਂ ਸਿੱਖਾਂ ਅੰਦਰ ਧਰਮ ਦੇ ਨਾਲ ਹੀ ਰਾਜਸੀ ਚੇਤਨਾ ਵੀ ਪੈਦਾ ਕੀਤੀ ਪਰ ਉਸ ਚੇਤਨਾ ਦਾ ਮਨੋਰਥ ਆਪਣੇ ਧਰਮ ਦਾ ਨਿਰਵਿਘਨ ‘ਤੇ ਸੁਚੱਜਾ ਨਿਰਬਾਹ ਕਰਨ ਜੋਗ ਸਥਿਤੀਆਂ ਵਿਕਸਿਤ ਕਰਨਾ ਸੀ। ਰਾਜ ਤੇ ਧਰਮ ਨੂੰ ਲੈ ਕੇ ਗੁਰਬਾਣੀ ਵਿੱਚ ਕੋਈ ਭੁਲੇਖਾ ਨਹੀਂ ਨਜਰ ਆਉਂਦਾ , ਸਗੋਂ ਸਪਸ਼ਟ ਚਿੰਤਨ ਪ੍ਰਗਟ ਹੋਇਆ ਹੈ। ਰਾਜ ਸਦਾ ਹੀ ਜ਼ੋਰ , ਹਠ , ਹੰਕਾਰ ਤੇ ਚੱਲੇ ਹਨ। ਗੁਰੂ ਸਾਹਿਬਾਨ ਆਪ ਇਸ ਸੱਚ ਦੇ ਪ੍ਰਤੱਖ ਗਵਾਹ ਸਨ। ਰਾਜ ਦੀ ਇਸ ਪ੍ਰਵ੍ਰਿਤੀ ਨਾਲ ਗੁਰੂ ਕਾਲ ਵਿੱਚ ਵੀ ਤੇ ਉਸ ਤੋਂ ਬਾਅਦ ਵੀ ਸਦਾ ਟਕਰਾਵ ਹੁੰਦਾ ਰਿਹਾ ਕਿਉਂਕਿ ਗੁਰਮਤਿ ਗੁਣਾਂ ਨੂੰ ਜੀਵਨ ਦੇ ਕੇਂਦਰ ਵਿੱਚ ਰੱਖਦੀ ਸੀ ਪਰ ਰਾਜ ਵਿਵਸਥਾ ਗੁਣਾਂ ਤੋਂ ਵਿਹੂਣੀ , ਜਾਬਰ , ਮਨੁੱਖੀ ਹੱਕਾਂ ਦੀ ਵੈਰੀ ਸੀ। ਮੁਗਲ ਕਾਲ , ਅੰਗਰੇਜ ਸ਼ਾਸਨ ਕਾਲ , ਉਸ ਤੋਂ ਬਾਅਦ ਵੀ ਸੱਤਾ ਦਾ ਇਹੋ ਕਿਰਦਾਰ ਬਣਿਆ ਰਿਹਾ ਹੈ ਜੋ ਗੁਰਮਤਿ ‘ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਅਪ੍ਰਵਾਨ ਰਿਹਾ ਹੈ। ਗੁਰਮਤਿ ਮੁੱਢਲੇ ਪੱਧਰ ਤੇ ਹੀ ਰਾਜ ਨੂੰ ਗੁਣਾਂ ਨਾਲ ਜੋੜਦੀ ਹੈ । 
ਤਖਤਿ ਬਹੈ ਤਖਤੈ ਕੀ ਲਾਇਕ। . 
ਪੰਚ ਸਮਾਏ ਗੁਰਮਤਿ ਪਾਇਕ। . 
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1038 ) 
ਜਿੰਮੇਵਾਰੀ ਉਸ ਨੂੰ ਹੀ ਮਿਲੇ ਜਿਸ ਅੰਦਰ ਜਿੰਮੇਵਾਰੀ ਨਿਭਾਉਣ ਦੀ ਯੋਗਤਾ ਹੋਵੇ। ਇਹ ਯੋਗਤਾ ਗੁਰਮਤਿ ਅਨੁਸਾਰ , ਧਰਮ ਅਨੁਸਾਰ ਆਚਾਰ , ਵਿਚਾਰ ਦਾ ਸੰਕਲਪ ਧਾਰਨ ਕਰਨ ਵਾਲੇ ਅੰਦਰ ਹੀ ਆ ਸਕਦੀ ਹੈ।ਇਹ ਕੋਰੀ ਕਲਪਨਾ ਜਾਂ ਵਿਚਾਰ ਹੀ ਨਹੀਂ ਇੱਕ ਵਿਵਹਾਰ ਸਿੱਧ ਆਦਰਸ਼ ਹੈ ਜਿਸ ਤੇ ਗੁਰਸਿੱਖਾਂ ਨੇ ਚੱਲ ਕੇ ਵਿਖਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਸਿੱਖਾਂ ਨੇ ਬਾਬਾ ਬੰਦਾ ਸਿੰਘ ਦੀ ਅਗੁਆਈ ਵਿੱਚ ਆਪਣੇ ਬਲ ਤੇ ਸਿੱਖ ਰਾਜ ਕਾਇਮ ਕੀਤਾ। ਰਾਜ ਚਲੇ ਜਾਣ ਤੋਂ ਬਾਅਦ ਸਿੱਖਾਂ ਨੇ ਜ਼ੁਲਮ , ਜਬਰ ਸਹੇ , ਜੰਗਲਾਂ ਵਿੱਚ ਚਲੇ ਗਏ ਪਰ ਆਪਣੇ ਅਸੂਲਾਂ ਤੋਂ ਨਾ ਡਿੱਗੇ। ਮੁੜ ਵਾਪਿਸ ਆਉਣ ਤੋਂ ਬਾਅਦ ਜੱਥੇਬੰਦ ਹੋਏ। ਸਿੱਖਾਂ ਨੂੰ ਮਿਟਾਉਣ ਦਾ ਸਾਰਾ ਜ਼ੋਰ ਲਾਉਣ ਤੋਂ ਬਾਅਦ ਥੱਕ ਹਾਰ ਕੇ ਸੁਲਹ ਲਈ ਪੰਜਾਬ ਦੇ ਸੂਬੇਦਾਰ ਜਕਰੀਆ ਖਾਨ ਨੇ ਦਿੱਲੀ ਸਲਤਨਤ ਤੋਂ ਮੰਜੂਰੀ ਲੈ ਕੇ ਸਿੱਖਾਂ ਨੂੰ ਨਵਾਬੀ ‘ਤੇ ਇੱਕ ਲੱਖ ਰੁਪਏ ਦੀ ਸਾਲਾਨਾ ਆਮਦਨੀ ਵਾਲੀ ਦੀਪਾਲਪੁਰ , ਕੰਗਣਵਾਲ ਤੇ ਝਬਾਲ ਦੀ ਜਾਗੀਰ ਦੀ ਪੇਸ਼ਕਸ਼ ਭੇਜੀ। ਉਸ ਸਮੇਂ ਦੇ ਪ੍ਰਸਿੱਧ ਸਿੱਖ ਆਗੂ ਦੀਵਾਨ ਦਰਬਾਰਾ ਸਿੰਘ ਸਮੇਤ ਸਾਰੇ ਪ੍ਰਮੁੱਖ ਆਗੂਆਂ ਨੇ ਨਵਾਬੀ ਤੇ ਜਾਗੀਰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ “ ਇਸ ਨਵਾਬੀ ਵਿੱਚ ਕੀ ਪਿਆ ਹੈ। ਸਾਨੂੰ ਤਾਂ ਗੁਰੂ ਨੇ ਰਾਜ ਦੇਣ ਦਾ ਵਚਨ ਕੀਤਾ ਹੋਇਆ ਹੈ। ਗੁਰੂ ਦਾ ਵਚਨ ਪੂਰਾ ਜਰੂਰ ਹੋਵੇਗਾ। ਖਾਲਸਾ ਜੋ ਸੁਤੰਤਰ ਹੋ ਕੇ ਰਾਜ ਕਰੇਗਾ ਉਹ ਇਕ ਅਧੀਨ ਪਦਵੀ ਨੂੰ ਸਵੀਕਾਰ ਨਹੀਂ ਕਰ ਸਕਦਾ ” । ਫਿਰ ਵਿਚਾਰ ਹੋਇਆ ਕਿ ਇਹ ਨਵਾਬੀ ਕਿਸੇ ਅਜਿਹੇ ਸਿੱਖ ਨੂੰ ਦੇ ਦਿੱਤੀ ਜਾਵੇ ਜੋ ਸੇਵਾ ਨਾਲ ਜੁੜਿਆ ਹੋਵੇ। ਉਸ ਸਮੇਂ ਪੱਖਾਂ ਝੱਲ ਰਹੇ ਸਰਦਾਰ ਕਪੂਰ ਸਿੰਘ ਫੈਜਲਪੁਰੀਆ ਨੂੰ ਇਹ ਨਵਾਬੀ ਸੌਂਪ ਦਿੱਤੀ ਗਈ। ਸਰਦਾਰ ਕਪੂਰ ਸਿੰਘ ਨੇ ਵੀ ਪੰਜਾਂ ਸਿੰਘਾਂ ਦੀ ਚਰਨ ਛੋਹ ਨਾਲ ਪਵਿੱਤਰ ਕਰਨ ਤੋਂ ਬਾਅਦ ਹੀ ਪੇਸ਼ਕਸ਼ ਪ੍ਰਵਾਨ ਕੀਤੀ ਸੀ। ਇਹ ਗੁਰੂ ਨੂੰ ਸਮਰਪਿਤ , ਗੁਰਮਤਿ ਤੇ ਚੱਲਣ ਲਈ ਸੰਕਲਪ ਬੱਧ ਸਿੱਖ ਸਨ ਜਿਨ੍ਹਾਂ ਅੰਦਰ ਰਾਜ ਦਾ ਕੋਈ ਮੋਹ , ਲੋਭ ਨਹੀਂ ਸੀ , ਕੋਈ ਉਤਾਵਲੀ ਨਹੀਂ ਸੀ , ਮਰਿਆਦਾ ਸੀ ਜੋ ਉਨ੍ਹਾਂ ਨੂੰ ਸੱਚਾ ਸਿੱਖ ਸਿੱਧ ਕਰਦੀ ਸੀ। ਮੀਰੀ ਤੇ ਪੀਰੀ ਦਾ ਸਿਧਾਂਤ ਇਸ ਭਾਵਨਾ ਤੇ ਟਿਕਿਆ ਹੋਇਆ ਸੀ। ਧਰਮ ਉੱਪਰ ਸੀ ਰਾਜ , ਨਵਾਬੀ ਸਦਾ ਧਰਮ ਦੀ ਛਾਇਆ ਹੇਠ ਪ੍ਰਫੁੱਲਿਤ ਹੋਈ। ਸਮਾਂ ਆਇਆ ਤਾਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਛੱਡਣ ਵਿੱਚ ਇਕ ਪਲ ਵੀ ਨਾ ਲਗਿਆ। ਸਿੱਖ ਤਖ਼ਤ ਤੇ ਬੈਠਣ ਲਾਇਕ ਸਨ ਤਾਂ ਹੀ ਮੁੜ ਖਾਲਸਾ ਰਾਜ ਕਾਇਮ ਹੋਇਆ ਤੇ ਮਹਾਰਾਜ ਰਣਜੀਤ ਸਿੰਘ ਨੇ ਲੰਮੀ ਰਾਜਸ਼ਾਹੀ ਦਾ ਇੱਕ ਇਤਿਹਾਸ ਰਚਿਆ। ਇਹ ਭਾਵਨਾ ਅੱਜ ਪੂਰੀ ਤਰਹ ਅਦ੍ਰਿਸ਼ ਹੋ ਚੁਕੀ ਹੈ। ਅੱਜ ਸੱਤਾ ਲਈ ਬੇਚੈਨੀ ਹੈ , ਸੱਤਾ ਦੇ ਲੋਭ ਹੇਠ ਸਾਰੀ ਮਰਿਆਦਾ ਵਿਸਾਰ ਦਿੱਤੀ ਗਈ ਹੈ। ਧਰਮ ਨੂੰ ਸੱਤਾ ਪ੍ਰਾਪਤੀ ਦੀ ਪੌੜ੍ਹੀ ਸਮਝ ਲਿਆ ਗਿਆ ਹੈ। ਅੱਜ ਜਿਤਨੇ ਵੀ ਸਿੱਖ ਕਿਸੇ ਵੀ ਪੱਧਰ ਤੇ ਸਿਆਸਤ ਵਿੱਚ ਸਰਗਰਮ ਹਨ ਉਤਨੇ ਹੀ ਪੰਥਕ ਹਨ ਜਿਤਨਾ ਉਨ੍ਹਾਂ ਨੂੰ ਸਿਆਸਤ ਵਿਚ ਸਫਲ ਹੋਣ ਲਈ ਜਰੂਰੀ ਲੱਗਦਾ ਹੈ। 
ਸਿੱਖ ਪੰਥ ਪੂਰੀ ਤਰਹ ਧਾਰਮਿਕ ਆਗੂ ਵਿਹੀਨ ਹੋ ਚੁੱਕਿਆ ਹੈ। ਆਸ ਜਾਂ ਸੰਸਥਾਵਾਂ ਤੋਂ ਹੁੰਦੀ ਹੈ ਜਾਂ ਵਿਅਕਤੀਆਂ ਤੋਂ । ਬਹੁਤ ਸਾਰਿਆਂ ਸੰਸਥਾਵਾਂ ਪੰਥਕ ਹੋਣ ਦਾ ਦਾਅਵਾ ਕਰਦਿਆਂ ਹਨ । ਇਨ੍ਹਾਂ ਸੰਸਥਾਵਾਂ ਵਿੱਚ ਮੁੱਖ ਤੌਰ ਤੇ ਪ੍ਰਬੰਧਕ ਕਮੇਟੀਆਂ ਤੇ ਸਿਆਸੀ ਦਲ ਹਣ । ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲਿਆਂ ਕਮੇਟੀਆਂ ਦੀ ਆਪਣੀ ਹੱਦ ਤੇ ਕੰਮ ਕਰਨ ਦਾ ਆਪਣਾ ਢੰਗ ਹੈ । ਸੰਸਥਾਵਾਂ ਚਲਾਉਣ ਲਈ ਸਮਝੌਤੇ ਕਰਨੇ ਪੈਂਦੇ ਹਨ ਜਿਸ ਕਾਰਨ ਉਹ ਨੈਤਿਕ ਰੂਪ ਨਾਲ ਕਮਜੋਰ ਹੋ ਜਾਂਦੀਆਂ ਹਨ । ਧਾਰਮਿਕ ਹਿੱਤਾਂ ਲਈ ਲੋੜੀਂਦੀ ਅਡੋਲਤਾ, ਹਿੰਮਤ ਦੀ ਆਸ ਉਨ੍ਹਾਂ ਤੋਂ ਨਹੀਂ ਕੀਤੀ ਜਾ ਸਕਦੀ। ਅਜਿਹੀਆਂ ਸੰਸਥਾਵਾਂ ਲਗਾਤਾਰ ਰਾਜਸੀ, ਸਮਾਜਕ , ਆਰਥਕ ਦਬਾਅ ਹੇਠ ਕੰਮ ਕਰਦੀਆਂ ਹਨ। ਪੰਜਾਬ ਦੇ ਬਹੁਤ ਸਾਰੇ ਸਿਆਸੀ ਦਲ ਪੰਥਕ ਹਿੱਤਾਂ ਦਾ ਪਹਿਰੇਦਾਰ ਹੋਣ ਦਾ ਦਾਅਵਾ ਕਰਦੇ ਹਨ ਪਰ ਇਹ ਦਾਅਵਾ ਸੱਤਾ ਪ੍ਰਾਪਤੀ , ਚੋਣਾਂ ਜਿੱਤਣ ਦੇ ਮਕਸਦ ਨਾਲ ਹੀ ਸਬੰਧ ਰੱਖਦਾ ਹੈ। ਸੰਸਦੀ ਲੋਕਤੰਤਰ ਵਿੱਚ ਇਸ ਸੱਚ ਨੂੰ ਖੁੱਲੇ ਦਿਲ ਦਿਮਾਗ ਨਾਲ ਸਵੀਕਾਰ ਕੀਤਾ ਜਾਣਾ ਚਾਹੀਦੇ। ਸਮੱਸਿਆ ਇਹ ਹੈ ਕਿ ਸਿੱਖ ਕੌਮ ਨੇ ਇਸ ਹਕੀਕਤ ਨੂੰ ਅਨਦੇਖਾ ਕੀਤਾ ਹੈ ਜਿਸ ਦਾ ਪੂਰਾ ਲਾਭ ਸਿਆਸੀ ਦਲ ਅੱਜ ਵੀ ਚੁੱਕ ਰਹੇ ਹਨ ਤੇ ਧਰਮ ਨੂੰ ਸੱਤਾ ਪ੍ਰਾਪਤੀ ਲਈ ਵਰਤਨ ਦਾ ਸਾਹਸ ਕਰ ਰਹੇ ਹਨ । ਦਹਾਕਿਆਂ ਤੋਂ ਧਰਮ ਦੇ ਮਸਲੇ ਅਨ ਸੁਲਝੇ ਪਏ ਹਨ, ਮਰਿਆਦਾ ਨਾਲ ਵੱਖ ਖੇਡਿਆ ਜਾ ਰਿਹਾ ਹੈ। ਇਹੋ ਸੱਚ ਵਿਅਕਤੀਆਂ ਨਾਲ ਜੁੜਿਆ ਹੋਇਆ ਹੈ, ਖਾਸ ਤੋਰ ਤੇ ਪੰਜਾਬ ਤੋਂ ਬਾਹਰ । ਜਿਨ੍ਹਾਂ ਕੋਲ ਦੌਲਤ ਹੈ ਉਹ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਿਜ ਹੋ ਗਏ ਹਨ। ਆਪਣੀ ਦੌਲਤ ਬਚਾਉਣ ਲਈ ਸਿਆਸੀ ਦਲਾਂ ਵਿੱਚ ਸ਼ਾਮਿਲ ਹੋ ਗਏ ਹਨ। ਸਿਆਸੀ ਦਲਾਂ ਵਿੱਚ ਉਨ੍ਹਾਂ ਦੀ ਥਾਂ ਗੁਰਦੁਆਰਿਆਂ ਵਿੱਚ ਮਹੱਤਾ ਮੁਤਾਬਿਕ ਤੈ ਹੋ ਰਹੀ ਹੈ। ਅਜਿਹੇ ਲੋਗਾਂ ਦੀ ਜੱਦੋ ਜਹਿਦ ਗੁਰਦੁਆਰਿਆਂ ਵਿੱਚ ਆਪਣਾ ਕਬਜਾ ਬਣਾਈ ਰੱਖਣ ‘ਤੇ ਉਸ ਦੀ ਕੀਮਤ ਤੇ ਸਿਆਸੀ ਹੈਸੀਅਤ ਬਣਾਉਣ ਦੀ ਹੈ। ਇਸ ਲਈ ਉਹ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਹੋ ਜਾਂਦੇ ਹਨ।ਸਿੱਖ ਮਿਸਲਾਂ ਦੀ ਦਿੱਲੀ ਫਤਿਹ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਲ ਕਿਲੇ ਵਿੱਚ ਤਾਜਪੋਸ਼ੀ ਕਰ ਤਖਤ ਤੇ ਬਿਠਾਇਆ ਗਿਆ। ਇਹ ਕਿਸੇ ਇੱਕ ਮਿਸਲ ਦੇ ਜੱਥੇਦਾਰ ਨੂੰ ਪਸੰਦ ਨਹੀਂ ਆਇਆ ਤਾਂ ਬਿਨਾ ਦੇਰ ਕੀਤੀਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਤਖ਼ਤ ਤਿਆਗ ਦਿੱਤਾ ਸੀ ਸਿਰਫ ਇਸ ਲਈ ਕਿ ਪੰਥਕ ਏਕਤਾ ਬਣੀ ਰਹੇ। ਅੱਜ ਤਾਂ ਪੰਥਕ ਏਕਤਾ ਦੀ ਰਾਹ ਵਿੱਚ ਅੜਿੱਕਾ ਹੀ ਇਹ ਹੈ ਕਿ ਕੋਈ ਕੁਰਸੀ ਛੱਡਣਾ ਨਹੀਂ ਚਾਹੁੰਦਾ , ਸਾਰੇ ਹੀ ਕੁਰਸੀ ਦੇ ਦਾਅਵੇਦਾਰ ਹਨ , ਭਾਵੇਂ ਕਿਸੇ ਵੀ ਕੀਮਤ ਤੇ ਮਿਲੇ। ਧਰਮ ਦੀ ਚਿੰਤਾ ਉੱਥੇ ਤੱਕ ਹੀ ਹੈ ਜਿੱਥੇ ਤੱਕ ਆਪਣੀ ਚਿੰਤਾ ਪੂਰੀ ਹੁੰਦੀ ਹੈ। ਇਹ ਗੱਲ ਆਮ ਸਿੱਖ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿਆਸੀ ਦਲਾਂ ਨਾਲ ਜੁੜੇ ਲੋਗਾਂ ਲਈ ਆਪਣਾ ਹਿੱਤ ਪਹਿਲਾਂ ਹੁੰਦਾ ਹੈ। ਸਿਆਸਤ ਦਾ ਮਿਆਰ ਜਿੰਨਾ ਡਿੱਗ ਗਿਆ ਹੈ ਨਿਜੀ ਹਿੱਤ ਵੀ ਉਤਨਾ ਹੀ ਸੌੜਾ ਹੋ ਗਿਆ ਹੈ। ਅਜਿਹੇ ਲੋਗਾਂ ਦੇ ਵੱਡੇ ਵੱਡੇ ਬੋਲ ਲੁਭਾਉਣੇ ਹੋ ਸਕਦੇ ਹਨ ਪਰ ਨਿਰੇ ਖੋਖਲੇ ਕਿਉਂਕਿ ਭਾਵਨਾ ਤੋਂ ਵਿਹੀਨ ਹੁੰਦੇ ਹਨ “ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ। . ਬਾਤਨ ਹੀ ਅਸਮਾਨੁ ਗਿਰਾਵਹਿ। . “ . ਇਨ੍ਹਾਂ ਤੋਂ ਕੋਈ ਆਸ ਰੱਖਣਾ ਆਪਣੇ ਆਪ ਨੂੰ ਭੁਲੇਖੇ ਵਿੱਚ ਰੱਖਣਾ ਹੈ। 
ਇਹ ਸਾਫ ਤੌਰ ਤੇ ਸਮਝਣ ਦੀ ਗੱਲ ਹੈ ਕਿ ਜਿਸ ਸੰਸਥਾ ਜਾਂ ਵਿਅਕਤੀ ਦਾ ਧਰਮ ਤੋਂ ਵੱਖ ਕੋਈ ਹਿੱਤ ਹੈ ਉਹ ਧਰਮ ਲਈ ਖੜੇ ਹੋਣ ਯੋਗ ਨਹੀਂ ਰਹਿ ਜਾਂਦਾ। ਵਿਅਕਤੀਗਤ ਲੋਭ , ਮੋਹ ਧਰਮ ਦੇ ਮਾਰਗ ਤੋਂ ਦੂਰ ਕਰਦਾ ਹੈ। ਧਰਮ ਨਿਰਲੇਪ ਅਵਸਥਾ ਦਾ ਵਿਸ਼ਾ ਹੈ। ਲੋਭ , ਮੋਹ ਸਮਾਜਕ , ਆਰਥਕ , ਸਿਆਸੀ ਕਾਮਨਾਵਾਂ ਨੂੰ ਜਨਮ ਦਿੰਦਾ ਹੈ ਜਬਕਿ ਧਰਮ ਮਨੁੱਖ ਨੂੰ ਨਿਸ਼ਕਾਮ, ਨਿਰਲੇਪ ਬਣਾਉਂਦਾ ਹੈ। ਸਿਆਸਤ ਵਿੱਚ ਖੁਸ਼ਾਮਦ ਹੈ, ਮੌਕਾ ਪ੍ਰਸਤੀ ਹੈ, ਹੰਕਾਰ ਹੈ ਜਬਕਿ ਧਰਮ ਵਿੱਚ ਸਹਿਜ ਹੈ , ਸਮਰਪਣ ਹੈ , ਹਲੀਮੀ ਹੈ। ਸਿਆਸਤ ਦਾ ਜੋੜ ਪ੍ਰਾਪਤੀ ਨਾਲ ਹੈ ਜਬਕਿ ਧਰਮ ਦਾ ਜੋੜ ਤਿਆਗ ਨਾਲ ਹੈ । 
ਕੁੱਝ ਦਿਨ ਪਹਿਲਾਂ ਇੱਕ ਵੈਬਿਨਾਰ ਵਿੱਚ ਸੁਝਾਅ ਆਇਆ ਸੀ ਕਿ ਗੁਰਦੁਆਰਿਆਂ ਦੇ ਗ੍ਰੰਥੀ ਅੱਗੇ ਹੋ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਤੇ ਵਰਤਮਾਨ ਪ੍ਰਬੰਧਕ ਕਤਾਰ ਨੂੰ ਬੇਦਖਲ ਕਰਨ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਘਰਾਂ ਨੂੰ ਮਹੰਤਾਂ ਤੋਂ ਮੁਕਤ ਕਰਾਇਆ ਗਿਆ ਸੀ। ਦਰਅਸਲ ਗੁਰਦੁਆਰਿਆਂ ਵਿੱਚ ਸੇਵਾ ਨਿਭਾਉਣ ਵਾਲਿਆਂ ਨੇ ਵੀ ਆਪਣੀ ਸੇਵਾ ਨੂੰ ਨੌਕਰੀ ਮੰਨ ਲਿਆ ਹੈ। ਸੇਵਾ ਦੀ ਭਾਵਨਾ ਘੱਟ ਹੋ ਗਈ ਹੈ। ਆਰਥਿਕ ਦਬਾਵ ਇਸ ਦਾ ਵੱਡਾ ਕਾਰਨ ਹੈ। ਪ੍ਰਬੰਧਕ ਇਸ ਦਾ ਲਾਭ ਉਠਾ ਕੇ ਨਿਰੰਕੁਸ਼ ਹੋ ਗਏ ਹਨ ਤੇ ਗੁਰੂ ਘਰਾਂ ਦੀ ਮਰਿਆਦਾ ਦੇ ਵੀ ਸੰਚਾਲਕ ਬਣ ਬੈਠੇ ਹਨ। ਇਸ ਨਾਲ ਧਾਰਮਿਕ ਮਰਿਆਦਾ ਦਾ ਘੋਰ ਘਾਣ ਹੋ ਰਿਹਾ ਹੈ। ਸਿਆਸੀ ਸ਼ਖਸੀਅਤਾਂ ਨੂੰ ਪੱਗਾਂ ਬੰਨ ਕੇ ਗੁਰਦੁਆਰਿਆਂ ਵਿੱਚ ਮਿਹਮਾਨ ਵਾਂਗੂੰ ਸਤਿਕਾਰ ਦੇਣਾ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਉਨ੍ਹਾਂ ਦੀ ਸ਼ਾਨ ਵਿੱਚ ਕਸੀਦੇ ਪੜ੍ਹਨੇ ਗੁਰੂ ਤੇ ਗੁਰ ਸੰਗਤ ਦੁਹਾਂ ਦਾ ਨਿਰਾਦਰ ਹੈ। ਤੰਗ ਸਿਆਸੀ ਨਜਰੀਏ ਦੀ ਪੂਰਤੀ ਲਈ ਗੁਰ ਇਤਿਹਾਸ ਵਿਗਾੜਨ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਲੋਭ ਵਿੱਚ ਨਿਵਾਨ ਦੀ ਕੋਈ ਸੀਮਾ ਨਹੀਂ ਹੁੰਦੀ । 
ਦੌਲਤ ਤੇ ਸਿਆਸਤ ਦੇ ਇਸ ਧਾਰਮਿਕ ਹਿੱਤਾਂ ਵਿਰੋਧੀ ਗਠਜੋੜ ਨੂੰ ਤੋੜਨ ਲਈ ਆਮ ਸਿੱਖ ਨੂੰ ਵਿਚਾਰ ਕਰਨਾ ਚਾਹੀਦੇ। ਸਿੱਖ ਧਰਮ ਦਾ ਮੂਲ ਸਵਰੂਪ ਬਚਾਉਣਾ ਹੈ ਤਾਂ ਇਸ ਨੂੰ ਸਿਆਸਤ ਤੋਂ ਇਕੱਦਮ ਵੱਖ ਕਰਨ ਦੀ ਲੋੜ ਹੈ। ਅੱਜ ਦੀ ਸਿਆਸਤ ਨੂੰ ਮੀਰੀ ਨਹੀਂ ਕਿਹਾ ਜਾ ਸਕਦਾ। ਗੁਰੂ ਹਰਿਗੋਬਿੰਦ ਸਾਹਿਬ ਨੇ ਜਿਸ ਮੀਰੀ ਦੀ ਗੱਲ ਕੀਤੀ ਉਹ ਇੱਕ ਆਦਰਸ਼ ਰਾਜ ਦੀ ਸੱਤਾ ਵਿਵਸਥਾ ਸੀ ਜਿਸ ਨੂੰ ਬੇਗਮਪੁਰਾ ਜਾਂ ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਗਿਆ । ਅੱਜ ਦੀ ਮੀਰੀ ਨੂੰ ਤਾਂ ਉਦੋਂ ਹੀ ਨਕਾਰ ਦਿੱਤਾ ਗਿਆ ਸੀ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਅਕਬਰ ਦੀ ਮਦਦ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ , ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜੇਬ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ ਸੀ , ਗੁਰਦੁਆਰਾ ਸੁਧਾਰ ਲਹਿਰ ਹੇਠ ਮੋਰਚੇ ਲਾਏ ਗਏ ਸਨ । 
ਡਾ. ਸਤਿੰਦਰ ਪਾਲ ਸਿੰਘ 
ਈ - 1716 , ਰਾਜਾਜੀਪੁਰਾਮ 
ਲਖਨਊ - 226017 
ਈ ਮੇਲ - [email protected]

 ਡਾ ਸਤਿੰਦਰ ਪਾਲ ਸਿੰਘ
ਡਾ ਸਤਿੰਦਰ ਪਾਲ ਸਿੰਘ
0000000000
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.