ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ
18 Dec, 2025 12:20 AM
ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਔਖਾ
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅੱਜ-ਕੱਲ੍ਹ ਕਾਫ਼ੀ ਚਰਚਾ 'ਚ ਹਨ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ "ਪਟਿਆਲਾ ਵਿੱਚ ਵੀ ਕੋਈ ਉਮੀਦਵਾਰ ਖੜ੍ਹਾ ਕਰਨਾ ਹੋਵੇ ਤਾਂ ਭਾਜਪਾ ਹਾਈ-ਕਮਾਂਡ ਉਸ ਦੀ ਸਲਾਹ ਨਹੀਂ ਲੈਂਦੀ ਤੇ ਜਦੋਂ ਉਹ ਕਾਂਗਰਸ 'ਚ ਹੁੰਦੇ ਸਨ ਤਾਂ ਇੱਕ ਆਵਾਜ਼ 'ਤੇ ਹੀ ਸਾਰੀ ਹਾਈ-ਕਮਾਂਡ ਉਸਨੂੰ ਮਿਲਦੀ ਹੁੰਦੀ ਸੀ।" ਕਹਿਣ ਤੋਂ ਭਾਵ ਕਿ ਅੱਜ ਭਾਜਪਾ ਵਿੱਚ ਵੀ ਕੈਪਟਨ ਦੀ ਕੋਈ ਪੁੱਛ-ਪ੍ਰਤੀਤ, ਮਾਣ-ਸਤਿਕਾਰ ਤੇ ਇੱਜ਼ਤ ਨਹੀਂ ਹੈ ਉਸਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਹੁਣ ਕੈਪਟਨ ਦੇ ਕਾਂਗਰਸ ਵਿੱਚ ਮੁੜ ਆਉਣ ਦੇ ਚਰਚੇ ਹਨ। ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਹੈ ਜਿਸ ਨੇ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ, ਫਿਰ ਕੈਪਟਨ ਕੁਝ ਸਮਾਂ ਪੰਥਕ ਸਫ਼ਾਂ ਵਿੱਚ ਵੀ ਵਿਚਰਿਆ। ਸੰਨ 1994 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਅੰਮ੍ਰਿਤਸਰ ਐਲਾਨਨਾਮੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸੀ। ਹਥਿਆਰਬੰਦ ਖਾੜਕੂ ਸੰਘਰਸ਼ ਵਿੱਚ ਆਈ ਖੜੋਤ ਤੋਂ ਬਾਅਦ ਹੋਈਆਂ ਚੋਣਾਂ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਨਾ ਦਿੱਤੀ ਤਾਂ ਕੈਪਟਨ ਫਿਰ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਿੱਚ ਚਲੇ ਗਿਆ ਤੇ ਉਹ ਸੰਨ 2002 ਵਿੱਚ ਮੁੱਖ ਮੰਤਰੀ ਬਣਿਆ ਤੇ ਦੂਜੀ ਵਾਰ ਫਿਰ ਕਾਂਗਰਸ ਵੱਲੋਂ ਹੀ ਸੰਨ 2017 ਵਿੱਚ ਮੁੱਖ ਮੰਤਰੀ ਬਣ ਗਿਆ। ਇਸ ਤੋਂ ਦੋ ਸਾਲ ਪਹਿਲਾਂ ਬਰਗਾੜੀ ਅਤੇ ਕੋਟਕਪੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਬਹਿਬਲ ਕਲਾਂ 'ਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਬਾਦਲ ਸਰਕਾਰ ਖ਼ਿਲਾਫ਼ ਪੰਥ ਅਤੇ ਪੰਜਾਬ ਵਾਸੀਆਂ 'ਚ ਬਹੁਤ ਰੋਹ ਤੇ ਰੋਸ ਸੀ। ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀ ਆਸ ਸੀ ਕਿ ਉਹ ਬਰਗਾੜੀ, ਬਹਿਬਲ ਤੇ ਕੋਟਕਪੂਰਾ ਕਾਂਡ 'ਚ ਇਨਸਾਫ਼ ਕਰੇਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਗ਼ਦਾਰੀ ਕੀਤੀ, ਉਸ ਨੇ ਪੰਥ ਅਤੇ ਪੰਜਾਬ ਵਿਰੁੱਧ ਭੁਗਤਣਾ ਚਾਹਿਆ ਤੇ ਬਾਦਲਾਂ ਨਾਲ ਯਾਰੀ ਨਿਭਾਉਂਦਿਆਂ ਉਹਨਾਂ ਨੂੰ ਬਚਾਇਆ। ਸੰਨ 2018 ਵਿੱਚ ਜਦੋਂ ਬਰਗਾੜੀ ਮੋਰਚਾ ਲੱਗਾ ਸੀ ਤਾਂ ਉਸ ਸਮੇਂ ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ ਕਿ "ਜੇ ਕੈਪਟਨ ਅਮਰਿੰਦਰ ਸਿੰਘ ਨੇ ਇਨਸਾਫ਼ ਨਾ ਦਿੱਤਾ ਤਾਂ ਜਿਹੜੀ ਖੱਡ 'ਚ ਬਾਦਲ ਡਿੱਗਾ ਸੀ ਉਸੇ ਖੱਡ 'ਚ ਕੈਪਟਨ ਵੀ ਡਿੱਗੇਗਾ। ਉਸ ਨੂੰ ਗੁਰੂ ਸਾਹਿਬ ਜ਼ਰੂਰ ਸਜ਼ਾ ਦੇਣਗੇ।" ਓਹੀ ਗੱਲ ਹੋਈ, ਕੈਪਟਨ ਅਮਰਿੰਦਰ ਸਿੰਘ ਆਪਣੀ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਗਿਆ ਤੇ ਉਸ ਨੂੰ ਕਾਂਗਰਸ ਵੀ ਛੱਡਣੀ ਪਈ ਤੇ ਭਾਜਪਾ 'ਚ ਵੜ ਗਿਆ। ਪਰ ਅੱਜ ਕੈਪਟਨ ਸਿੰਘ ਦੇ ਇਹ ਹਾਲਾਤ ਨੇ "ਨਾ ਘਰ ਦੇ, ਨਾ ਘਾਟ ਦੇ।" ਉਸ ਦਾ ਸਿਆਸੀ ਭਵਿੱਖ ਖ਼ਤਮ ਹੋ ਚੁੱਕਾ ਹੈ, ਬੇਅਦਬੀਆਂ ਬਾਦਲਾਂ ਅਤੇ ਕੈਪਟਨ ਨੂੰ ਲੈ ਬੈਠੀਆਂ ਹਨ। "ਜਿਹੜੇ ਗੁਰੂ ਦੇ ਨਹੀਂ ਹੋਏ, ਉਹ ਅੱਜ ਵੀ ਮੋਏ ਤੇ ਕੱਲ੍ਹ ਵੀ ਮੋਏ।" ਬਾਦਲਾਂ ਵਾਂਗ ਕੈਪਟਨ ਵੀ ਪਛਤਾ ਰਿਹਾ ਹੈ, ਹੁਣ ਉਸ ਨੂੰ ਪੰਥ ਅਤੇ ਪੰਜਾਬ ਵਾਸੀਆਂ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਅੱਜ ਲੋਕਾਂ 'ਚ ਚਰਚਾ ਹੈ ਕਿ ਬਾਦਲਾਂ ਵਾਲ਼ੀ ਖੱਡ 'ਚ ਡਿੱਗੇ ਕੈਪਟਨ ਦਾ ਮੁੜ ਉੱਠਣਾ ਬਹੁਤ ਔਖਾ ਹੈ। ਕੈਪਟਨ ਹੋਵੇ ਜਾਂ ਬਾਦਲ ਦਲੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਦੋਸ਼ੀ ਕੁਰਸੀ ਦੇ ਲਾਇਕ ਨਹੀਂ ਹਨ, ਇਹ ਰੂੜੀਆਂ ਤੋਂ ਕਾਗਜ ਚੁਗਣਗੇ, ਕੰਧਾਂ ਵਿੱਚ ਟੱਕਰਾਂ ਮਾਰਨਗੇ, ਮੌਤ ਮੰਗਣਗੇ ਪਰ ਮੌਤ ਨਹੀਂ ਮਿਲਣੀ, ਇਹ ਹਕੀਕਤ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By: GURBHEJ SINGH ANANDPURI







