Nazrana Times

ਪੰਜਾਬੀ

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਬੇਅਦਬੀ ਅਤੇ ਕੁੱਟਮਾਰ, ਪੱਗ ਉਤਾਰੀ ਗਈ; ਜਾਤੀਵਾਦੀ ਗਾਲ੍ਹਾਂ ਅਤੇ ਧਮਕੀਆਂ—ਪਰਿਵਾਰ ਸਦਮੇ ਵਿੱਚ

18 Dec, 2025 01:59 AM
ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਬੇਅਦਬੀ ਅਤੇ ਕੁੱਟਮਾਰ, ਪੱਗ ਉਤਾਰੀ ਗਈ; ਜਾਤੀਵਾਦੀ ਗਾਲ੍ਹਾਂ ਅਤੇ ਧਮਕੀਆਂ—ਪਰਿਵਾਰ ਸਦਮੇ ਵਿੱਚ

ਨਵੀਂ ਦਿੱਲੀ, 17 ਦਸੰਬਰ , ਗੁਰਪ੍ਰੀਤ ਸਿੰਘ ਚੋਹਕਾ
 

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਧਾਰਮਿਕ ਸਹਿਣਸ਼ੀਲਤਾ ਨੂੰ ਝਟਕਾ ਦੇਣ ਵਾਲੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਵੱਕਾਰੀ ਸਨਾਤਨ ਧਰਮ ਇੰਟਰ ਕਾਲਜ ਵਿੱਚ 12ਵੀਂ ਜਮਾਤ ਦੇ ਇੱਕ ਸਿੱਖ ਵਿਦਿਆਰਥੀ ਨਾਲ ਉਸਦੇ ਕੁਝ ਸਹਿਪਾਠੀਆਂ ਵੱਲੋਂ ਹਮਲਾ ਕੀਤਾ ਗਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਵਿਦਿਆਰਥੀ ਦੀ ਪੱਗ ਉਤਾਰ ਦਿੱਤੀ ਅਤੇ ਕੇਸਾਂ ਨਾਲ ਖਿੱਚਧੂਹ ਕੀਤੀ, ਜੋ ਸਿੱਖ ਧਰਮ ਅਨੁਸਾਰ ਗੰਭੀਰ ਬੇਅਦਬੀ ਮੰਨੀ ਜਾਂਦੀ ਹੈ। ਘਟਨਾ ਤੋਂ ਬਾਅਦ ਪੀੜਤ ਵਿਦਿਆਰਥੀ ਡੂੰਘੇ ਸਦਮੇ ਵਿੱਚ ਹੈ।
ਪੀੜਤ ਦੇ ਪਿਤਾ ਮੁਤਾਬਕ, ਕੁਝ ਵਿਦਿਆਰਥੀ ਕਾਫ਼ੀ ਸਮੇਂ ਤੋਂ ਉਸਦੇ ਪੁੱਤਰ ਨੂੰ ਨਿਸ਼ਾਨਾ ਬਣਾ ਰਹੇ ਸਨ। ਉਸਨੂੰ ਰੋਜ਼ਾਨਾ ਤੰਗ ਕੀਤਾ ਜਾਂਦਾ, ਧੱਕਾ ਦਿੱਤਾ ਜਾਂਦਾ ਅਤੇ ਬਿਨਾਂ ਕਿਸੇ ਕਾਰਨ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ। ਹਾਲਾਤ ਉਸ ਵੇਲੇ ਹੋਰ ਵਿਗੜ ਗਏ ਜਦੋਂ ਧਾਰਮਿਕ ਪਛਾਣ ਦੇ ਆਧਾਰ ‘ਤੇ ਜਾਤੀਵਾਦੀ ਟਿੱਪਣੀਆਂ ਕੀਤੀਆਂ ਜਾਣ ਲੱਗੀਆਂ, ਜਿਸ ਨਾਲ ਵਿਦਿਆਰਥੀ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੋਇਆ।
ਪਰਿਵਾਰ ਅਨੁਸਾਰ, 16 ਅਕਤੂਬਰ ਨੂੰ ਦੋਸ਼ੀਆਂ ਨੇ ਸਕੂਲ ਕੈਂਪਸ ਵਿੱਚ ਉਸਨੂੰ ਘੇਰ ਲਿਆ ਅਤੇ ਅਚਾਨਕ ਹਮਲਾ ਕਰ ਦਿੱਤਾ। ਚਸ਼ਮਦੀਦਾਂ ਅਤੇ ਪੀੜਤ ਦੇ ਬਿਆਨਾਂ ਮੁਤਾਬਕ, ਹਮਲਾਵਰਾਂ ਨੇ ਉਸਦੇ ਕੇਸ ਖਿੱਚੇ ਅਤੇ ਪੱਗ ਉਤਾਰ ਦਿੱਤੀ। ਜਦੋਂ ਉਸਨੇ ਵਿਰੋਧ ਕੀਤਾ, ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਤੀਵਾਦੀ ਗਾਲ੍ਹਾਂ ਕੱਢੀਆਂ ਗਈਆਂ।
ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ ‘ਤੇ ਸਦਰ ਬਾਜ਼ਾਰ ਪੁਲਿਸ ਸਟੇਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਪੰਜ ਨਾਮਜ਼ਦ ਅਤੇ ਕੁਝ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਕਾਲਜ ਪ੍ਰਬੰਧਨ ਅਤੇ ਅਧਿਆਪਕਾਂ ਦੀ ਭੂਮਿਕਾ ‘ਤੇ ਵੀ ਸਵਾਲ ਉਠ ਰਹੇ ਹਨ। ਪੀੜਤ ਦੇ ਪਿਤਾ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਪ੍ਰਬੰਧਨ ਨੂੰ ਪੁੱਤਰ ਨਾਲ ਹੋ ਰਹੀ ਤੰਗਪ੍ਰੇਸ਼ਾਨੀ ਬਾਰੇ ਅਗਾਹ ਕੀਤਾ ਸੀ। ਜੇਕਰ ਸਮੇਂ ਸਿਰ ਕਾਰਵਾਈ ਜਾਂ ਕਾਉਂਸਲਿੰਗ ਕੀਤੀ ਜਾਂਦੀ, ਤਾਂ ਇਹ ਘਟਨਾ ਟਾਲੀ ਜਾ ਸਕਦੀ ਸੀ।
ਪਰਿਵਾਰ ਦਾ ਦਾਅਵਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਵਿਦਿਆਰਥੀ ਫ਼ੋਨ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦੇ ਰਹੇ ਹਨ ਅਤੇ ਅਪਮਾਨਜਨਕ ਸੁਨੇਹੇ ਭੇਜ ਰਹੇ ਹਨ। ਇਸ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੀੜਤ ਵਿਦਿਆਰਥੀ ਸਕੂਲ ਜਾਣ ਤੋਂ ਵੀ ਡਰਦਾ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #