ਪੋਹ ਦਾ ਸੁਨੇਹਾ
18 Dec, 2025 01:17 AM
ਪੋਹ ਦਾ ਸੁਨੇਹਾ
ਪੋਹ ਦੇ ਮਹੀਨੇ ਸਾਡੇ ਪੁਰਖੇ ਇਸ ਲਈ ਭੁੰਝੇ ਸੌਂ ਕੇ ਸਾਦਾ ਭੋਜਨ ਖ਼ਾ ਕੇ ਵੈਰਾਗੀ ਜੀਵਨ ਨਹੀਂ ਸੀ ਜਿਉਂਦੇ ਕਿ ਉਹਨਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀ ਸ਼ਹਾਦਤ ਦਾ ਕੋਈ ਦਰਦ ਜਾਂ ਸੋਗ ਸੀ ਉਹ ਤਾਂ ਇਹਨਾਂ ਦਿਨਾਂ ਵਿੱਚ ਅਣਖ ਗੈਰਤ ਸਵੈਮਾਣ ਦੇ ਦਰਿਆ ਵਿੱਚ ਤਾਰੀ ਲਾਉਣ ਲਈ ਧੰਨ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਰੂਹ ਨਸ਼ਿਆਉਣ ਦੀ ਚਾਰਾਜੋਈ ਕਰਦੇ ਸੀ
ਇਹ ਦਿਨ ਕੌਮੀਂ ਗੈਰਤ ਦੀ ਗੁੜ੍ਹਤੀ ਲਈ ਸਭ ਤੋਂ ਮੁਫੀਦ ਸਮਾਂ ਹਨ, ਅਹਿਸਾਸ ਦਾ ਸਮਾਂ, ਗੁਰੂ ਗੋਬਿੰਦ ਸਿੰਘ ਵੱਲੋਂ ਨਿੱਕੀ ਉਮਰੇ ਪਿਤਾ ਤੋਰਨਾ ਅਤੇ ਨਿੱਕੀ ਉਮਰ ਦੇ ਪੁੱਤ ਤੋਰਨੇ ਮਨ ਨੂੰ ਵੈਰਾਗੀ ਤਾਂ ਕਰਦਾ ਹੀ ਹੈ ਪਰ ਹਰ ਸਿੱਖ ਨੂੰ ਘੜੀ ਦੀ ਘੜੀ ਤੀਸਰੀ ਲਾਂਵ ਵਾਲੀ “ਮਨਿ ਚਾਉ ਭਇਆ ਬੈਰਾਗੀਆ ਬਲ ਰਾਮ ਜੀਉ” ਵਾਲੀ ਅਵਸਥਾ ਦਾ ਝਲਕਾਰਾ ਵੀ ਤਾਂ ਬਖਸ਼ਦਾ ਹੈ, ਅਕਾਲ ਪੁਰਖ ਨੂੰ ਪਾਉਣ ਦੀ ਮੰਜ਼ਿਲ ਦੀ ਤੀਸਰੀ ਪੌੜੀ ਦਾ ਖਿਨ ਮਾਤਰ ਝਲਕਾਰਾ ਵੀ ਜੀਵਨ ਦੇ ਸਦੀਵੀ ਅਨੰਦ ਦਾ ਰਾਹ ਬਣ ਸਕਦਾ ਹੈ, ਇਹ ਸਾਨੂੰ ਝੱਸ ਪਾ ਸਕਦਾ ਹੈ ਕਿ ਸਾਡੇ ਜੀਵਨ ਵਿੱਚ ਸਦਾ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਆਰ ਵਿਛੋੜੇ ਦਾ ਵੈਰਾਗ ਬਣਿਆ ਰਹੇ ਤੇ ਇਹ ਸੇਜਲ ਨੇਤਰਾਂ ਦਾ ਪਾਣੀ ਸਾਡੇ ਮਨ ਦੀ ਮੈਲ ਧੋਣ ਵਿੱਚ ਸਹਾਈ ਹੋਵੇ, ਨਾਮ ਬਾਣੀ ਸੇਵਾ ਸਿਮਰਨ ਦੀ ਬਰਕਤ ਨਾਲ ਸਾਡਾ ਪਾਤਸ਼ਾਹ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਕੇ ਸਾਨੂੰ ਆਪਣੇ ਚਰਨਾਂ ਦੀ ਚਾਕਰੀ ਬਖਸ਼ਿਸ਼ ਕਰ ਦੇਵੇ
ਏਡਾ ਵੱਡਾ ਮੌਕਾ ਗਵਾ ਨਾ ਲਿਓ ਪਿਆਰਿਓ ਆਓ ਇਸ ਮਹੀਨੇ ਲਾਹਾ ਲੈ ਲਈਏ ਹੋ ਸਕੇ ਤਾਂ ਕੁਝ ਦਿਨ ਮਨ ਮਾਂਜਣ ਦਾ ਯਤਨ ਕਰੀਏ
ਅੰਮ੍ਰਿਤਵੇਲੇ ਦੀ ਸੰਭਾਲ ਕਰੀਏ
ਹਰ ਰੋਜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ
ਬੱਚਿਆਂ ਨੂੰ ਗੁਰਦੁਆਰੇ ਜਰੂਰ ਲੈਕੇ ਜਾਈਏ
ਮੋਨੇ ਵੀਰ ਜਿਨ੍ਹਾਂ ਦੇ ਨਾਮ ਨਾਲ ਸਿੰਘ ਲੱਗਦਾ ਦਸਤਾਰਾਂ ਜਰੂਰ ਸਜਾਉਣ
ਸਾਦਾ ਭੋਜਨ ਕਪੜੇ ਤੇ ਸਾਦੀ ਜ਼ਿੰਦਗੀ ਜੀਵੀਏ
ਮੰਦਾ ਵੇਖਣ ਸੁਣਨ ਤੇ ਬੋਲਣ ਤੇ ਪੱਕੀ ਪਾਬੰਦੀ ਲਾਈਏ
ਗੱਡੀ ਵਿੱਚ ਕੇਵਲ ਗੁਰਬਾਣੀ ਸੁਣੀਏ
ਹੋਰ ਵੀ ਬਹੁਤ ਕੁੱਝ ਜੋ ਵੀ ਅਸੀਂ ਗੁਰੂ ਸਾਹਿਬ ਦੇ ਪਿਆਰ ਵਿੱਚ ਕਰ ਸਕੀਏ
ਲਾਹਾ ਜਰੂਰ ਲੈਣਾ ਗੁਰੂ ਪਿਆਰ ਵਾਲਿਓ ਸਮਾਂ ਬਹੁਤ ਸੁਨਹਿਰਾ ਹੈ
Posted By: GURBHEJ SINGH ANANDPURI







