Nazrana Times

ਪੰਜਾਬੀ

ਸੰਤ ਜਰਨੈਲ ਸਿੰਘ ਸਾਡੇ 'ਆਈਡਲ' ਨੇ - ਦੀਪ ਸਿੱਧੂ

23 Feb, 2026 05:28 PM
ਸੰਤ ਜਰਨੈਲ ਸਿੰਘ ਸਾਡੇ 'ਆਈਡਲ' ਨੇ - ਦੀਪ ਸਿੱਧੂ

ਸੰਤ ਜਰਨੈਲ ਸਿੰਘ ਸਾਡੇ 'ਆਈਡਲ' ਨੇ - ਦੀਪ ਸਿੱਧੂ 
 

ਕੌਮੀ ਯੋਧੇ ਸ. ਸੰਦੀਪ ਸਿੰਘ ਦੀਪ ਸਿੱਧੂ ਨਾਲ਼ ਮੇਰੀ ਦੂਜੀ ਮੁਲਾਕਾਤ 4 ਜਨਵਰੀ 2021 ਨੂੰ ਦਿੱਲੀ ਕਿਸਾਨ ਮੋਰਚੇ 'ਚ ਸਿੰਘੂ ਬਾਰਡਰ 'ਤੇ ਹੋਈ। ਅਸੀਂ ਰਾਤ 7 ਕੁ ਵਜੇ ਉਸ ਦੇ ਪੜਾਅ 'ਤੇ ਜਾ ਕੇ ਉਸ ਨੂੰ ਮਿਲ਼ੇ, ਓਦੋਂ ਕਾਫ਼ੀ ਮੀਂਹ ਪੈ ਰਿਹਾ ਸੀ। 'ਦੀਪ ਸਿੱਧੂ' ਨਾਲ਼ ਕਿਸਾਨ ਸੰਘਰਸ਼ ਬਾਰੇ ਤਕਰੀਬਨ ਇੱਕ ਘੰਟਾ ਵਿਚਾਰਾਂ ਹੋਈਆਂ। ਉਸ ਦਾ ਸੁਭਾਅ ਅਤੇ ਬੋਲਾਂ ਦੀ ਤਾਸੀਰ ਹੀ ਕੁਝ ਵੱਖਰੀ ਸੀ। ਲਗਾਤਾਰ ਉਸ ਦੀ ਊਰਜਾ 'ਚ ਵਾਧਾ ਹੋਣਾ, ਮੋਰਚੇ 'ਤੇ ਡਟੇ ਰਹਿਣਾ, ਸਾਦਾਪਨ, ਨਿਰੋਏ ਅਤੇ ਚੜ੍ਹਦੀ ਕਲਾ ਵਾਲ਼ੇ ਵਿਚਾਰ ਇਹ ਦਰਸਾਉਂਦੇ ਸਨ ਕਿ ਉਸ ਦੇ ਅੰਦਰ ਪੰਜਾਬ ਲਈ ਦਰਦ, ਮਾਨਵੀ ਹਿੱਤਾਂ ਦੀ ਪਹਿਰੇਦਾਰੀ ਤੇ ਕਿਸਾਨੀ ਸੰਘਰਸ਼ ਦੇ ਨੁਕਤਿਆਂ ਦਾ ਭੰਡਾਰ ਸੀ। ਉਹ ਸਟੇਟ ਦੀਆਂ ਚਾਲਾਂ ਅਤੇ ਮੋਦੀ ਸਰਕਾਰ ਦੀ ਮੱਕਾਰੀ ਨੂੰ ਡੂੰਘਾਈ ਨਾਲ਼ ਸਮਝਦਾ ਸੀ। ਜੇਕਰ ਕਿਸਾਨ ਆਗੂ ਉਸ ਦੀਆਂ ਗੱਲਾਂ ਮੰਨ ਲੈਂਦੇ ਤਾਂ ਮੋਦੀ ਸਰਕਾਰ ਅਤੇ ਏਜੰਸੀਆਂ ਨੇ ਓਦੋਂ ਹੀ ਮੂਧੇ-ਮੂੰਹ ਡਿੱਗ ਪੈਣਾ ਸੀ। ਉਹ ਕਿਸਾਨ ਆਗੂਆਂ ਦੇ ਵਿਹਾਰ ਤੋਂ ਦੁਖੀ ਜਾਂ ਨਿਰਾਸ਼ ਨਹੀਂ ਬਲਕਿ ਚਿੰਤਤ ਸੀ ਤੇ ਇਹਨਾਂ ਦੂਰੀਆਂ ਨੂੰ ਦੂਰ ਕਰਨ ਲਈ ਬੇ-ਸਬਰਾ ਸੀ। ਉਸ ਦੀ ਦੂਰ-ਅੰਦੇਸ਼ੀ ਸੋਚ ਨੇ ਸਾਨੂੰ ਵੀ ਕਾਇਲ ਕਰ ਲਿਆ ਸੀ। ਫਿਰ ਜਦ ਵਿਦਾ ਹੋਣ ਤੋਂ ਪਹਿਲਾਂ 'ਦੀਪ ਸਿੱਧੂ' ਨੂੰ ਮੈਂ ਆਪਣੀ ਕਿਤਾਬ 'ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ' ਭੇਟ ਕੀਤੀ ਤਾਂ ਉਸ ਨੇ ਕਿਤਾਬ ਨੂੰ ਬੜੀ ਗਹੁ ਨਾਲ ਵੇਖਿਆ ਤੇ ਕਿਹਾ ਕਿ "ਬਾਈ! ਇਹਨਾਂ ਜਰਨੈਲਾਂ ਦੇ ਸਦਕੇ ਈ ਤਾਂ ਅਸੀਂ ਜਿਉਂਨੇ ਆਂ, ਇਹ ਸਾਡਾ ਸੁਨਹਿਰੀ ਇਤਿਹਾਸ ਆ, ਸੰਤ ਜਰਨੈਲ ਸਿੰਘ ਸਾਡੇ ਆਈਡਲ ਆ, ਮਹਾਨ ਸ਼ਹੀਦ ਆ ਜੋ ਸਾਡੀਆਂ ਜ਼ਮੀਰਾਂ ਜਗਾ ਗਏ।

” ਫਿਰ ਮੈਂ ਕਿਹਾ ਕਿ "ਜੇ ਤੁਹਾਨੂੰ ਕੋਈ ਪ੍ਰੋਬਲਮ ਜਾਂ ਇਤਰਾਜ਼ ਨਾ ਹੋਵੇ ਤਾਂ ਆਪਾਂ ਕਿਤਾਬ ਨਾਲ਼ ਇੱਕ ਯਾਦਗਾਰੀ ਫੋਟੋ ਕਰਵਾ'ਲੀਏ।” ਤਾਂ ਦੀਪ ਕਹਿੰਦਾ "ਲੈ ਬਾਈ! ਇਤਰਾਜ਼ ਕਾਹਦਾ ਹੋਣਾ, ਆਓ ਕਰਾਈਏ ਫ਼ੋਟੋ, ਸੰਤਾਂ ਦੀ ਕਿਤਾਬ ਆ, ਆਪਾਂ ਨੂੰ ਕਾਹਦਾ ਇਤਰਾਜ਼!” ਮੈਂ ਕਿਹਾ "ਖਾਲਿਸਤਾਨ ਸ਼ਬਦ ਲਿਖਿਆ, ਮੀਡੀਆ ਚੀਕ-ਚਿਹਾੜਾ ਪਾਊ, ਤੁਹਾਡੇ ਤਾਂ ਅੱਗੇ ਦੁਆਲੇ ਹੋਏ ਰਹਿੰਦੇ ਆ, ਐਵੇਂ ਸਾਡੇ ਕਰਕੇ ਤੁਹਾਡੇ ਕਰੀਅਰ 'ਤੇ ਕੋਈ ਆਂਚ ਨਾ ਆਵੇ।" ਤਾਂ ਅੱਗੋਂ ਦੀਪ ਕਹਿੰਦਾ "ਬਾਈ! ਫ਼ਿਕਰ ਨਾ ਕਰੋ, ਮੈਂ ਵੀ ਥੋਡੇ ਵਾਂਗ ਖਾਲਿਸਤਾਨੀ ਆਂ, ਜੇ ਨੱਚਣ ਹੀ ਲਗ'ਪੇ ਤਾਂ ਹੁਣ ਘੁੰਡ ਕਾਹਤੋਂ ਕੱਢਣਾ, ਸਰਕਾਰ ਕਰ'ਲੇ ਜੋ ਕਰਨੈ।" ਫਿਰ ਅਸੀਂ 'ਦੀਪ ਸਿੱਧੂ' ਨੂੰ ਕਿਤਾਬ ਭੇਟ ਕਰਦਿਆਂ ਤਸਵੀਰਾਂ ਕਰਾਈਆਂ ਤੇ ਫੇਸਬੁੱਕ 'ਤੇ ਪੋਸਟ ਕਰ ਦਿੱਤੀਆਂ। ਜਿਸ ਨੂੰ ਕੁਝ ਦਿਨਾਂ ਮਗਰੋਂ ‘ਦੈਨਿਕ ਭਾਸਕਰ' ਅਖਬਾਰ ਅਤੇ ਹਿੰਦੂ ਮੀਡੀਆ ਨੇ ਵੈੱਬਸਾਈਟਾਂ 'ਤੇ ਪਾ ਕੇ 'ਦੀਪ ਸਿੱਧੂ' 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ। ਉਸ ਨੂੰ ਅੱਤਵਾਦੀ, ਵੱਖਵਾਦੀ ਤੇ ਖ਼ਾਲਿਸਤਾਨੀ ਐਕਟਰ ਕਹਿ ਕੇ ਰੌਲ਼ਾ ਪਾਇਆ ਅਤੇ ਉਸ ਦੇ ਤੇ ਮੇਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
 

        ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
        ਮੋ: 8872293883.

Posted By: GURBHEJ SINGH ANANDPURI