ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀਆਂ, ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਲਿਆ ਅਹਿਦ
21 Feb, 2026 06:27 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬੀਜੇਪੀ ਸਰਕਾਰ ਦੀ ਗੋਲੀ ਨਾਲ 21 ਫਰਵਰੀ 2024 ਨੂੰ ਦਿੱਲੀ ਕਿਸਾਨ ਅੰਦੋਲਨ 2 ਦੌਰਾਨ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੀ ਦੂਜ਼ੀ ਬਰਸੀ ਮੌਕੇ ਕੇ. ਐਮ. ਐਮ. ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਦੇਸ਼ ਪੱਧਰੀ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਆਗੂਆਂ ਦੱਸਿਆ ਗਿਆ ਕਿ ਅੱਜ ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਕੇਰਲਾ, ਤਮਿਲਨਾਡੂ, ਕਾਰਾ ਕਾਲ ( ਪੋਂਡੁੱਚਿਰੀ ),ਜੰਮੂ ਕਸ਼ਮੀਰ, ਹਰਿਆਣਾ ਅਤੇ ਪੰਜਾਬ ਵਿੱਚ ਲੱਖਾਂ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੇ ਇੱਕਠ ਕਰਕੇ ਸ਼ਹੀਦ ਸ਼ੁਭਕਰਨ ਸਿੰਘ ਅਤੇ ਹੱਕਾਂ ਵਾਸਤੇ ਚਲਦੀ ਕਿਸਾਨ ਮਜ਼ਦੂਰ ਲਹਿਰ ਦੇ ਚਲਦੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਆਗੂਆਂ ਕਿਹਾ ਕਿ ਜਿੱਥੇ ਭਾਜਪਾ ਸਰਕਾਰ ਨੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ ਉੱਥੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ਼ੁਭਕਰਨ ਸਿੰਘ ਦੀ ਸ਼ਹੀਦੀ ਮੌਕੇ ਪੁਲਿਸ ਕੇਸ ਦਰਜ ਕਰਕੇ ਕੋਈ ਵੀ ਅਗਲੇਰੀ ਕਰਵਾਈ ਅੱਗੇ ਨਹੀਂ ਵਧਣ ਦਿੱਤੀ। ਉਹਨਾ ਕਿਹਾ ਕਿ ਸਾਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਕਿਸਾਨੀ ਸੰਘਰਸ਼ ਨੂੰ ਹੋਰ ਜ਼ੋਰ ਨਾਲ ਲੜਨ ਦੀ ਲੋੜ ਹੈ ਕਿਉਕਿ ਭਾਰਤ ਸਰਕਾਰ ਜਿੱਥੇ ਕਿਸਾਨਾਂ ਮਜਦੂਰਾਂ ਦੇ ਹੱਕ ਦੇਣ ਤੋਂ ਇਨਕਾਰੀ ਹੈ ਉੱਥੇ ਹੀ ਕੌਮਾਂਤਰੀ ਪੱਧਰ ਤੇ ਖੇਤੀ ਖੇਤਰ ਲਈ ਮੌਤ ਦੇ ਸਮਝੌਤੇ ਲਾਗੂ ਕਰ ਰਹੀ ਹੈ, ਜਿਸ ਵਿੱਚ ਅਮਰੀਕੀ ਖੇਤੀਬਾੜੀ ਦੇ ਉਤਪਾਦਾਂ ਲਈ ਪੂਰੀ ਤਰ੍ਹਾਂ ਦਰਵਾਜੇ ਖੋਲ੍ਹਣ ਦਾ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 15 ਅਗਸਤ ਨੂੰ ਬਿਆਨ ਦਿੰਦੇ ਹਨ ਕਿ ਭਾਰਤ ਦੇ ਖੇਤੀ ਸੈਕਟਰ ਨੂੰ ਸੁਰੱਖਿਅਤ ਕੀਤਾ ਜਾਵੇਗਾ ਪਰ ਇਸਤੋਂ ਠੀਕ 3 ਦਿਨ ਬਾਅਦ ਹੀ ਅਮਰੀਕੀ ਕਪਾਹ ਤੋਂ ਟੈਕਸ ਖਤਮ ਕਰਕੇ 30 ਲੱਖ ਗੰਢ ਅਮਰੀਕਾ ਤੋਂ ਮੰਗਵਾਈ ਗਈ, ਜਿਸ ਕਾਰਨ ਭਾਰਤੀ ਕਪਾਹ ਦੇ ਭਾਅ ਵਿੱਚ ਭਾਰੀ ਗਿਰਾਵਟ ਆਈ।

ਉਹਨਾ ਕਿਹਾ ਕਿ ਨਰੇਂਦਰ ਮੋਦੀ ਹੈਰਾਨੀਕੁਨ ਤਰੀਕੇ ਨਾਲ ਅਮਰੀਕਾ ਦੇ ਦਬਾਅ ਹੇਠ ਚੱਲ ਰਹੇ ਹਨ ਅਤੇ ਦੇਸ਼ ਦੇ ਕਿਸਾਨਾਂ ਮਜਦੂਰਾਂ ਦੇ ਹੱਕ ਅਮਰੀਕਾ ਸਾਹਮਣੇ ਸਮਰਪਣ ਕਰ ਰਹੇ ਹਨ। ਉਹਨਾ ਕਿਹਾ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਲਈ ਲਿਆਂਦੇ ਜਾ ਬਿਜਲੀ ਸੋਧ ਬਿੱਲ, ਬੀਜ ਐਕਟ 2025, ਮਜ਼ਦੂਰਾਂ ਦੇ ਕਿਰਤ ਕਾਨੂੰਨ ਖਤਮ ਕਰਕੇ ਚਮਜ਼ਦੂਰ ਵਿਰੋਧੀ 4 ਲੇਬਰ ਕੋਡ ਲਾਗੂ ਕਰਨ, ਮਨਰੇਗਾ ਖਤਮ ਕਰਕੇ ਲਿਆਂਦੇ ਗਏ ਮਜਦੂਰ ਮਾਰੂ ਵੀ ਬੀ ਗ੍ਰਾਮ ਜੀ ਆਦਿ ਕਨੂੰਨਾਂ ਵਿਰੁੱਧ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਨੂੰ ਦੇਸ਼ ਅਤੇ ਪੰਜਾਬ ਪੱਧਰ ਤੇ ਆਉਣ ਵਾਲੇ ਵੱਡੇ ਅੰਦੋਲਨਾਂ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਦਿੱਲੀ ਅੰਦੋਲਨ 1 ਅਤੇ 2 ਦੌਰਾਨ ਹੋਈਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਉਹਨਾ ਕਿਹਾ ਕਿ ਅੱਜ ਦੇ ਇੱਕਠਾਂ ਵਿੱਚ ਇਸ ਗੱਲ ਦਾ ਅਹਿਦ ਕੀਤਾ ਗਿਆ ਹੈ ਕਿ ਜਿਵੇਂ ਮੋਦੀ, ਹਰਿਆਣਾ ਸਰਕਾਰ ਅਤੇ ਭਗਵੰਤ ਮਾਨ ਦੀ ਜੁੰਡਲੀ ਵੱਲੋਂ ਅੰਦੋਲਨ ਨੂੰ ਇਜ਼ਰਾਈਲ ਦੇ ਡਰੋਨਾਂ ਰਾਹੀਂ ਹੰਜੂ ਗੈਸ ਦੇ ਗੋਲੇ ਸੁਟਕੇ, ਅਰਧ ਸੈਨਿਕ ਫੋਰਸ।ਵਰਤ ਕੇ, ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਲੋਕਾਂ ਦਾ ਹੌਂਸਲਾ ਨਾ ਤੋੜ ਪਾਉਣ ਦੇ ਚਲਦੇ ਭਗਵੰਤ ਮਾਨ ਸਰਕਾਰ ਵੱਲੋਂ ਪੁਲਿਸ ਬਲ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਖਿਲਾਫ ਸ਼ੰਭੂ ਖਨੌਰੀ ਮੋਰਚੇ ਨੂੰ ਉਖਾੜਿਆ ਗਿਆ। ਉਹਨਾ ਕਿਹਾ ਕਿ ਸਰਕਰਾਂ ਦਾ ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਲੜਾਈ ਨੂੰ ਦਬਾਉਣ ਵਾਲਾ ਅਤੇ ਲੋਕ ਵਿਰੋਧੀ ਚਿਹਰਾ ਲੋਕਾਂ ਵਿੱਚ ਨੰਗਾ ਹੋ ਰਿਹਾ ਹੈ। ਉਹਨਾ ਕਿਹਾ ਕਿ ਸਰਕਾਰ ਇਸ ਗੱਲ ਨੂੰ ਸਮਝ ਲਵੇ ਕੇ ਕਿਸਾਨਾਂ ਮਜਦੂਰਾਂ ਨੂੰ ਸ਼ਹੀਦ ਕਰਕੇ ਲਹਿਰ ਨੂੰ ਨਹੀਂ ਰੋਕਿਆ ਜਾ ਸਕਦਾ ਸਗੋਂ ਇਹ ਲਹਿਰ ਹੋਰ ਪ੍ਰਚੰਡ ਹੋਵੇਗੀ।
Posted By: GURBHEJ SINGH ANANDPURI







