Nazrana Times

ਪੰਜਾਬੀ

ਨੌਜਵਾਨਾਂ ਤੇ ਸਿੱਖਿਆ ਲਈ ਇਤਿਹਾਸਕ ਫੈਸਲੇ ਅਕਾਲੀ ਸਰਕਾਰ ਦੀ ਪਛਾਣ – ਰਵਿੰਦਰ ਸਿੰਘ ਬ੍ਰਹਮਪੁਰਾ

24 Feb, 2026 12:01 AM
ਨੌਜਵਾਨਾਂ ਤੇ ਸਿੱਖਿਆ ਲਈ ਇਤਿਹਾਸਕ ਫੈਸਲੇ ਅਕਾਲੀ ਸਰਕਾਰ ਦੀ ਪਛਾਣ – ਰਵਿੰਦਰ ਸਿੰਘ ਬ੍ਰਹਮਪੁਰਾ

ਨੌਜਵਾਨਾਂ ,ਵਿਦਿਆਰਥੀਆਂ,ਖੇਡਾਂ, ਸਿੱਖਿਆ ਅਤੇ ਉਦਯੋਗਿਕ ਵਿਕਾਸ ਵਿੱਚ ਕੀਤੇ ਇਤਿਹਾਸਕ ਕੰਮਾਂ ਦਾ ਕੀਤਾ ਵਿਸਥਾਰ ਨਾਲ ਜ਼ਿਕਰ


ਰਾਕੇਸ਼ ਨਈਅਰ
ਖਡੂਰ ਸਾਹਿਬ/ਤਰਨਤਾਰਨ,23 ਫਰਵਰੀ
 

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਇੱਕੋ ਇੱਕ ਦੌਰ ਉਹ ਸੀ ਜਦੋਂ ਹਰ ਵਰਗ ਅਤੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਅਤੇ ਉਹ ਦੌਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਸੀ।ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਦਸ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜ ਅੱਜ ਵੀ ਮੌਜੂਦਾ ਸਰਕਾਰਾਂ ਨੂੰ ਮਾਤ ਪਾਉਂਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਸੀ,ਉਸ ਸਮੇਂ ਯੂਥ ਅਤੇ ਵਿਦਿਆਰਥੀ ਵਰਗ ‘ਤੇ ਖਾਸ ਜ਼ੋਰ ਦਿੱਤਾ ਗਿਆ ਸੀ।ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਖੇਡਾਂ ਦੇ ਖੇਤਰ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ। ਇੰਟਰਨੈਸ਼ਨਲ ਪੱਧਰ ‘ਤੇ ਕਬੱਡੀ ਵਰਲਡ ਕੱਪ ਕਰਵਾਏ ਗਏ,ਜਿਨ੍ਹਾਂ ਦੌਰਾਨ ਪੰਜਾਬ ਦੀ ਜਨਤਾ ਆਈਪੀਐਲ ਵਰਗੇ ਵੱਡੇ ਮੈਚ ਵੀ ਭੁੱਲ ਜਾਂਦੀ ਸੀ।ਉਨ੍ਹਾਂ ਕਿਹਾ ਕਿ ਕਬੱਡੀ ਪ੍ਰਤੀ ਨੌਜਵਾਨੀ ਵਿੱਚ ਪਿਆਰ ਅਤੇ ਸਤਿਕਾਰ ਵਧਿਆ,ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਭ ਤੋਂ ਵੱਡਾ ਕਦਮ ਸਾਬਤ ਹੋਇਆ।ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ‘ਤੇ ਖੇਡ ਸਟੇਡੀਅਮ ਅਤੇ ਖੇਡ ਮੈਦਾਨ ਤਿਆਰ ਕੀਤੇ ਗਏ, ਤਾਂ ਜੋ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸੀ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਆਈਟੀ ਖੇਤਰ ਨਾਲ ਜੁੜਨਗੇ। ਇਸੇ ਸੋਚ ਤਹਿਤ ਮੋਹਾਲੀ ਨੂੰ ਆਈਟੀ ਕੇਂਦਰ ਵਿੱਚ ਤਿਆਰ ਕੀਤਾ ਗਿਆ।ਅੱਜ ਮੋਹਾਲੀ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਨਿਵੇਸ਼ ਆ ਰਹੀ ਹੈ,ਜੋ ਉਸ ਦੂਰਅੰਦੇਸ਼ੀ ਨੀਤੀ ਦਾ ਨਤੀਜਾ ਹੈ।ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਸਿੱਖਿਆ ਖੇਤਰ ਵਿੱਚ ਵੱਡੇ ਪੱਧਰ ‘ਤੇ ਕੰਮ ਹੋਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ,ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਅਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਰਗੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ।ਇਸ ਤੋਂ ਇਲਾਵਾ ਪੰਜਾਬ ਵਿੱਚ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਅਤੇ ਵੋਕੇਸ਼ਨਲ ਸਿੱਖਿਆ ਕੇਂਦਰ ਬਣਾਏ ਗਏ, ਉਸ ਸਮੇਂ ਜਿਨ੍ਹਾਂ ਰਾਹੀਂ ਪੱਚੀ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਾਭ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਲਿਆਂਦੀ ਗਈ, ਜਿਸ ਨਾਲ ਵਿਦਿਆਰਥੀਆਂ ਨੂੰ ਨਵੇਂ ਯੁੱਗ ਨਾਲ ਜੋੜਿਆ ਗਿਆ ਅਤੇ ਕਈ ਕੰਪਿਊਟਰ ਅਧਿਆਪਕਾਂ ਨੂੰ ਨੌਕਰੀਆਂ ਮਿਲੀਆਂ।ਇਸ ਦੇ ਨਾਲ ਕਈ ਨਵੇਂ ਡਿਗਰੀ ਕਾਲਜ ਅਤੇ ਨਰਸਿੰਗ ਕਾਲਜ ਵੀ ਖੋਲ੍ਹੇ ਗਏ।ਅਨੁਸੂਚਿਤ ਜਾਤੀ ਅਤੇ ਪਿੱਛੜੇ ਵਰਗਾਂ ਲਈ ਸਕਾਲਰਸ਼ਿਪ
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਪਿੱਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਯੋਜਨਾਵਾਂ ਚਲਾਈਆਂ ਗਈਆਂ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਪੈਸੇ ਦੀ ਕਮੀ ਕਾਰਨ ਨਾ ਰੁਕੇ।ਬ੍ਰਹਮਪੁਰਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲਾਂ ਵੰਡੀਆਂ ਗਈਆਂ। ਇਸ ਦਾ ਮਕਸਦ ਦੂਰੋਂ ਆਉਣ ਵਾਲੀਆਂ ਲੜਕੀਆਂ ਨੂੰ ਸਿੱਖਿਆ ਨਾਲ ਜੋੜਨਾ ਸੀ ਅਤੇ ਉਨ੍ਹਾਂ ਲਈ ਸਕੂਲ ਆਉਣ-ਜਾਣ ਦੀ ਸਹੂਲਤ ਮੁਹੱਈਆ ਕਰਵਾਉਣਾ ਸੀ।ਇਹ ਬੇਟੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇਕ ਅਹਿਮ ਕਦਮ ਸੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਇਕੱਲੇ ਐਲਾਨ ਨਹੀਂ ਕੀਤੇ ਜਾਂਦੇ ਸਨ, ਸਗੋਂ ਐਲਾਨ ਕਰਨ ਤੋਂ ਪਹਿਲਾਂ ਕੰਮ ਕਰਕੇ ਦਿਖਾਇਆ ਜਾਂਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸਿਰਫ਼ ਕੰਧਾਂ ਨੂੰ ਰੰਗ ਕਰਵਾ ਕੇ ਅਤੇ ਨਾਮ ਬਦਲ ਕੇ ਆਪਣੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਦੀ ਹੈ ਅਤੇ ਕੀਤੇ ਕੰਮਾਂ ਤੋਂ ਵੱਧ ਖ਼ਰਚਾ ਮਸ਼ਹੂਰੀ ‘ਤੇ ਕਰਦੀ ਹੈ।ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਦਿਆਰਥੀਆਂ ਲਈ ਦਸ ਲੱਖ ਰੁਪਏ ਤੱਕ ਬਿਨਾਂ ਵਿਆਜ ਕਰਜ਼ੇ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਨੌਜਵਾਨ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਇਸ ਨਾਲ ਕਈ ਨੌਕਰੀਆਂ ਵੀ ਪੈਦਾ ਹੋਣਗੀਆਂਉਨ੍ਹਾਂ ਕਿਹਾ ਕਿ ਉਦਯੋਗਿਕ ਨੌਕਰੀਆਂ ਵਿੱਚ ਪਚਹੱਤਰ ਫੀਸਦੀ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਹ ਸਿਰਫ਼ ਐਲਾਨ ਨਹੀਂ ਹੋਵੇਗਾ, ਸਗੋਂ ਇਸ ‘ਤੇ ਅਮਲ ਵੀ ਕੀਤਾ ਜਾਵੇਗਾ।ਅੰਤ ਵਿੱਚ ਬ੍ਰਹਮਪੁਰਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਫ਼ਲੇ ਨਾਲ ਜੁੜ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਪੰਜਾਬ ਦਾ ਵਿਕਾਸ ਦਿੱਲੀ ਤੋਂ ਪੁੱਛ ਕੇ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਪੰਜਾਬ ਨੂੰ ਆਪਣੀ ਪਾਰਟੀ ਨਾਲ ਖੜ੍ਹਾ ਹੋਣਾ ਚਾਹੀਦਾ ਹੈ।

Posted By: GURBHEJ SINGH ANANDPURI