Nazrana Times

ਪੰਜਾਬੀ

ਬਾਦਲ ਭਜਾਓ, ਪੰਥ ਬਚਾਓ...

22 Feb, 2026 09:20 AM
ਬਾਦਲ ਭਜਾਓ, ਪੰਥ ਬਚਾਓ...

ਸਿੱਖ ਕੌਮ ਲਈ ਕਿੰਨੀ ਤ੍ਰਾਸਦੀ ਦੀ ਗੱਲ ਹੈ ਕਿ ਪੰਥ ਦੇ ਗ਼ੱਦਾਰ ਬਾਦਲਕੇ ਸਾਡੇ ਗੁਰਧਾਮਾਂ ਉਤੇ ਕਾਬਜ਼ ਹਨ ਤੇ ਉਹ ਲਗਾਤਾਰ ਖ਼ਾਲਸਾ ਪੰਥ ਦੇ ਸਿਧਾਂਤਾਂ ਦਾ ਘਾਣ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਤੌਹੀਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਛਪਾਈ ਵਾਲੇ ਪਾਵਨ ਸਰੂਪ ਅਤੇ ਹੱਥ ਲਿਖਤ ਬੀੜਾਂ ਨੂੰ ਗੁੰਮ, ਗੁਰੂ ਦੀਆਂ ਗੋਲਕਾਂ ਦੀ ਲੁੱਟ, ਸਿੰਘ ਸਾਹਿਬਾਨਾਂ ਅਤੇ ਜਥੇਦਾਰਾਂ ਦਾ ਅਪਮਾਨ ਅਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਰੋਲ ਰਹੇ ਹਨ। ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਸਮੇਂ-ਸਮੇਂ 'ਤੇ ਬਾਦਲ ਦਲੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਬਾਦਲਕੇ ਆਪਣੇ ਪੰਥ ਵਿਰੋਧੀ ਕਾਰਿਆਂ ਨੂੰ ਬੰਦ ਕਰਨ ਦੀ ਬਜਾਏ ਪੰਥ ਨੂੰ ਲੁੱਟੀ, ਕੁੱਟੀ ਤੇ ਠੱਗੀ ਜਾਂਦੇ ਹਨ। ਬਾਦਲਕੇ ਕਿਸੇ ਵੀ ਪੰਥਕ ਸਿੱਖ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਗ਼ੱਦਾਰਾਂ, ਡੋਗਰਿਆਂ, ਨਮਕ ਹਰਾਮੀਆਂ, ਮਸੰਦਾਂ, ਮਹੰਤਾਂ ਤੇ ਦੋਗਲਿਆਂ ਦੀ ਲਾਈਨ ਬਹੁਤ ਲੰਬੀ ਹੈ ਜੋ ਹਰ ਸਮੇਂ ਆਪਣੇ ਨਿੱਜੀ ਤੇ ਸਿਆਸੀ ਮੁਫ਼ਾਦਾਂ ਲਈ ਬਾਦਲ ਪਰਿਵਾਰ ਤੇ ਬਾਦਲ ਦਲ ਦੀ 'ਜੀ-ਹਜ਼ੂਰੀ' ਕਰਨ ਲਈ ਤਿਆਰ ਰਹਿੰਦੇ ਹਨ। ਲੰਬਾ ਸੰਘਰਸ਼ ਅਤੇ ਆਵਾਜ਼ ਬੁਲੰਦ ਕਰਕੇ ਪੰਥ ਇੱਕ ਬੇਈਮਾਨ ਨੂੰ ਪਾਸੇ ਕਰਦਾ ਹੈ ਤੇ ਓਨੇ ਚਿਰ ਨੂੰ ਬਾਦਲਕੇ ਉਸ ਤੋਂ ਵੀ ਗਿਰੇ ਹੋਏ ਕਿਸੇ ਵਿਅਕਤੀ ਨੂੰ ਲਿਆ ਕੇ ਪੰਥ ਦੇ ਸਿਰ 'ਤੇ ਬਿਠਾ ਦਿੰਦੇ ਹਨ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਹਰ ਦੂਜਾ ਬੰਦਾ ਠੱਗ, ਚੋਰ ਅਤੇ ਬੇਈਮਾਨ ਹੈ ਜੋ ਪੰਥ ਦਾ ਭਲਾ ਨਹੀਂ ਹੋਣ ਦਿੰਦੇ ਤੇ ਇਹਨਾਂ ਸਾਰਿਆਂ ਦਾ ਆਕਾ ਸੁਖਬੀਰ ਸਿੰਘ ਬਾਦਲ ਹੈ। ਸ਼੍ਰੋਮਣੀ ਕਮੇਟੀ ਵਿੱਚ ਜੋ ਘਪਲੇ ਅਤੇ ਪੰਥ ਵਿਰੋਧੀ ਕੰਮ ਹੁੰਦੇ ਹਨ ਉਹ ਕਿਸੇ ਤੋਂ ਲੁਕੇ-ਛਿਪੇ ਨਹੀਂ ਹਨ। ਸੁਖਬੀਰ ਸਿੰਘ ਬਾਦਲ ਦਾ ਟੋਲਾ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਹੀ ਨਹੀਂ ਬਣਿਆ ਹੋਇਆ ਸਗੋਂ ਇਹ ਖ਼ੁਦ ਕੁਹਾੜੇ ਬਣ ਕੇ ਤੇਜੀ ਨਾਲ ਸਿੱਖ ਕੌਮ ਦੀਆਂ ਜੜ੍ਹਾਂ ਵੱਢ ਰਹੇ ਹਨ। ਅਖੌਤੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਿਸ ਤਰ੍ਹਾਂ ਦੇ ਕਾਰੇ ਹਨ ਉਸ ਤੋਂ ਹਰ ਸਿੱਖ ਮਹਿਸੂਸ ਕਰਦਾ ਹੈ ਕਿ ਇਹਨਾਂ ਦਾ ਏਜੰਡਾ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਆੜ ਹੇਠ ਸਿੱਖੀ ਅਤੇ ਸਿੱਖਾਂ ਦਾ ਖ਼ਾਤਮਾ ਹੈ, ਇਹਨਾਂ ਨੇ ਸਿੱਖਾਂ ਨੂੰ ਗਧੀ-ਗੇੜ ਵਿੱਚ ਪਾ ਰੱਖਿਆ ਹੈ ਤੇ ਪੰਥਕ ਸਿੱਖਾਂ ਨੂੰ ਖੂੰਜੇ ਲਾਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਕਈ ਸਾਬਕਾ ਪ੍ਰਧਾਨ, ਸਕੱਤਰ, ਮੈਂਬਰ ਅਤੇ ਮੁਲਾਜ਼ਮ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਈ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਵੀ ਖ਼ਾਲਸਾ ਪੰਥ ਨੂੰ ਸ਼੍ਰੋਮਣੀ ਕਮੇਟੀ ਦੀਆਂ ਕਾਲ਼ੀਆਂ ਕਰਤੂਤਾਂ ਦੱਸ ਚੁੱਕੇ ਹਨ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਪ੍ਰੋਫ਼ੈਸਰ ਮਨਜੀਤ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਕਈ ਵਾਰ ਖੁਲਾਸੇ ਕਰ ਚੁੱਕੇ ਹਨ ਕਿ ਜਥੇਦਾਰਾਂ, ਸਿੰਘ ਸਾਹਿਬਾਨਾਂ, ਪ੍ਰਧਾਨਾਂ ਅਤੇ ਸਕੱਤਰਾਂ ਨੂੰ ਕਿਵੇਂ ਸੁਖਬੀਰ ਸਿੰਘ ਬਾਦਲ ਆਪਣੇ ਇਸ਼ਾਰਿਆਂ ਉੱਤੇ ਚਲਾਉਂਦਾ ਹੈ ਤੇ ਮਨਮਰਜ਼ੀ ਦੇ ਫ਼ੈਸਲੇ ਕਰਵਾਉਂਦਾ ਹੈ। ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਆਪਣੀ ਚੁੱਪ ਤੋੜਦਿਆਂ ਦੱਸਿਆ ਹੈ ਕਿ ਸੁਖਬੀਰ ਬਾਦਲ ਕਿਵੇਂ 2 ਦਸੰਬਰ 2024 ਦੇ ਫ਼ੈਸਲਿਆਂ ਨੂੰ ਬਦਲਾਉਣਾ ਚਾਹੁੰਦਾ ਸੀ ਅਤੇ ਇਸ ਨੂੰ ਭਾਜਪਾ ਦੀ ਸਾਰੀ ਖੇਡ ਕਹਿ ਕੇ ਆਪ ਬਰੀ ਹੋਣਾ ਚਾਹੁੰਦਾ ਸੀ। ਦੇਰੀ ਨਾਲ ਬੋਲਣ ਕਰਕੇ ਗਿਆਨੀ ਰਘਬੀਰ ਸਿੰਘ ਉੱਤੇ ਪੰਥ ਨੂੰ ਗੁੱਸਾ ਤਾਂ ਹੈ ਪਰ ਫਿਰ ਵੀ ਉਹਨਾਂ ਦੀਆਂ ਗੱਲਾਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਆਮ ਮੁਲਾਜ਼ਮ ਤੋਂ ਲੈ ਕੇ ਜਥੇਦਾਰ ਅਤੇ ਸਿੰਘ ਸਾਹਿਬਾਨ ਤੱਕ ਸਾਰੇ ਹੀ ਸੁਖਬੀਰ ਬਾਦਲ ਦੀ ਜੁੰਡਲੀ ਤੋਂ ਦੁਖੀ ਹਨ। ਗੁਰੂ ਘਰ ਦੇ ਪੈਸੇ ਦੀ ਦੁਰਵਰਤੋਂ, ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਚੋਰੀ ਵਿਕਰੀ, ਪੰਥ ਵਿਰੋਧੀਆਂ ਨੂੰ ਹੱਲਾਸ਼ੇਰੀ, ਰੁਮਾਲਿਆਂ ਤੋਂ ਲੈ ਕੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ, ਲੰਗਰ ਦੀਆਂ ਜੂਠੀਆਂ-ਸੁੱਕੀਆਂ ਰੋਟੀਆਂ ਵੀ ਰਾਤ ਦੇ ਹਨੇਰੇ 'ਚ ਵੇਚ ਦੇਣੀਆਂ, ਅਖੰਡ ਪਾਠਾਂ ਦੀ ਮਾਇਆ ਵਿੱਚ ਵੀ ਹੇਰਾਫੇਰੀ, ਕਰੋੜਾਂ ਦੀਆਂ ਠੱਗੀਆਂ ਇਹ ਸ਼੍ਰੋਮਣੀ ਕਮੇਟੀ ਵਿੱਚ ਆਮ ਗੱਲ ਬਣ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਬਾਦਲਾਂ ਦੇ ਸਭ ਤੋਂ ਵੱਡੇ ਚਮਚੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੱਜ-ਵੱਜ ਕੇ ਬੜੇ ਬੇਸ਼ਰਮ ਹੋ ਕੇ ਆਖਦੇ ਹਨ ਕਿ "ਸ਼੍ਰੋਮਣੀ ਕਮੇਟੀ ਵਿੱਚ ਤਾਂ 10-20 ਘਪਲੇ ਰੋਜ਼ ਦੇ ਹੁੰਦੇ ਰਹਿੰਦੇ ਹਨ, ਹੁਣ ਅਸੀਂ ਕਿਸ-ਕਿਸ 'ਤੇ ਕਾਰਵਾਈ ਕਰੀਏ!" ਸ਼੍ਰੋਮਣੀ ਕਮੇਟੀ ਜਾਂ ਬਾਦਲਾਂ ਦੇ ਖ਼ਿਲਾਫ਼ ਕੋਈ ਬੋਲਦਾ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਂਗ ਉਹਨਾਂ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਜਾਂਦਾ ਹੈ, ਹੁਣ ਗਿਆਨੀ ਰਘਬੀਰ ਸਿੰਘ ਜੀ ਬੋਲੇ ਹਨ ਉਹਨਾਂ ਨੂੰ ਵੀ ਬਾਦਲਕੇ ਬਰਦਾਸ਼ਤ ਨਹੀਂ ਕਰਨਗੇ। ਸਿੰਘ ਸਾਹਿਬ ਅਤੇ ਜਥੇਦਾਰ ਨੂੰ ਆਪਣੇ ਅਹੁਦੇ ਤੋਂ ਲਾਹ ਕੇ ਦੂਜੇ ਨੂੰ ਬਿਠਾ ਦੇਣਾ, ਇਹ ਪੰਥ ਕਦੋਂ ਤੱਕ ਬਰਦਾਸ਼ਤ ਕਰਦਾ ਰਹੇਗਾ ? ਹੁਣ ਜਦੋਂ ਸਾਰਾ ਕੁਝ ਸਾਫ਼ ਹੋ ਚੁੱਕਾ ਹੈ ਤਾਂ ਅਜੋਕੇ ਨਰੈਣੂ ਮਹੰਤਾਂ ਬਾਦਲਾਂ ਨੂੰ ਸਾਡੇ ਗੁਰਧਾਮਾਂ ਅਤੇ ਸੰਸਥਾਵਾਂ ਉੱਤੇ ਟਿਕੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹਨਾਂ ਬਾਦਲਾਂ ਨੇ ਮਹੰਤਾਂ ਤੇ ਮਸੰਦਾਂ ਵਾਂਗ ਗੁਰਧਾਮਾਂ ਦਾ ਖੁਦ ਖਹਿੜਾ ਨਹੀਂ ਛੱਡਣਾ, ਇਹ ਸਮੁੱਚੇ ਖ਼ਾਲਸਾ ਪੰਥ ਨੂੰ ਖੁਦ ਹੀ ਗਲੋਂ ਲਾਹੁਣੇ ਪੈਣੇ ਹਨ। ਮਾਮਲਾ ਇਕੱਲਾ ਭ੍ਰਿਸ਼ਟਾਚਾਰ ਤੇ ਲੁੱਟ-ਖਸੁੱਟ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਹ ਸਾਡੇ ਗੁਰਧਾਮਾਂ ਅਤੇ ਸੰਸਥਾਵਾਂ ਦੀ ਸੱਚੀ-ਸੁੱਚੀ ਹੋਂਦ ਨੂੰ ਬਚਾਉਣ ਅਤੇ ਪਵਿੱਤ੍ਰਤਾ ਬਹਾਲ ਕਰਨ ਦਾ ਹੈ। ਆਓ, ਇੱਕਜੁੱਟ ਹੋਈਏ, ਜਿਉਂਦੇ ਹੋਣ ਦਾ ਸਬੂਤ ਦੇਈਏ ਤੇ ਬਾਦਲ ਲਾਣੇ ਨੂੰ ਸਬਕ ਸਿਖਾਈਏ। 'ਬਾਦਲ ਭਜਾਓ ਪੰਥ ਬਚਾਓ' ਲਹਿਰ ਚਲਾ ਕੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਏ। 
 

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
         ਮੋ: 8872293883.

Posted By: GURBHEJ SINGH ANANDPURI