ਕੁਛ ਤੋ ਖ਼ਾਸ ਥਾ ਉਸਕੀ ਮਾਸੂਮੀਅਤ ਮੇਂ...
22 Feb, 2026 08:22 PM
ਕੌਮੀ ਯੋਧੇ ਸ. ਸੰਦੀਪ ਸਿੰਘ ਦੀਪ ਸਿੱਧੂ ਨੂੰ ਜਦ ਮੈਂ ਪਹਿਲੀ ਵਾਰ 21 ਅਕਤੂਬਰ 2020 ਨੂੰ ਸ਼ੰਭੂ ਮੋਰਚੇ 'ਚ ਮਿਲਿਆ ਤਾਂ ਉਸ ਦਿਨ ਹੀ ਜਾਣ ਲਿਆ ਸੀ ਕਿ ਇਹ ਕੋਈ ਆਮ ਰੂਹ ਨਹੀਂ ਹੈ। ਇਸ ਦੇ ਅੰਦਰ ਪੰਥ ਅਤੇ ਪੰਜਾਬ ਪ੍ਰਤੀ ਦਰਦ ਉਛਾਲੇ ਮਾਰ ਰਿਹਾ ਹੈ। ਕਾਲਜੇ ਨੂੰ ਧੂਹ ਪਾਉਂਦੇ ਇਸ ਦੇ ਸਿੱਧੇ-ਪੱਧਰੇ ਬੋਲ ਨੌਜਵਾਨਾਂ 'ਚ ਵੱਡੀ ਜਾਗ੍ਰਿਤੀ ਪੈਦਾ ਕਰਨਗੇ ਤੇ ਇਹ ਨੌਜਵਾਨਾਂ ਦਾ ਨਾਇਕ ਹੋ ਨਿਬੜੇਗਾ।
ਉਸ ਦੇ ਮੋਰਚੇ ਦੀ ਸਟੇਜ ਅਤੇ ਕਿਸਾਨ ਯੂਨੀਅਨਾਂ ਜਾਂ ਕਾਮਰੇਡਾਂ ਦੀ ਸਟੇਜ 'ਚ ਜ਼ਮੀਨ-ਅਸਮਾਨ ਦਾ ਫ਼ਰਕ ਸੀ, ਗੱਲਾਂ ਅਤੇ ਨਿਸ਼ਾਨੇ 'ਚ ਵੀ ਵੱਡਾ ਅੰਤਰ ਸੀ। ਮੈਨੂੰ ਸ਼ੰਭੂ ਮੋਰਚੇ ਦੀ ਸਟੇਜ 'ਤੇ ਬੋਲ ਕੇ ਆਪਣਾਪਨ ਮਹਿਸੂਸ ਹੋਇਆ।
ਦੀਪ ਸਿੱਧੂ ਦੀ ਲੜਾਈ ਖੇਤੀ ਕਨੂੰਨਾਂ ਤਕ ਹੀ ਸੀਮਤ ਨਹੀਂ ਸੀ, ਉਹ ਇਸਨੂੰ ਪੰਜਾਬ ਦੀ ਹੋਂਦ 'ਤੇ ਹਮਲਾ ਦੱਸ ਰਿਹਾ ਸੀ। ਉਹ ਕਹਿੰਦਾ ਸੀ ਕਿ ਲੜਾਈ ਫ਼ਸਲਾਂ ਦੀ ਨਹੀਂ, ਆਉਣ ਵਾਲੀਆਂ ਨਸਲਾਂ ਦੀ ਰਾਖੀ ਦੀ ਹੈ। ਗੱਲ ਕਣਕਾਂ ਦੀ ਨਹੀਂ, ਪੰਜਾਬੀਆਂ ਦੀ ਅਣਖਾਂ ਦੀ ਹੈ। ਮਸਲਾ ਜ਼ਮੀਨਾਂ ਦਾ ਨਹੀਂ, ਸਾਡੀਆਂ ਜ਼ਮੀਰਾਂ ਦਾ ਹੈ।
ਉਸ ਨੇ ਅਸਲ ਸਮੱਸਿਆ ਤੇ ਜੜ੍ਹ ਨੂੰ ਹੱਥ ਪਾ ਲਿਆ ਸੀ ਤੇ ਉਹ ਪੰਜਾਬ ਨੂੰ ਖੁਦਮੁਖਤਿਆਰ ਤੇ ਅਜ਼ਾਦ ਵੇਖਣਾ ਚਾਹੁੰਦਾ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਪ੍ਰਤੀ ਉਸ ਦਾ ਪਿਆਰ ਤੇ ਸਤਿਕਾਰ ਝਲਕਾਰੇ ਮਾਰ ਰਿਹਾ ਸੀ ਤਾਂਹੀਂ ਤਾਂ ਉਹ ਅਨੰਦਪੁਰ ਦੇ ਮਤੇ ਅਤੇ ਖ਼ਾਲਿਸਤਾਨ ਦੀਆਂ ਬਾਤਾਂ ਪਾਉਂਦਾ ਸੀ।
ਉਸ ਨੇ ਨੌਜਵਾਨੀ ਨੂੰ ਘਰਾਂ 'ਚੋਂ ਬਾਹਰ ਕੱਢਿਆ, ਇੱਕ ਮਜ਼ਬੂਤ ਪਲੈਟਫਾਰਮ ਦਿੱਤਾ, ਸੰਗਠਿਤ ਕੀਤਾ, ਸਰਕਾਰ ਨੂੰ ਵੰਗਾਰਿਆ ਤੇ ਆਖਰ ਦਿੱਲੀ 'ਤੇ ਧਾਵਾ ਬੋਲ ਦਿੱਤਾ। ਜੇ ਉਹ ਨਾ ਹੁੰਦਾ ਤਾਂ 26 ਨਵੰਬਰ ਨੂੰ ਕਿਸਾਨੀ ਸੰਘਰਸ਼ 'ਚ ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਵੀ ਨਹੀਂ ਸੀ ਹੋਣਾ।
ਉਹ ਤੁਫ਼ਾਨ ਵਾਂਗ ਆਇਆ ਤੇ ਸ਼ੇਰ ਵਾਂਗ ਗਰਜਿਆ। ਉਸ ਦਾ ਨੂਰਾਨੀ ਚਿਹਰਾ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ ਤੇ ਟੁੰਬਵੇਂ ਬੋਲ ਵਾਰ-ਵਾਰ ਸੁਣਾਈ ਦਿੰਦੇ ਹਨ। ਵਾਹ ਓਏ ਯਾਰਾ! ਪਹਿਲੀ ਮੁਲਾਕਾਤ 'ਚ ਹੀ ਦਿਲ ਲੁੱਟ ਲਿਆ। ‘ਕੁਛ ਤੋ ਖਾਸ ਥਾ ਉਸਕੀ ਮਾਸੂਮੀਅਤ ਮੇ, ਵਰਨਾ ਯੇਹ ਕਮਬਖ਼ਤ ਦਿਲ ਕਿਸੇ ਕੇ ਲੀਏ ਬੇਚੈਨ ਹੋ ਜਾਏ, ਹੋ ਈ ਨਹੀਂ ਸਕਤਾ।’

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







