'ਹੁਣ ਅਗਲੇ ਸੈਸ਼ਨ 'ਚ ਕੋਸ਼ਿਸ਼ ਕਰਨਾ' - ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਤੋਂ ਕੀਤਾ ਇਨਕਾਰ
19 Dec, 2025 11:32 AM
ਚੰਡੀਗੜ੍ਹ, 19 ਦਸੰਬਰ 2025 , ਨਜ਼ਰਾਨਾ ਟਾਈਮਜ ਬਿਊਰੋ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣ ਲਈ ਪਾਈ ਗਈ ਪੈਰੋਲ ਦੀ ਪਟੀਸ਼ਨ 'ਤੇ ਅੱਜ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਹੁਣ "ਬੇਅਰਥ" ਹੋ ਚੁੱਕਾ ਹੈ ਕਿਉਂਕਿ ਕੱਲ੍ਹ ਸੰਸਦ ਦੇ ਸੈਸ਼ਨ ਦਾ ਆਖਰੀ ਦਿਨ ਹੈ, ਇਸ ਲਈ ਹੁਣ ਇਸ 'ਤੇ ਸੁਣਵਾਈ ਦਾ ਕੋਈ ਫਾਇਦਾ ਨਹੀਂ ਰਿਹਾ।
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਇਸ ਮਾਮਲੇ 'ਤੇ ਬਹਿਸ ਪੂਰੀ ਨਹੀਂ ਹੋ ਸਕੀ। ਸਰਕਾਰੀ ਪੱਖ ਦੇ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ, ਜਿਸ ਕਾਰਨ ਸੁਣਵਾਈ ਵਾਰ-ਵਾਰ ਟਲਦੀ ਰਹੀ। ਅਦਾਲਤ ਨੇ ਕਿਹਾ ਕਿ ਜੇਕਰ ਅੱਜ ਅੰਮ੍ਰਿਤਪਾਲ ਦੇ ਹੱਕ ਵਿੱਚ ਫੈਸਲਾ ਸੁਣਾ ਵੀ ਦਿੱਤਾ ਜਾਂਦਾ ਹੈ, ਤਾਂ ਵੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਤੱਕ ਦੇ ਸਫਰ ਅਤੇ ਕਾਗਜ਼ੀ ਕਾਰਵਾਈ ਵਿੱਚ ਹੀ ਸੈਸ਼ਨ ਖ਼ਤਮ ਹੋ ਜਾਣਾ ਹੈ।
ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ 'ਤੋਂ ਪੁੱਛਿਆ ਕਿ, "ਜੇ ਅਸੀਂ ਅੱਜ ਹੁਕਮ ਦੇ ਵੀ ਦਿੰਦੇ ਹਾਂ, ਤਾਂ ਉਸ ਨੂੰ ਲਾਗੂ ਕਿਵੇਂ ਕੀਤਾ ਜਾਵੇਗਾ? ਡਿਬਰੂਗੜ੍ਹ ਤੋਂ ਦਿੱਲੀ ਤੱਕ ਹੈਲੀਕਾਪਟਰ ਰਾਹੀਂ ਪਹੁੰਚਣ ਵਿੱਚ ਵੀ ਘੱਟੋ-ਘੱਟ 10 ਘੰਟੇ ਲੱਗ ਜਾਣਗੇ।" ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ, "ਹੁਣ ਅਗਲੇ ਸੈਸ਼ਨ ਵਿੱਚ ਕੋਸ਼ਿਸ਼ ਕਰਨਾ।"
Posted By: GURBHEJ SINGH ANANDPURI







