ਮੁਕਤਸਰ ਦੀ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਤੇ ਸਾਥੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ : ਪੰਥਕ ਜਥੇਬੰਦੀਆਂ ਅਤੇ ਪਰਿਵਾਰ ,
19 Dec, 2025 06:43 PM
ਗੁਰਬਾਣੀ ਦੀ ਬੇਅਦਬੀ ਬਰਦਾਸ਼ਤ ਨਹੀਂ, ਦੋਸ਼ੀਆਂ 'ਤੇ ਹੋਵੇ ਤੁਰੰਤ ਕਾਰਵਾਈ ਭਾਈ ਸੁਖਜੀਤ ਸਿੰਘ ਖੋਸੇ
ਮੁਕਤਸਰ, 19 ਦਸੰਬਰ , ਜੁਗਰਾਜ ਸਿੰਘ ਸਰਹਾਲੀ
ਅੱਜ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਸਾਥੀਆਂ ਦੇ ਪਰਿਵਾਰਾਂ ਨੇ ਮੁਕਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਵੱਡੇ ਇਲਜ਼ਾਮ ਲਗਾਏ ਹਨ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਹਨਾਂ ਖਦਸ਼ਾ ਪ੍ਰਗਟਾਇਆ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਜਾਨ ਨੂੰ ਵੀ ਖਤਰਾ ਹੈ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਭਾਈ ਦਇਆ ਸਿੰਘ, ਭਾਈ ਪ੍ਰੀਤਮ ਸਿੰਘ ਸੇਖੋਂ, ਭਾਈ ਸੁਰਿੰਦਰ ਸਿੰਘ ਹੈਪੀ ਅਤੇ ਭਾਈ ਗੁਰਪ੍ਰੀਤ ਸਿੰਘ ਗੋਰਾ ਨਾਲ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਬਦਸਲੂਕੀ ਕਾਰਨ ਇਹ ਪੰਜੇ ਸਿੰਘ ਕੁਝ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਆਗਿਆ ਮੰਗ ਰਹੇ ਹਨ। ਪੰਥਕ ਜਥੇਬੰਦੀਆਂ ਤੇ ਪਰਿਵਾਰ ਨੇ ਦੋਸ਼ ਲਗਾਇਆ ਗਿਆ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਜਾਣ ਨਹੀਂ ਦਿੱਤਾ ਜਾ ਰਿਹਾ ਜੋ ਕਿ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲਾ ਜੇਲ੍ਹ ਦਾ ਸੁਪਰਡੈਂਟ ਨਵਦੀਪ ਸਿੰਘ ਬੈਨੀਪਾਲ ਅਤੇ ਡਿਪਟੀ ਸੁਪਰਡੈਂਟ ਪ੍ਰੀਤ ਗਰਗ ਵਲੋਂ ਤਲਾਸ਼ੀ ਦੇ ਬਹਾਨੇ ਜਾਣਬੁੱਝ ਕੇ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹਨਾਂ ਜੇਲ੍ਹ ਅਧਿਕਾਰੀਆਂ ਵਲੋਂ ਰਾਤ ਦੇ ਬਾਰਾਂ ਵਜੇ ਸ਼ਰਾਬੀ ਹਾਲਤ ਵਿੱਚ ਗੈਰਕਨੂੰਨੀ ਢੰਗ ਨਾਲ ਚੱਕੀਆਂ ਵਿੱਚ ਦਾਖਲ ਹੋ ਕੇ ਜਿੱਥੇ ਸਿੰਘਾਂ ਦਾ ਸਮਾਨ ਖਿਲਾਰਿਆ ਗਿਆ, ਉੱਥੇ ਸ਼ਰਾਬ ਨਾਲ ਅੰਨੇ ਹੋਏ ਸੁਖਵਿੰਦਰ ਸਿੰਘ ਜੇਲ੍ਹ ਮੁਲਾਜ਼ਮ ਨੇ ਪਵਿੱਤਰ ਗੁਰਬਾਣੀ ਦੀਆਂ ਪੰਕਤੀਆਂ ਦਾ ਭਾਰੀ ਅਪਮਾਨ ਕੀਤਾ ਹੈ, ਇਸ ਵਿਆਕਤੀ ਵਲੋਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਨੂੰ ਸ਼ਰਾਬੀ ਹਾਲਤ ਵਿੱਚ ਮਿਟਾ ਦਿੱਤਾ ਗਿਆ। ਇਹ ਇਹਨਾਂ ਵਲੋਂ ਕੀਤਾ ਗਿਆ ਵੱਡਾ ਅਪਰਾਧ ਅਤੇ ਸੰਗੀਨ ਜ਼ੁਰਮ ਹੈ ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ । ਇਸ ਸੁਪਰਡੈਂਟ ਨਵਦੀਪ ਸਿੰਘ ਬੈਨੀਪਾਲ ਅਤੇ ਡਿਪਟੀ ਸੁਪਰਡੈਂਟ ਪ੍ਰੀਤ ਗਰਗ ਦੀਆਂ ਇਹਨਾਂ ਜ਼ਾਲਮਾਨਾ ਕਾਰਵਾਈਆਂ ਤੋਂ ਤੰਗ ਆ ਕੇ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ, ਭਾਈ ਪ੍ਰੀਤਮ ਸਿੰਘ ਸੇਖੋਂ, ਭਾਈ ਦਇਆ ਸਿੰਘ,ਭਾਈ ਸੁਰਿੰਦਰ ਸਿੰਘ ਹੈਪੀ ਅਤੇ ਭਾਈ ਗੁਰਪ੍ਰੀਤ ਸਿੰਘ ਗੋਰਾ ਵਲੋਂ 15 ਦਸੰਬਰ ਤੋਂ ਮਰਨ ਵਰਤ ਅਰੰਭ ਕੀਤਾ ਗਿਆ ਹੈ । ਇਸ ਮੌਕੇ ਗੱਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਨੇ ਜ਼ੋਰ ਦੇ ਕੇ ਕਿਹਾ ਕਿ ਜੇਲ੍ਹ ਅੰਦਰ ਬੰਦ ਸਿੰਘਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ ਸਮੂਹ ਖਾਲਸਾ ਪੰਥ ਦੇ ਸਹਿਯੋਗ ਨਾਲ਼ ਅਗਲਾ ਐਕਸ਼ਨ ਪ੍ਰੋਗਰਾਮ ਵਿੱਢਿਆ ਜਾਵੇਗਾ। ਅਗਰ ਇਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸਦੇ ਜਿੰਮੇਵਾਰ ਉਕਤ ਜੇਲ੍ਹ ਅਧਿਕਾਰੀ ਸਮਝੇ ਜਾਣਗੇ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਜੇਲ੍ਹਾਂ ਵਿੱਚ ਸਿੱਖ ਨੌਜਵਾਨਾਂ 'ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਸਾਥੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਜਾਣ ਦਿੱਤਾ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਨਾਲ਼ ਬਦਸਲੂਕੀ ਕੀਤੀ ਹੈ ਅਤੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ ਉਨ੍ਹਾਂ 'ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੇ ਜੇ ਇਹ ਮੰਗ ਨਾ ਮੰਨੀ ਤਾਂ ਹੋਰ ਵੀ ਸੰਘਰਸ਼ ਤਿੱਖਾ ਕੀਤਾ ਜਾਏਗਾ। ਇਸ ਮੌਕੇ ਮਾਸਟਰ ਹਰਜਿੰਦਰ ਸਿੰਘ , ਕੁਲਦੀਪ ਸ਼ਰਮਾ , ਸ਼ਰਨਜੀਤ ਸਿੰਘ ਸਰਾਂ , ਗੁਰਮੇਲ ਸਿੰਘ ਕਲਸੀ ,ਭਗਵਾਨ ਸਿੰਘ ਭਾਨਾ ,ਅਮਰੀਕ ਸਿੰਘ ਭੁੱਲਰ ,ਬਿਕਰਮਜੀਤ ਸਿੰਘ ਖਾਲਸਾ ਵਰਿੰਦਰ ਸਿੰਘ ਗੁਰਸਵੇਕ ਸਿੰਘ ਮਨਪ੍ਰੀਤ ਸਿੰਘ ਜਸਪਿੰਦਰ ਸਿੰਘ ਸੁਰਿੰਦਰ ਸਿੰਘ ਐੱਮ ਸੀ ,ਗੁਰਮੁੱਖ ਸਿੰਘ ,ਸੰਦੀਪ ਕੌਰ ਹਾਜ਼ਰ ਸਨ।
Posted By: GURBHEJ SINGH ANANDPURI







