ਸਿੱਖ ਕੌਮ ਦੀ ਅਜ਼ਾਦੀ ਲਈ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਲਿਆ ਦਿੱਤਾ ਸੀ: ਬਾਬਾ ਰਾਮ ਸਿੰਘ/ਭਾਈ ਰਣਜੀਤ ਸਿੰਘ/ਭਾਈ ਮਨਜੀਤ ਸਿੰਘ

ਸਿੱਖ ਕੌਮ ਦੀ ਅਜ਼ਾਦੀ ਲਈ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਲਿਆ ਦਿੱਤਾ ਸੀ: ਬਾਬਾ ਰਾਮ ਸਿੰਘ/ਭਾਈ ਰਣਜੀਤ ਸਿੰਘ/ਭਾਈ ਮਨਜੀਤ ਸਿੰਘ

ਸੰਤ ਭਿੰਡਰਾਂਵਾਲਿਆਂ ਦੇ ਗੜਵਈ ਸ਼ਹੀਦ ਭਾਈ ਗੁਰਮੁਖ ਸਿੰਘ ਦੀ ਯਾਦ 'ਚ ਝੁਲਾਇਆ ਨਿਸ਼ਾਨ ਸਾਹਿਬ

ਅੰਮ੍ਰਿਤਸਰ, 16 ਮਈ , ਨਜ਼ਰਾਨਾ ਟਾਈਮਜ ਬਿਊਰੋ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਜੂਨ 1984 ਦੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਅਤੇ ਉਹਨਾਂ ਦੇ ਪਿਤਾ ਜ਼ਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਭੂਰਾ ਕੋਹਨਾ ਦੀ ਯਾਦ 'ਚ ਸ਼ਹੀਦੀ ਸਮਾਗਮ ਪਿੰਡ ਬਲੇਰ, ਨੇੜੇ ਭਿੱਖੀਵਿੰਡ ਵਿਖੇ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ (ਸਪੁੱਤਰ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਜੀ), ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਨਿਹੰਗ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ ਵਾਲਿਆਂ ਨੇ ਕਥਾ-ਵਿਚਾਰ ਸਾਂਝੇ ਕੀਤੇ।

ਇਸ ਮੌਕੇ ਜ਼ਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਭੂਰਾ ਕੋਹਨਾ ਅਤੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਦੀ ਯਾਦ 'ਚ ਉਹਨਾਂ ਦੀ ਬਹਿਕ ਉੱਤੇ 65 ਫੁੱਟ ਉੱਚਾ ਖ਼ਾਲਸਾਈ ਨਿਸ਼ਾਨ ਸਾਹਿਬ ਵੀ ਝੁਲਾਇਆ ਗਿਆ। ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਨੇ ਦੱਸਿਆ ਕਿ ਬਾਪੂ ਹਰਨਾਮ ਸਿੰਘ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੇਲੇ ਤੋਂ ਹੀ ਦਮਦਮੀ ਟਕਸਾਲ ਨਾਲ ਜੁੜ ਗਏ ਸਨ, ਉਹਨਾਂ ਨੇ ਅਥਾਹ ਪੰਥਕ ਸੇਵਾਵਾਂ ਨਿਭਾਈਆਂ, ਮੋਰਚਿਆਂ ਵਿੱਚ ਹਿੱਸਾ ਲਿਆ, ਤਸ਼ੱਦਦ ਝੱਲੇ ਅਤੇ ਬਹੁਤ ਵੱਡੀ ਕੁਰਬਾਨੀ ਕੀਤੀ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਨੇ ਸ਼ਹੀਦੀਆਂ ਦਾ ਹੜ੍ਹ ਹੀ ਲੈ ਆਂਦਾ ਸੀ ਅਤੇ ਜਦੋਂ ਇਤਿਹਾਸਕਾਰ ਖੋਜ ਕਰਨਗੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਸੰਤ ਕਰਤਾਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੇ ਪਰਿਵਾਰਾਂ ਨੇ ਵੀ ਬਹੁਤ ਵੱਡੀ ਘਾਲਣਾ ਘਾਲੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਕਿਹਾ ਕਿ ਬਾਪੂ ਹਰਨਾਮ ਸਿੰਘ ਜੀ ਲੰਬਾ ਸਮਾਂ ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਵੀ ਰਹੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਵੀ ਉਹਨਾਂ ਨੇ ਅਥਾਹ ਸੰਗਤ ਮਾਣੀ ਅਤੇ 13 ਅਪ੍ਰੈਲ 1978 ਦੇ ਨਿਰੰਕਾਰੀ ਕਾਂਡ ਵਿੱਚ ਬਾਪੂ ਹਰਨਾਮ ਸਿੰਘ ਜੀ ਸਖ਼ਤ ਜ਼ਖ਼ਮੀ ਹੋ ਗਏ ਸਨ ਅਤੇ ਸੰਤ ਭਿੰਡਰਾਂਵਾਲਿਆਂ ਵੱਲੋਂ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਦਿੱਤਾ ਗਿਆ ਸੀ। ਭਾਈ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਹੀਦ ਭਾਈ ਗੁਰਮੁਖ ਸਿੰਘ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਗੜਵਈ ਸਨ ਅਤੇ ਜੂਨ 1984 ਦੇ ਘੱਲੂਘਾਰੇ ਵਿੱਚ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਉਂਦੇ ਹੋਏ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ। ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਆਪਣੇ ਪਿਤਾ ਸੰਤ ਕਰਤਾਰ ਸਿੰਘ ਜੀ ਅਤੇ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਤ ਅਨੇਕਾਂ ਦੁਰਲੱਭ ਘਟਨਾਵਾਂ ਸਾਂਝੀਆਂ ਕੀਤੀਆਂ ਜਿਸ ਨੂੰ ਸੁਣ ਕੇ ਸੰਗਤਾਂ ਵਿੱਚ ਜੋਸ਼ ਭਰ ਗਿਆ। ਉਹਨਾਂ ਨੇ ਸੁਖਬੀਰ ਸਿੰਘ ਬਾਦਲ 'ਤੇ ਵੀ ਨਿਸ਼ਾਨੇ ਸਾਧੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਪੰਥਕ ਜਥੇਬੰਦੀ ਦੇ ਆਗੂਆਂ ਅਤੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਦੇ ਭਰਾ ਭਾਈ ਤਰਲੋਕ ਸਿੰਘ, ਭਾਈ ਹਰੀ ਸਿੰਘ ਅਤੇ ਭਤੀਜੇ ਭਾਈ ਪ੍ਰੇਮ ਸਿੰਘ ਦਾ ਵੀ ਸਨਮਾਨ ਕੀਤਾ ਗਿਆ।