ਨਹੀਂਓਂ ਲੱਭਣੇ ਲਾਲ ਗਵਾਚੇ- ਜਰਨੈਲ ਸਿੰਘ ਗਿੱਲ (ਸਾਰੰਗੀ ਮਾਸਟਰ)

ਨਹੀਂਓਂ ਲੱਭਣੇ ਲਾਲ ਗਵਾਚੇ- ਜਰਨੈਲ ਸਿੰਘ ਗਿੱਲ (ਸਾਰੰਗੀ ਮਾਸਟਰ)

ਨਹੀਂਓਂ ਲੱਭਣੇ ਲਾਲ ਗਵਾਚੇ- ਜਰਨੈਲ ਸਿੰਘ ਗਿੱਲ (ਸਾਰੰਗੀ ਮਾਸਟਰ)

ਬਹੁਤ ਦੁਖਦਾਈ ਹੁੰਦਾ ਹੈ ਕਿਸੇ ਦਾ ਸਮੇਂ ਤੋਂ ਪਹਿਲਾਂ ਸਦਾ ਲਈ ਤੁਰ ਜਾਣਾ। ਜੇ ਸਦਾ ਲਈ ਤੁਰ ਜਾਣ ਵਾਲਾ ਸਾਰੰਗੀ ਵਰਗੇ ਤੰਤੀਸਾਜ਼ ਸਾਜ਼ ਦਾ ਪ੍ਰਬੀਨ ਸਾਜ਼ਿੰਦਾ ਹੋਵੇ ਤਾਂ ਉਸ ਦੇ ਅਣਡਿੱਠ ਦੁਨੀਆਂ ਵਿੱਚ ਚਲੇ ਜਾਣ ਪਿਛੋਂ ਜੋ ਰੁਦਨ ਉਸ ਦੀ ਸਾਰੰਗੀ ਕਰਦੀ ਹੈ ਉਹ ਕਲਾ ਨੂੰ ਪ੍ਰਣਾਏ ਲੋਕਾਂ ਦੇ ਕਲੇਜੇ ਛੇਕ ਪਾਉਂਦਾ ਹੈ।ਸਾਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਦਾ ਬੇ-ਵਕਤ ਵਿਛੋੜਾ ਢਾਡੀ ਕਲਾ ਦੇ ਚਹੇਤੇ ਪ੍ਰਸ਼ੰਸਕਾਂ ਨੂੰ ਅਤਿ ਦੀ ਉਦਾਸੀ ਦੇ ਗਿਆ।

ਜਰਨੈਲ ਸਿੰਘ ਗਿੱਲ ਚੜ੍ਹਦੀ ਜਵਾਨੀ ਵਿੱਚ ਹੀ ਸ਼ੁਹਰਤ ਦੀ ਬੁਲੰਦੀ ਤੇ ਪਹੁੰਚ ਗਿਆ ਸੀ। ਵੀਹ- ਬਾਈ ਕੁ ਸਾਲ ਦੀ ਉਮਰ ਵਿੱਚ ਢਾਡੀ ਕਲਾ ਦੇ ਸੁਪਰ ਸਟਾਰ ਤੇ ਕੈਸਿਟ ਕਿੰਗ ਗੁਰਬਖਸ਼ ਸਿੰਘ ਅਲਬੇਲਾ ਦਾ ਸਾਥੀ ਬਣਕੇ ਜਰਨੈਲ ਸਿੰਘ ਗਿੱਲ ਅਪਣੀ ਸਾਰੰਗੀ ਵਾਦਨ ਦੀ ਕਲਾ ਨਾਲ ਲੋਕ ਮਨਾਂ ਵਿੱਚ ਅਪਣੀ ਵਿਸ਼ੋਸ਼ ਥਾਂ ਬਣਾ ਕੇ ਹਰਮਨ ਪਿਆਰਾ ਬਣਿਆ ਮੈਂ ਵੇਖਿਆ ਵੀ ਹੈ ਤੇ ਸੁਣਿਆ ਵੀ ਹੈ। ਜਦੋਂ ਮੈਂ "ਢਾਡੀਆਂ ਦੇ ਅੰਗ-ਸੰਗ" ਪੁਸਤਕ ਲਿਖ ਰਿਹਾ ਸੀ ਤਾਂ ਮੈਂ ਅਲਬੇਲਾ ਸਾਹਿਬ ਦੇ ਸ਼ਾਨਾਮੱਤੇ ਸੁਰੀਲੇ ਢਾਡੀ ਸਾਥੀਆਂ ਬਲਦੇਵ ਸਿੰਘ ਬਿੱਲੂ ਅਤੇ ਜਸਵੰਤ ਸਿੰਘ ਦੀਵਾਨਾ ਨਾਲ ਸੰਪਰਕ ਬਣਾ ਕੇ ਪੁੱਛਿਆ ਕਿ ਤੁਹਾਡੇ ਨਾਲ ਸਾਰੇ ਨਾਮਵਰ ਸਾਰੰਗੀ ਮਾਸਟਰਾਂ ਨੇ ਸਾਥ ਨਿਭਾਇਆ ਹੈ ਹੁਣ ਤੁਸੀਂ ਮੈਨੂੰ ਹੁਕਮ ਕਰੋ ਕਿ ਤੁਹਾਡੇ ਨਾਲ ਰਹੇ ਕਿਹੜੇ ਸਾਰੰਗੀ ਮਾਸਟਰ ਦੀ ਫੋਟੋ ਲਾ ਕੇ ਮੈਂ ਆਰਟੀਕਲ ਲਿਖਾਂ ਤੇ ਜੋ ਜਵਾਬ ਮੈਨੂੰ ਮਿਲਿਆ ਉਹ ਕਿ ਸੀ ਜਰਨੈਲ ਸਿੰਘ ਗਿੱਲ ਵਾਲੀ ਫੋਟੋ ਲਾ ਦਿਓ। ਇਹ ਸਾਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਦੀ ਕਾਬਲੀਅਤ ਦੀ ਤਸਦੀਕ ਹੋਈ ਗਵਾਹੀ ਸੀ। ਸਚਮੁੱਚ ਜਰਨੈਲ ਸਿੰਘ ਗਿੱਲ ਸਾਰੰਗੀ ਦੇ ਬਹੁਤ ਨਿਖਰਵੇਂ ਤੇ ਕਮਾਲ ਪੋਟੇ ਲਾਉਂਦਾ ਸੀ। ਸਾਰੰਗੀ ਦਾ ਜੋੜਾ ਵੀ ਬਹੁਤ ਸੁਰ ਕਰਕੇ ਕੇ ਵਜਾਉਂਦਾ ਸੀ ਪਰ ਇਕੱਲੀ ਤਾਰ ਉੱਤੇ ਲਾਏ ਜਰਨੈਲ ਸਿੰਘ ਗਿੱਲ ਦੇ ਪੋਟੇ ਸੰਗੀਤ ਪ੍ਰੇਮੀਆਂ ਦੀ ਰੂਹ ਨੂੰ ਨਸ਼ਿਆ ਕੇ ਸ਼ਰਸ਼ਾਰ ਕਰਦੇ ਸਨ ਤੇ ਕਰਦੇ ਰਹਿਣਗੇ। ਸਾਰੰਗੀ ਦੇ ਸੰਗੀਤ ਦੀ ਸੂਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਜਰਨੈਲ ਸਿੰਘ ਗਿੱਲ ਨੇ ਜੋ ਨਵੇਂ ਨਵੇਂ ਪੋਟੇ ਲਾ ਕੇ ਕਲਾਤਮਿਕ ਸੰਗੀਤਕ ਰੰਗ ਪੇਸ਼ ਕੀਤੇ ਉਹ ਯਾਦਗਾਰੀ ਬਣ ਗਏ ਤੇ ਅੱਜ ਦੇ ਨੌਜਵਾਨ ਸਾਰੰਗੀ ਮਾਸਟਰਾ ਦੀ ਵਜਦੀ ਸਾਰੰਗੀ ਸੁਣ ਕੇ ਸਾਡੇ ਵਰਗਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਪੋਟਿਆਂ ਦੀ ਬੁਨਿਆਦ ਧਰਨ ਵਾਲਾ ਜਰਨੈਲ ਸਿੰਘ ਗਿੱਲ ਹੈ। ਜਰਨੈਲ ਸਿੰਘ ਗਿੱਲ ਜੋਬਨ ਰੁੱਤੇ ਕਿਸਮਤ ਦਾ ਧਨੀ ਹੋ ਨਿਬੜਿਆ। ਅਲਬੇਲਾ ਸਾਹਿਬ ਨਾਲ ਜਰਨੈਲ ਸਿੰਘ ਗਿੱਲ ਨੇ ਕਨੇਡਾ ਸਮੇਤ ਹੋਰ ਮੁਲਕਾਂ ਦੇ ਟੂਰ ਲਾਏ। ਫਿਰ ਵਕਤ ਇਹ ਵੀ ਆਇਆ ਕਿ ਜਰਨੈਲ ਸਿੰਘ ਗਿੱਲ ਵਿਦੇਸ਼ੀ ਟੂਰ ਲਾਉਣ ਵਿੱਚ ਮੋਹਰੀ ਤੇ ਅਪਣੀ ਇਲਾਹਿਦਾ ਪਛਾਣ ਰੱਖਣ ਵਾਲੇ ਭਾਈ ਰਛਪਾਲ ਸਿੰਘ ਪਮਾਲ ਦਾ ਸਾਥੀ ਬਣਕੇ ਕਈ ਮੁਲਕਾਂ ਵਿੱਚ ਅਪਣੀ ਸਾਰੰਗੀ ਵਜਾਉਣ ਦੀ ਕਲਾ ਦੀ ਮਹਿਕ ਖਲੇਰਦਾ ਰਿਹਾ। ਸਮੇਂ ਨੇ ਕਰਵਟ ਲਈ ਫਿਰ ਢਾਡੀ ਕਲਾ ਵਿੱਚ ਰੁਸਤਮ ਵਜੋਂ ਪਰਵਾਨ ਚੜ੍ਹੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਇੰਗਲੈਂਡ ਤੋਂ ਪੰਜਾਬ ਆ ਕੇ ਢਾਡੀ ਕਲਾ ਦੇ ਖੇਤਰ ਦੇ ਸ਼ਾਹ ਅਸਵਾਰ ਬਣ ਗਏ । ਕੁਦਰਤ ਦਾ ਇਹ ਵੀ ਅਜੀਬ ਰੰਗ ਹੀ ਸੀ ਕਿ ਜਰਨੈਲ ਸਿੰਘ ਗਿੱਲ ਉਦੋਂ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦਾ ਸਾਥੀ ਸਾਰੰਗੀ ਮਾਸਟਰ ਸੀ। ਬਦਲਦੇ ਸਮੇਂ ਦੇ ਨਾਲ ਨਾਲ ਜਰਨੈਲ ਸਿੰਘ ਗਿੱਲ ਵੱਖ ਵੱਖ ਢਾਡੀ ਜੱਥਿਆਂ ਵਿੱਚ ਸਾਰੰਗੀ ਮਾਸਟਰ ਵਜੋਂ ਸੇਵਾ ਨਿਭਾਉਂਦਾ ਰਿਹਾ ਜਿਨ੍ਹਾਂ ਵਿੱਚ ਢਾਡੀ ਕਲਾ ਦੇ ਨਿਵੇਕਲੇ ਹਸਤਾਖ਼ਰ ਤੇ ਨਾਮਵਰ ਪੇਸ਼ਕਾਰ ਤੇ ਰੁਸਤਮ ਢਾਡੀ ਗਿ: ਬਲਵੀਰ ਸਿੰਘ ਪਾਰਸ ਦੇ ਜੱਥੇ ਨਾਲ ਸੇਵਾ ਨਿਭਾਈ। ਇਨ੍ਹਾਂ ਤੋਂ ਬਾਅਦ ਫਿਰ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਤੇ ਢਾਡੀ ਕਵੀਸ਼ਰ ਕਲਾ ਦੇ ਅਲੰਬਰਦਾਰ ਗਿ: ਗੱਜਣ ਸਿੰਘ ਗੜਗ਼ੱਜ ਜੀ ਦੇ ਜੱਥੇ ਵਿੱਚ ਚਾਰ ਸਾਲ ਸੇਵਾ ਨਿਭਾਈ। ਉਪਰੰਤ ਉਸਤਾਦ ਢਾਡੀ ਗਿਆਨੀ ਗੁਰਮੇਜ ਸਿੰਘ ਬਾਦਲ ਜੀ, ਮੇਰੇ ਗੁਰਭਾਈ ਵੱਡੇ ਵੀਰ ਗੁਰਚਰਨ ਸਿੰਘ ਮਦੂਛਾਂਗੀਆ ਜੀ, ਅਤੇ ਕਵੀਸ਼ਰ ਕਲਾ ਰਾਹੀਂ ਢਾਡੀ ਖੇਤਰ ਵਿੱਚ ਪ੍ਰਵਾਨ ਚੜ੍ਹੇ ਗਿ: ਕਮਲ ਸਿੰਘ ਬੱਦੋਵਾਲ ਦਾ ਨਾਮ ਜ਼ਿਕਰਯੋਗ ਹੈ। ਕੁੱਝ ਹੋਰ ਸਨਮਾਨ ਯੋਗ ਢਾਡੀ ਜੱਥਿਆਂ ਤੋੰ ਇਲਾਵਾ ਬੀਬੀਆਂ ਦੇ ਢਾਡੀ ਜੱਥਿਆਂ ਨਾਲ ਵੀ ਜਰਨੈਲ ਸਿੰਘ ਗਿੱਲ ਦੀ ਸਾਰੰਗੀ ਵਜਦੀ ਸੁਣਾਈ ਦਿੰਦੀ ਰਹੀ। ਜਰਨੈਲ ਸਿੰਘ ਗਿੱਲ ਨੂੰ ਆਰਥਿਕ ਤੌਰ ਤੇ ਉਹ ਮੁਕਾਮ ਹਾਸਲ ਨਾ ਹੋ ਸਕਿਆ ਜੋ ਉਸ ਨੇ ਚਿਤਵਿਆ ਸੀ। ਇਹ ਝੋਰਾ ਜਰਨੈਲ ਸਿੰਘ ਗਿੱਲ ਨੂੰ ਸਾਰੀ ਉਮਰ ਰਿਹਾ। ਪਿਛਲੇ ਸਾਲਾਂ ਦੌਰਾਨ ਜਰਨੈਲ ਸਿੰਘ ਗਿੱਲ ਨੇ ਮੈਨੂੰ ਫੋਨ ਕਰਕੇ ਇਹ ਕਿਹਾ ਕਿ ਗਿਆਨੀ ਜੀ ਮੇਰੇ ਬਾਰੇ ਵੀ ਕੁੱਝ ਸੋਚੋ ਮੇਰਾ ਵੀ ਕੁੱਝ ਕਰੋ ਅਸਲ ਵਿੱਚ ਉਹ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ ਜੋ ਪੂਰੀ ਨਾ ਹੋ ਸਕੀ। ਜਰਨੈਲ ਸਿੰਘ ਗਿੱਲ ਮੋਗਾ ਜਿਲੇ ਦੇ ਕਸਬੇ ਧਰਮਕੋਟ ਦੇ ਨੇੜੇ ਸਥਿਤ ਪਿੰਡ ਪਿਰੋਜ਼ਵਾਲ ਵਾਡਾ ਦਾ ਵਸਨੀਕ ਸੀ। ਪਿਤਾ ਸ: ਦਾਰਾ ਸਿੰਘ ਦੇ ਘਰ ਸਰਦਾਰਨੀ ਗੁਰਮੇਲ ਕੌਰ ਦੀ ਕੁੱਖੋਂ ਜਨਮੇ ਜਰਨੈਲ ਸਿੰਘ ਨੇ ਸਾਰੰਗੀ ਖਾਨਦਾਨੀ ਸਾਰੰਗੀ ਮਾਸਟਰ ਉਸਤਾਦ ਚਮਕੌਰ ਸਿੰਘ ਜਲਾਲਾਬਾਦੀ ਤੋਂ ਸਿੱਖੀ ਸੀ। ਜਰਨੈਲ ਸਿੰਘ ਗਿੱਲ ਦੀ ਵੱਡੀ ਭੈਣ ਪਰਮਜੀਤ ਕੌਰ ਦਾ ਵਿਆਹ ਜਲਾਲਾਬਾਦ ਵਾਲੇ ਚਮਕੌਰ ਸਿੰਘ ਨਾਲ ਹੋਇਆ ਸੀ।ਇੰਝ ਰਿਸ਼ਤੇ ਵਿੱਚ ਚਮਕੌਰ ਸਿੰਘ ਜਲਾਲਾਬਾਦੀ ਜਰਨੈਲ ਸਿੰਘ ਗਿੱਲ ਦਾ ਸਕਾ ਜੀਜਾ ਹੈ। ਚਮਕੌਰ ਸਿੰਘ ਜਲਾਲਾਬਾਦੀ ਮੇਰੇ ਢਾਡੀ ਜੱਥੇ ਵਿੱਚ ਅਠਾਰਾਂ ਸਾਲ ਸਤਿਕਾਰਤ ਸਾਥੀ ਰਿਹਾ। ਸਾਡੇ ਸੰਬੰਧ ਕੇਵਲ ਢਾਡੀ ਜੱਥੇ ਤੱਕ ਹੀ ਸੀਮਤ ਨਹੀਂ ਸਨ ਸਾਡੀ ਪਰਵਾਰਿਕ ਸਾਂਝ ਸੀ ਇਸ ਤਰਾਂ ਜਰਨੈਲ ਸਿੰਘ ਗਿੱਲ ਦੀ ਹਰ ਪ੍ਰਾਪਤੀ ਦੀ ਕਹਾਣੀ ਮੇਰੇ ਕੋਲ ਪਹੁੰਚਦੀ ਰਹਿੰਦੀ ਸੀ। ਜਰਨੈਲ ਸਿੰਘ ਗਿੱਲ ਮਿਲਾਪੜੇ ਸੁਭਾਅ ਵਾਲਾ ਨੇਕ ਦਿਲ ਇਨਸਾਨ ਸੀ। ਇੱਕ ਐਕਸੀਂਡੈਂਟ ਹੋਣ ਕਾਰਨ ਜਰਨੈਲ ਸਿੰਘ ਗਿੱਲ ਦੀ ਅਵਾਜ਼ ਗਾਉਣ ਯੋਗ ਨਹੀਂ ਰਹੀ ਸੀ।ਆਮ ਬੋਲ ਚਾਲ ਵਿੱਚ ਉਸ ਦੀ ਅਵਾਜ਼ ਘਗਿਆਈ ਜਿਹੀ ਹੀ ਸੁਣਾਈ ਦਿੰਦੀ ਸੀ। ਮੇਰੇ ਢਾਡੀ ਜੱਥੇ ਨਾਲ ਵੀ ਜਰਨੈਲ ਸਿੰਘ ਗਿੱਲ ਨੇ ਇੱਕ ਪ੍ਰੋਗਰਾਮ ਨਿਭਾਇਆ ਸੀ।ਮੇਰੇ ਅਤਿਅੰਤ ਸੁਰੀਲੇ ਢਾਡੀ ਸਾਥੀਆਂ ਦਰਸ਼ਨ ਸਿੰਘ ਬੱਲ ਤੇ ਸੁਖਨਰੰਜਨ ਸਿੰਘ ਸੁੰਮਣ ਨਾਲ ਸਾਰੰਗੀ ਮਾਸਟਰ ਵਜੋਂ ਜਰਨੈਲ ਸਿੰਘ ਗਿੱਲ ਨੇ ਸੇਵਾ ਨਿਭਾਈ ਸੀ। ਮੇਰੇ ਪੱਕੇ ਸਾਥੀ ਚਮਕੌਰ ਸਿੰਘ ਜਲਾਲਾਬਾਦੀ ਨੂੰ ਉਸ ਦਿਨ ਕੋਈ ਅਤੀ ਜਰੂਰੀ ਕੰਮ ਸੀ ਇਸ ਕਰਕੇ ਉਹਨੇ ਜਰਨੈਲ ਸਿੰਘ ਗਿੱਲ ਨੂੰ ਸਾਡੇ ਨਾਲ ਭੇਜ ਦਿੱਤਾ ਸੀ। ਇਤਿਹਾਸਿਕ ਨਗਰ ਘੁਡਾਣੀ ਕਲਾਂ ਵਿਖੇ ਨਗਰ ਕੀਰਤਨ ਦਾ ਪ੍ਰੋਗਰਾਮ ਸੀ ਇਹ। ਸਾਰੰਗੀ ਵਜਾਉਂਦਿਆਂ ਜਰਨੈਲ ਸਿੰਘ ਗਿੱਲ ਨੇ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਸੀ। ਬਹੁਤ ਖੁਸ਼ ਹੋਇਆ ਸੀ ਜਰਨੈਲ ਸਿੰਘ ਗਿੱਲ ਸਾਡੇ ਨਾਲ ਇਹ ਪ੍ਰੋਗਰਾਮ ਨਿਭਾ ਕੇ। ਪ੍ਰੋਗਰਾਮ ਸਮਾਪਤੀ ਪਿੱਛੋਂ ਅਸੀਂ ਭੇਟਾ ਸਮੇਤ ਇਨਾਮਾਂ ਦੀ ਰਕਮ ਆਪਸ ਵਿੱਚ ਵੰਡ ਲਈ। ਪੈਸੇ ਜੇਬ ਵਿੱਚ ਪਾਉਂਦਿਆਂ ਜਰਨੈਲ ਸਿੰਘ ਗਿੱਲ ਦੀਆਂ ਅੱਖਾਂ ਵਿਚਲਾ ਭਾਵਕ ਵਰਤਾਰਾ ਮੈਨੂੰ ਤੇ ਮੇਰੇ ਉਪਰੋਕਤ ਸਾਬਕਾ ਸਾਥੀਆਂ ਨੂੰ ਕਦੇ ਭੁੱਲੇਗਾ ਨਹੀਂ ।ਜਰਨੈਲ ਸਿੰਘ ਗਿੱਲ ਮੈਨੂੰ ਜਦੋਂ ਵੀ ਮਿਲਦਾ ਬਹੁਤ ਉੱਡ ਕੇ ਮਿਲਦਾ ਜਿਵੇਂ ਉਹਨੂੰ ਚਾਅ ਜਿਹਾ ਚੜ੍ਹ ਜਾਂਦਾ ਸੀ।ਪਰ ਹੁਣ'---, ਹੁਣ ਜਰਨੈਲ ਸਿੰਘ ਗਿੱਲ ਸਾਨੂੰ ਸਾਰਿਆਂ ਨੂੰ ਕਦੇ ਵੀ ਨਹੀਂ ਮਿਲੇਗਾ। ਤੁਰ ਗਿਆ ਕਿਸੇ ਅਣਦਿਸਦੀ ਥਾਂ ਵੱਲ। ਜਰਨੈਲ ਸਿੰਘ ਗਿੱਲ ਦੇ ਬੱਚਿਆਂ ਤੇ ਉਸ ਦੇ ਪਰਿਵਾਰ ਨੂੰ ਜਰਨੈਲ ਸਿੰਘ ਗਿੱਲ ਦੀ ਮੌਤ ਦਾ ਦਰਦ ਉਮਰ ਭਰ ਤੜਫਾਉੰਦਾ ਰਹੇਗਾ। ਢਾਡੀ ਕਲਾ ਦੇ ਮੁਹੱਬਤੀਆਂ ਨੂੰ ਜਰਨੈਲ ਸਿੰਘ ਗਿੱਲ ਦੀ ਯਾਦ ਆਉੰਦੀ ਰਹੇਗੀ। ਜਰਨੈਲ ਸਿੰਘ ਗਿੱਲ ਦੀ ਵੱਡੀ ਭੈਣ ਪਰਮਜੀਤ ਕੌਰ ਤੇ ਉਸਦੇ ਪਤੀ ਚਮਕੌਰ ਸਿੰਘ ਜਲਾਲਾਬਾਦੀ ਨੂੰ ਵੀ ਜਰਨੈਲ ਸਿੰਘ ਗਿੱਲ ਦੀ ਮੌਤ ਦਾ ਅਸਹਿ ਦਰਦ ਦੁੱਖੀ ਕਰਦਾ ਰਹੇਗਾ ਕਿਉਕਿ ਚਮਕੌਰ ਤੇ ਪਰਮਜੀਤ ਨੇ ਜਰਨੈਲ ਸਿੰਘ ਗਿੱਲ ਨੂੰ ਅਪਣੇ ਬੱਚਿਆਂ ਵਾਂਗ ਕੋਲ ਰੱਖ ਕੇ ਪਾਲਿਆ ਸੀ ਤੇ ਸਾਰੰਗੀ ਸਿਖਾ ਕੇ ਰਿਜ਼ਕ ਕਮਾਉਣ ਦੇ ਸਮਰੱਥ ਕੀਤਾ ਸੀ। 31-5-2025 ਨੂੰ ਜਰਨੈਲ ਸਿੰਘ ਗਿੱਲ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਹੋਵੇਗੀ। ਅੱਛਾ ਬਈ ਜਰਨੈਲ ਸਿੰਘ ਗਿੱਲ --- ਅਲਵਿਦਾ--। ਭਰੇ ਮਨ ਨਾਲ ਲਿਖਣਾ ਪੈ ਰਿਹਾ ਹੈ---ਅਲਵਿਦਾ। ਸਾਡੀਆਂ ਯਾਦਾਂ ਵਿੱਚ ਤਾਂ ਤੂੰ ਹਮੇਸ਼ਾ ਵਸਦਾ ਰਹੇਗਾ।

                       ਤਰਲੋਚਨ ਸਿੰਘ ਭਮੱਦੀ (ਢਾਡੀ)

                       ਸੰਪਰਕ +91 9814700348