ਪੇਸ਼ਾਵਰ ਤੋਂ ਸਿੱਖ ਵਫ਼ਦ ਦੀ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਲਈ ਈਟੀਪੀਬੀ ਅਧਿਕਾਰੀਆਂ ਨਾਲ ਮੁਲਾਕਾਤ
- ਅੰਤਰਰਾਸ਼ਟਰੀ
- 14 Dec,2025
ਪੇਸ਼ਾਵਰ ਸਥਿਤ ਭਾਈ ਬੀਬਾ ਸਿੰਘ ਅਤੇ ਭਾਈ ਜੋਗਾ ਸਿੰਘ ਗੁਰਦੁਆਰਿਆਂ ਦੀ ਮੁਰੰਮਤ ਤੇ ਪੁਨਰਸਥਾਪਨਾ ’ਤੇ ਚਰਚਾ
ਅਲੀ ਇਮਰਾਨ ਚੱਠਾ ਲਾਹੌਰ (ਨਜ਼ਰਾਨਾ ਟਾਈਮਜ਼)
ਪੇਸ਼ਾਵਰ ਤੋਂ ਆਏ ਇੱਕ ਸਿੱਖ ਵਫ਼ਦ ਨੇ, ਜੋ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਬਿਸ਼ਨ ਸਿੰਘ ਦੀ ਅਗਵਾਈ ਹੇਠ ਸੀ, ਲਾਹੌਰ ਵਿੱਚ ਇਵੈਕਿਊਈ ਟਰਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਮੁੱਖ ਦਫ਼ਤਰ ਵਿੱਚ ਐਡੀਸ਼ਨਲ ਸਕੱਤਰ (ਸ਼ਰਾਈਨਜ਼) ਨਸੀਰ ਮੁਸ਼ਤਾਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਿਪਟੀ ਸਕੱਤਰ (ਸ਼ਰਾਈਨਜ਼) ਫਰਾਜ ਅੱਬਾਸ ਵੀ ਮੌਜੂਦ ਸਨ।
ਵਫ਼ਦ ਵਿੱਚ ਸਰਦਾਰ ਸਰਬਤ ਸਿੰਘ, ਸਰਦਾਰ ਮੱਖਣ ਸਿੰਘ, ਸਰਦਾਰ ਹਰਮੀਤ ਸਿੰਘ, ਸਰਦਾਰ ਮਹਿੰਦਰ ਸਿੰਘ, ਸਰਦਾਰ ਵਜ਼ੀਰ ਸਿੰਘ, ਸਰਦਾਰ ਜਸਵੰਤ ਸਿੰਘ, ਸਰਦਾਰ ਸਮੰਦਰ ਸਿੰਘ, ਸਰਦਾਰ ਨਰੈੰਜਨ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਸਮੇਤ ਹੋਰ ਸ਼ਾਮਲ ਸਨ।
ਮੁਲਾਕਾਤ ਦੌਰਾਨ ਵਫ਼ਦ ਨੇ ਪੇਸ਼ਾਵਰ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਬੀਬਾ ਸਿੰਘ ਅਤੇ ਗੁਰਦੁਆਰਾ ਭਾਈ ਜੋਗਾ ਸਿੰਘ ਦੀ ਮੁਰੰਮਤ, ਪੁਨਰਸਥਾਪਨਾ, ਸਜਾਵਟ ਅਤੇ ਹੋਰ ਜ਼ਰੂਰੀ ਮਾਮਲਿਆਂ ਸਬੰਧੀ ਤਜਵੀਜ਼ਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਦੀ ਹਾਲਤ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ’ਤੇ ਗੱਲ ਕਰਦਿਆਂ ਨਸੀਰ ਮੁਸ਼ਤਾਕ ਨੇ ਕਿਹਾ ਕਿ ਇਵੈਕਿਊਈ ਟਰਸਟ ਪ੍ਰਾਪਰਟੀ ਬੋਰਡ ਦੇਸ਼ ਭਰ ਵਿੱਚ ਘੱਟ ਗਿਣਤੀ ਵਰਗਾਂ ਦੇ ਇਬਾਦਤ ਸਥਾਨਾਂ, ਖ਼ਾਸ ਕਰਕੇ ਸਿੱਖ ਗੁਰਦੁਆਰਿਆਂ ਦੀ ਤਾਮੀਰ, ਮੁਰੰਮਤ ਅਤੇ ਵਿਕਾਸ ਲਈ ਵਿਆਵਹਾਰਿਕ ਕਦਮ ਚੁੱਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੇਸ਼ਾਵਰ ਦੇ ਗੁਰਦੁਆਰਿਆਂ ਸਬੰਧੀ ਪ੍ਰਾਪਤ ਤਜਵੀਜ਼ਾਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਉਪਲਬਧ ਸਰੋਤਾਂ ਅਨੁਸਾਰ ਤਰਜੀਹੀ ਬੁਨਿਆਦ ’ਤੇ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੋਹਰਾਇਆ ਕਿ ਪਾਕਿਸਤਾਨ ਸਰਕਾਰ ਅਤੇ ਈਟੀਪੀਬੀ ਘੱਟ ਗਿਣਤੀ ਧਾਰਮਿਕ ਥਾਵਾਂ ਦੀ ਸੁਰੱਖਿਆ, ਸੰਭਾਲ ਅਤੇ ਮੂਲ ਹਾਲਤ ਵਿੱਚ ਬਰਕਰਾਰ ਰੱਖਣ ਲਈ ਆਪਣਾ ਭੂਮਿਕਾ ਨਿਭਾਉਂਦੇ ਰਹਿਣਗੇ।
Posted By:
TAJEEMNOOR KAUR
Leave a Reply