ਪੰਜਾਬ ਦੇ ਖਾਲੀ ਹੁੰਦੇ ਪਿੰਡ – ਇੱਕ ਸਮਾਜਿਕ ਅਤੇ ਸੱਭਿਆਚਾਰਕ ਦੁਖਾਂਤ -ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
- ਵੰਨ ਸੁਵੰਨ
- 26 May,2025

ਬਾਰੀ ਬਰਸੀ ਖਟਕੇ ਲਿਆਂਦਾ,ਖਟਕੇ ਮੁੜਿਆ ਈ ਨਾ
ਪੰਜਾਬ ਦੇ ਖਾਲੀ ਹੁੰਦੇ ਪਿੰਡ – ਇੱਕ ਸਮਾਜਿਕ ਅਤੇ ਸੱਭਿਆਚਾਰਕ ਦੁਖਾਂਤ
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਪੰਜਾਬ ਦੀ ਮਿੱਟੀ, ਜਿਸ ਦੀ ਸੁਗੰਧ ਵਿੱਚ ਸਤਿਗੁਰੂ ਨਾਨਕ ਦੇ ਹਲ ਦੀ ਖੁਸ਼ਬੋ ਸਮਾਈ ਸੀ, ਜਿੱਥੇ ਕਿਰਤ ਦਾ ਅੰਮ੍ਰਿਤ ਵਰਸਦਾ ਸੀ, ਅੱਜ ਉਹ ਮਿੱਟੀ ਖਪਤਕਾਰੀ ਯੁਗ ਵਿਚ ਤਨਹਾਈਆਂ ਦੀ ਚੁੱਪ ਵਿੱਚ ਡੁੱਬੀ ਹੈ। ਇਹ ਚੁੱਪ ਸਿਰਫ਼ ਮਿੱਟੀ ਦੀ ਨਹੀਂ, ਸਾਡੀ ਆਤਮਾ ਦੀ ਹੈ।
ਪੰਜਾਬ, ਜੋ ਕਦੇ ਸੁਨਹਿਰੀ ਖੇਤਾਂ ਦੀ ਗੋਦ ਵਿੱਚ ਖੁਸ਼ਹਾਲੀ ਦੇ ਗੀਤ ਗਾਉਂਦਾ ਸੀ, ਅੱਜ ਆਪਣੇ ਹੀ ਪੁੱਤਰ-ਪੁੱਤਰੀਆਂ ਦੀ ਵਿਛੋੜੇ ਦੀ ਮਾਰ ਝੱਲ ਰਿਹਾ ਹੈ। ਪਿੰਡਾਂ ਦੀਆਂ ਗਲੀਆਂ, ਜੋ ਕਦੇ ਮੇਲਿਆਂ ਦੀ ਰੌਣਕ, ਬੋਲੀਆਂ ਦੀ ਮਿਠਾਸ ਅਤੇ ਸਾਂਝੀਵਾਲਤਾ ਦੀ ਗਵਾਹੀ ਨਾਲ ਜੀਉਂਦੀਆਂ ਸਨ, ਅੱਜ ਖਾਲੀਪਨ ਦੇ ਕਾਲੇ ਪਰਛਾਵਿਆਂ ਦੇ ਹੇਠ ਸੁੰਨੀਆਂ ਪਈਆਂ ਹਨ। ਕੋਠੀਆਂ ਦੀਆਂ ਚਮਕਦੀਆਂ ਬਾਰੀਆਂ ਵਿੱਚੋਂ ਹੁਣ ਹਾਸਿਆਂ ਦੀ ਗੂੰਜ ਨਹੀਂ, ਸਗੋਂ ਇਕੱਲੇਪਣ ਦੇ ਘੁਪ ਹਨੇਰੇ ਦਿਖਦੇ ਹਨ। ਪੰਜਾਬ ਦੀ ਜਵਾਨੀ, ਜੋ ਕਦੇ ਮਿੱਟੀ ਨਾਲ ਜੁੜੀ ਹੋਈ ਸੀ, ਅੱਜ ਪੱਛਮੀ ਸੰਸਾਰ ਦੀ ਚਮਕ ਵਿੱਚ ਖੁਰ ਗਈ ਹੈ। ਪਿੱਛੇ ਰਹਿ ਗਏ ਹਨ ਸਿਰਫ਼ ਬਜ਼ੁਰਗ, ਜਿਹੜੇ ਆਪਣੀ ਜਨਮ-ਭੂਮੀ ਦੀ ਯਾਦ ਨੂੰ ਸੀਨੇ ਵਿੱਚ ਸੰਭਾਲਦੇ, ਸੁੰਨੇ ਘਰਾਂ ਦੀ ਨਿਗਰਾਨੀ ਕਰ ਰਹੇ ਹਨ।
“ਬਾਰੀ ਬਰਸੀ ਖਟਣ ਗਿਆ ਸੀ, ਖਟਕੇ ਲਿਆਂਦਾ”—ਇਹ ਲੋਕ ਗੀਤ, ਜੋ ਕਦੇ ਸਾਂਝ ਦੀ ਮੁਸਕਾਨ ਸੀ, ਅੱਜ “ਖਟਕੇ ਮੁੜਿਆ ਹੀ ਨਾ” ਦੀ ਦੁਖਾਂਤਕ ਕਹਾਣੀ ਬਣ ਗਿਆ ਹੈ। ਇਹ ਸਿਰਫ਼ ਇੱਕ ਪਰਵਾਸੀ ਪੰਜਾਬੀ ਦੀ ਕਥਾ ਨਹੀਂ, ਸਗੋਂ ਪੰਜਾਬ ਦੀ ਸਾਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਰਾਸਤ ਦੀ ਟੁੱਟਦੀ ਲੜੀ ਦਾ ਦੁਖਾਂਤ ਹੈ।
ਤਨਹਾਈ ਵਿੱਚ ਡੁੱਬੀ ਮਿੱਟੀ
ਸਤਿਗੁਰੂ ਬਾਬਾ ਨਾਨਕ ਦੇਵ ਜੀ ਦੀ ਕਰਤਾਰਪੁਰ ਵਾਲੀ ਧਰਤੀ ਨੇ ਸਾਨੂੰ “ਕਿਰਤ ਕਰੋ, ਵੰਡ ਛਕੋ, ਨਾਮ ਜਪੋ” ਦਾ ਮੰਤਰ ਦਿੱਤਾ। ਇਹ ਮੰਤਰ ਹੁਣ ਤਕ ਪੰਜਾਬ ਦੀ ਆਤਮਾ ਦੀ ਧੜਕਣ ਬਣਿਆ ਹੋਇਆ ਹੈ। ਪਰ ਅੱਜ, ਆਰਥਿਕ ਤੇ ਖੇਤੀ ਸੰਕਟ,ਬੇਰੁਜ਼ਗਾਰੀ ਸਿਆਸੀ ਤੇ ਸਰਕਾਰ ਦੀ ਅਣਗਹਿਲੀ ਅਤੇ ਨੌਜਵਾਨਾਂ ਦੇ ਪਰਵਾਸ ਨੇ ਪੰਜਾਬ ਦੀ ਆਤਮਾ ਨੂੰ ਉਦਾਸ ਕਰ ਦਿੱਤਾ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ—ਦੋਆਬੇ ਦੇ ਪਿੰਡਾਂ ਵਿੱਚ ਕਈ ਘਰਾਂ ਨੂੰ ਤਾਲੇ ਲੱਗੇ ਹਨ। ਇਹ ਘਰ ਸਿਰਫ਼ ਇੱਟਾਂ-ਪੱਥਰ ਦੇ ਨਹੀਂ, ਸਗੋਂ ਸਾਂਝੀ ਵਿਰਾਸਤ ,ਸਾਂਝੇ ਪਰਿਵਾਰਾਂ ਦੇ ਪ੍ਰਤੀਕ ਸਨ। ਅੱਜ ਉਹ ਬੇਗਾਨਗੀ ਦੀ ਗੋਦ ਵਿੱਚ ਸੁੱਤੇ ਪਏ ਹਨ। ਕਈ ਪਿੰਡਾਂ ਵਿੱਚ ਅੱਧੇ ਤੋਂ ਵੱਧ ਘਰ ਸੁੰਨੇ ਹਨ। ਬਜ਼ੁਰਗ ਇਕੱਲੇ, ਆਪਣੀ ਮਿੱਟੀ ਨਾਲ ਲਗਾਅ ਦੇ ਬੰਧਨ ਵਿੱਚ ਜਕੜੇ, ਅਗਲੀ ਪੀੜ੍ਹੀ ਦੀ ਉਡੀਕ ਵਿੱਚ ਜੀਵਨ ਗੁਜ਼ਾਰ ਰਹੇ ਹਨ। ਪਰ ਉਹ ਪੀੜ੍ਹੀ, ਜਿਹੜੀ ਵਿਦੇਸ਼ੀ ਧਰਤੀ ’ਤੇ ਜੜ੍ਹਾਂ ਪੱਕੀਆਂ ਕਰ ਚੁੱਕੀ ਹੈ, ਪੰਜਾਬ ਦੀ ਮਿੱਟੀ ਨੂੰ ਸਿਰਫ਼ ਯਾਦਾਂ ਦੀ ਧੁੰਦ ਵਿੱਚ ਹੀ ਵੇਖਦੀ ਹੈ।
ਪੰਜਾਬ ਦੀ ਆਰਥਿਕ ਅਤੇ ਸਮਾਜਿਕ ਬਰਬਾਦੀ
ਪੰਜਾਬ ਦੀ ਇਸ ਵਿਰਾਸਤੀ ਤਬਾਹੀ ਦੇ ਜੜ੍ਹ ਵਿੱਚ ਕਈ ਕਾਰਨ ਹਨ। ਆਰਥਿਕ ਵਿਤਕਰਾ ਸਭ ਤੋਂ ਵੱਡੀ ਮਾਰ ਹੈ। ਪੰਜਾਬ, ਜੋ ਭਾਰਤ ਦੀ ਖਾਧ-ਭੰਡਾਰ ਦਾ ਸੋਮਾ ਸੀ, ਨੂੰ ਨਾ ਤਾਂ ਉਦਯੋਗਿਕ ਵਿਕਾਸ ਦੀ ਸੌਗਾਤ ਮਿਲੀ, ਨਾ ਹੀ ਆਈ.ਟੀ. ਸੈਕਟਰ ਦੀ ਹਵਾ। ਨਾ ਖੇਤੀ ਇੰਡਸਟਰੀ ਲਗੀ।ਖੇਤੀ ਜੋ ਪੰਜਾਬ ਦੀ ਰੀੜ੍ਹ ਸੀ, ਸਰਕਾਰੀ ਨੀਤੀਆਂ ਦੀ ਅਣਗਹਿਲੀ ਅਤੇ ਪਾਣੀ ਦੇ ਅੰਧਾਧੁੰਦ ਸ਼ੋਸ਼ਣ ਨੇ ਬੰਜਰ ਕਰਨ ਦੀ ਕੋਸ਼ਿਸ਼ ਕੀਤੀ। ਕੇਂਦਰੀ ਸਰਕਾਰ ਨੇ ਪੰਜਾਬ ਨੂੰ ਮਤਰੇਏ ਮੁੰਡੇ ਵਾਂਗ ਰੱਖਿਆ।
ਆਨੰਦਪੁਰ ਸਾਹਿਬ ਮਤਾ, ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ, ਨੂੰ ਵਖਵਾਦੀ ਬਣਾ ਕੇ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਕੀਤਾ ਗਿਆ। 1980 ਦੇ ਦਹਾਕੇ ਦੀ ਅੱਗ ਨੇ ਪੰਜਾਬ ਨੂੰ ਫਿਰਕੂਵਾਦ ਅਤੇ ਨਸਲਕੁਸ਼ੀ ਦੀ ਭੱਠੀ ਵਿੱਚ ਸਾੜਿਆ। ਨਤੀਜਾ—ਬੇਰੁਜ਼ਗਾਰੀ, ਨਸ਼ਿਆਂ ਦਾ ਜ਼ਹਿਰ, ਅਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ।ਵਿਦੇਸ਼ਾਂ ਵਿੱਚ ਵੀ ਸੁਪਨੇ ਟੁੱਟਦੇ ਹਨ। ਕਈ ਨੌਜਵਾਨ, ਜਿਹੜੇ ਸੁਨਹਿਰੀ ਜੀਵਨ ਦੀ ਆਸ ਵਿੱਚ ਪੰਜਾਬ ਛੱਡ ਗਏ, ਉਥੇ ਬੇਰੁਜ਼ਗਾਰੀ, ਆਰਥਿਕ ਸੰਘਰਸ਼ ਅਤੇ ਸਥਾਈ ਨਿਵਾਸ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਕੁਝ ਨਸ਼ਿਆਂ ਦੇ ਚੁੰਗਲ ਵਿੱਚ ਫਸ ਗਏ, ਕੁਝ ਨੇ ਜੀਵਨ ਨੂੰ ਅਲਵਿਦਾ ਕਹਿ ਦਿੱਤਾ। ਪਿੱਛੇ ਰਹਿ ਗਏ ਬਜ਼ੁਰਗ ਇਕੱਲੇਪਣ ਅਤੇ ਆਰਥਿਕ ਤੰਗੀ ਦੀ ਮਾਰ ਸਹਿ ਰਹੇ ਹਨ। ਜ਼ਮੀਨਾਂ ਅਤੇ ਕੋਠੀਆਂ ਸਸਤੇ ਭਾਅ ਵਿਕ ਰਹੀਆਂ ਹਨ, ਅਤੇ ਕਈ ਥਾਂ ਗ਼ੈਰ-ਪੰਜਾਬੀ ਇਨ੍ਹਾਂ ਨੂੰ ਖਰੀਦ ਰਹੇ ਹਨ।
ਪੰਜਾਬ ਨੂੰ ਮੁੜ ਸੰਵਾਰਨ ਦਾ ਸੁਪਨਾ
ਪੰਜਾਬ ਦੀ ਮਿੱਟੀ ਨੂੰ ਮੁੜ ਹਰਿਆ-ਭਰਿਆ ਕਰਨ ਲਈ ਸਤਿਗੁਰੂ ਨਾਨਕ ਦੇ ਸੁਨੇਹੇ—ਕਿਰਤ, ਕਰੋ, ਨਾਮ ਜਪੋ ,ਵੰਡ ਛਕੋ—ਨੂੰ ਜੀਵਨ ਦੀ ਧੁਰੀ ਬਣਾਉਣਾ ਹੋਵੇਗਾ। ਇਸ ਦੁਖਾਂਤ ਨੂੰ ਖਤਮ ਕਰਨ ਲਈ ਸਰਕਾਰ, ਸਮਾਜ ਅਤੇ ਸਿਆਸੀ ਪਾਰਟੀਆਂ ਨੂੰ ਇਕਜੁਟ ਹੋਣਾ ਪਵੇਗਾ।
ਆਰਥਿਕ ਸੁਰਜੀਤੀ:
ਪੰਜਾਬ ਤੇ ਕੇਂਦਰ ਸਰਕਾਰ ਪੰਜਾਬ ਵਿੱਚ ਵੱਡੇ ਉਦਯੋਗ, ਖੇਤੀ ਇੰਡਸਟਰੀ,ਆਈ.ਟੀ. ਪਾਰਕ ਅਤੇ ਸਟਾਰਟਅੱਪ ਹੱਬ ਸਥਾਪਤ ਕਰਕੇ ਨੌਜਵਾਨਾਂ ਨੂੰ ਸਥਾਨਕ ਰੁਜ਼ਗਾਰ ਦੇ ਮੌਕੇ ਦੇਵੇ। ਖੇਤੀ ਨੂੰ ਲਾਹੇਵੰਦ ਬਣਾਉਣ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਮਜ਼ਬੂਤ ਕਰੇ, ਜੈਵਿਕ ਖੇਤੀ ਅਤੇ ਡਰਿੱਪ ਸਿੰਚਾਈ ਨੂੰ ਉਤਸ਼ਾਹਿਤ ਕਰੇ। ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਵੋਕੇਸ਼ਨਲ ਟ੍ਰੇਨਿੰਗ ਨਾਲ ਨੌਜਵਾਨਾਂ ਨੂੰ ਨਿਪੁੰਨ ਕੀਤਾ ਜਾਵੇ।
ਪੰਜਾਬ ਸਰਕਾਰ ਵਿਦੇਸ਼ੀ ਪੰਜਾਬੀਆਂ ਨੂੰ “ਪੰਜਾਬੀ ਵਿਰਸਾ ਪ੍ਰੋਗਰਾਮ” ਰਾਹੀਂ ਮਿੱਟੀ ਨਾਲ ਜੋੜੇ।
ਸਿਆਸੀ ਪਾਰਟੀਆਂ ਨੂੰ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਆਨੰਦਪੁਰ ਸਾਹਿਬ ਮਤੇ ਦੀ ਰੂਹ ਨੂੰ ਜੀਵੰਤ ਕਰਨਾ ਹੋਵੇਗਾ। ਪੰਜਾਬ ਦੇ ਪਾਣੀ, ਜ਼ਮੀਨ ਅਤੇ ਆਰਥਿਕ ਹੱਕਾਂ ਦੀ ਮੰਗ ਨੂੰ ਮਜ਼ਬੂਤੀ ਨਾਲ ਉਠਾਇਆ ਜਾਵੇ।
ਵਾਘਾ ਅਤੇ ਹੁਸੈਨੀਵਾਲਾ ਸਰਹੱਦ ’ਤੇ ਵਪਾਰ ਅਤੇ ਸੱਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੀ ਆਰਥਿਕ ਰੌਣਕ ਵਾਪਸ ਲਿਆਂਦੀ ਜਾਵੇ।
ਨਸ਼ਾ ਤਸਕਰੀ ’ਤੇ ਸਖ਼ਤ ਨਿਗਰਾਨੀ ਰਖੀ ਜਾਵੇ, ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਜਾਣ ਅਤੇ ਨੌਜਵਾਨਾਂ ਨੂੰ ਖੇਡਾਂ, ਕਲਾ ਅਤੇ ਸਭਿਆਚਾਰ ਨਾਲ ਜੋੜਨ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਜਾਣ।
ਆਉ ਸਤਿਗੁਰੂਬਾਬਾ ਨਾਨਕ ਜੀ ਅਗੇ ਅਰਦਾਸ ਕਰੀਏ ਹੇ ਸਚੇ ਪਾਤਸ਼ਾਹ ਪੰਜਾਬ ਉਪਰ ਮਿਹਰਾਂ ਦਾ ਮੀਂਹ ਵਰਸਾ।ਪੰਜਾਬ ਦੀ ਧਰਤੀ,ਦੀ ਕੋਖ ਵਿੱਚ ਜਵਾਨੀਆਂ ਪੈਦਾ ਹੋਣ। ਪੰਜਾਬ ਦੀ ਮਿੱਟੀ ਵਿੱਚ ਸੁਗੰਧ ਹੈ, ਤੇਰੇ ਪੰਜਾਬ ਦੇ ਪਾਣੀਆਂ ਵਿੱਚ ਜੀਵਨ ਹੈ। ਪੰਜਾਬ ਦੇ ਪੁੱਤਰ-ਪੁੱਤਰੀਆਂ ਨੂੰ ਮੁੜ ਪੰਜਾਬ ਦੀ ਗੋਦ ਵਿੱਚ ਸਿਮਟਣ ਦਾ ਮੌਕਾ ਤੇ ਆਸਰਾ ਮਿਲੇ , ਕਿਉਂਕਿ ਪੰਜਾਬ ਹੀ ਸਾਡੀ ਪਛਾਣ ਹੈ।”
ਪੰਜਾਬ ’ਤੇ ਲੱਗੀ ਕਾਲੀ ਨਜ਼ਰ ਨੂੰ ਲਾਲ ਮਿਰਚਾਂ ਵਾਰਕੇ ਉਤਾਰਨ ਲਈ ਸਾਂਝੀ ਇੱਛਾ ਸ਼ਕਤੀ ਦੀ ਲੋੜ ਹੈ। ਇਹ ਸੁਪਨਾ ਸਿਰਫ਼ ਹਰ ਪੰਜਾਬੀ ਦਾ ਨਹੀਂ, ਸਗੋਂ ਸਰਕਾਰ ਦਾ ਹੋਣਾ ਚਾਹੀਦਾ।
ਜੇ ਅਸੀਂ ਇਕਜੁਟ ਹੋਈਏ, ਤਾਂ ਪੰਜਾਬ ਦੇ ਪਿੰਡ ਮੁੜ ਸਾਂਝਾਂ-ਸੰਗਤਾਂ ਨਾਲ ਗੂੰਜਣਗੇ, ਅਤੇ “ਖਟਕੇ ਮੁੜਿਆ ਹੀ ਨਾ” ਵਰਗੀਆਂ ਸਾਡੀ ਲਚਾਰਗੀਆਂ ਦੀਆਂ ਦਾਸਤਾਨਾਂ ਸਾਡੇ ਲੋਕ ਗੀਤਾਂ ਵਿਚੋਂ ਗਾਇਬ ਹੋ ਜਾਣਗੀਆਂ ।“ਖੇੜਿਆਂ ਦੇ ਲੋਕ ਗੀਤ ਗੂੰਜਣਗੇ।ਹੇ ਪੰਜਾਬ, ਆਪਣੀ ਮਿੱਟੀ ਦੀ ਸੁਗੰਧ ਨੂੰ ਮੁੜ ਜਗਾ। ਆਪਣੇ ਪੁੱਤਰਾਂ ਤੇ ਪੁੱਤਰੀਆਂ ਨੂੰ ਆਪਣੀ ਗੋਦ ਵਿੱਚ ਲੋਰੀਆਂ ਦੇ, ਕਿਉਂਕਿ ਤੂੰ ਸਿਰਫ਼ ਸਾਡੀ ਧਰਤੀ ਨਹੀਂ, ਸਾਡੀ ਆਤਮਾ ਹੈਂ।ਸਾਡੀ ਮਾਂ ਹੈ।ਅਸੀਂ ਪੰਜਾਬੀ ਸੰਨ ਆਫ ਸਾਇਲ ਹਾਂ।
Posted By:

Leave a Reply