ਸਿੱਖੋ! ਭਾਜਪਾ ਦੀ ਚਾਲ ਨੂੰ ਨਕਾਰੋ...
- ਧਾਰਮਿਕ/ਰਾਜਨੀਤੀ
- 12 Dec,2025
ਸਿੱਖੋ! ਭਾਜਪਾ ਦੀ ਚਾਲ ਨੂੰ ਨਕਾਰੋ...
ਕਲਗੀਧਰ ਪਾਤਸ਼ਾਹ ਦੇ ਲਾਲਾਂ ਦੀ ਧਰਮ ਹੇਤ ਅਦੁੱਤੀ ਤੇ ਲਸਾਨੀ ਸ਼ਹਾਦਤ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ ਜਿਸ ਦੀ ਸੰਸਾਰ ਭਰ ’ਚ ਕੋਈ ਹੋਰ ਮਿਸਾਲ ਨਹੀਂ ਮਿਲ਼ਦੀ। ਸਾਹਿਬਜ਼ਾਦਿਆਂ ਨੇ ਆਪਣਾ ਆਪ ਨੀਂਹਾਂ 'ਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਹਨ ਤੇ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇੱਕ ਨਿਵੇਕਲਾ ਮਾਰਗ ਦਰਸਾਇਆ ਹੈ ਕਿ ਜਦ ਧਰਮ ’ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲੇ ਲਗਾਉਣਾ ਹੈ। ਭਾਰਤ ਦੇ ਹਿੰਦੁਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਡੂੰਘੀ ਸਾਜ਼ਿਸ਼ ਅਤੇ ਆਰ.ਐੱਸ.ਐੱਸ. ਦੇ ਏਜੰਡੇ ਤਹਿਤ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨਿਆ ਸੀ ਜੋ ਕਿ ਸਿੱਖ ਕੌਮ ਉੱਤੇ ਧਾਰਮਿਕ, ਸਿਧਾਂਤਕ, ਮਨੋਵਿਿਗਆਨਕ, ਇਤਿਹਾਸਕ ਅਤੇ ਬੌਧਿਕ ਹਮਲਾ ਹੈ ਤੇ ਸਾਹਿਬਜ਼ਾਦਿਆਂ ਦੀ ਰੂਹਾਨੀਅਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਰੁਝਾਨ ਕਦਾਚਿਤ ਗੁਰਮਤਿ ਅਤੇ ਸਿੱਖੀ ਵਿੱਚ ਸ਼ਹਾਦਤਾਂ ਨੂੰ ਯਾਦ ਕਰਨ ਦੇ ਅਨੁਕੂਲ ਨਹੀਂ ਹੈ। ਸਾਹਿਬਜ਼ਾਦੇ, ਕੋਈ ਆਮ ਬਾਲ ਜਾਂ ਬੱਚੇ ਨਹੀਂ, ਬਲਕਿ ਛੋਟੀ ਉਮਰੇ ਧਰਮ ਹੇਤ ਸ਼ਹੀਦੀਆਂ ਪਾਉਣ ਕਰਕੇ ਸਿੱਖ ਕੌਮ ਦੇ ਸਰਬਉੱਚ ਲਕਬ ‘ਬਾਬਾ’ ਨਾਲ਼ ਨਿਵਾਜੇ ਹੋਏ ਹਨ। ਉਹਨਾਂ ਪ੍ਰਤੀ ਜੋ ‘ਵੀਰ ਬਾਲ ਦਿਵਸ’ ਨਾਮ ਵਰਤਿਆ ਜਾ ਰਿਹਾ ਹੈ ਇਸ ਵਿੱਚੋਂ ਰੱਤਾ ਭਰ ਵੀ ਸਿੱਖੀ ਦੀ ਖ਼ੁਸ਼ਬੂ ਨਹੀਂ ਆਉਂਦੀ ਤੇ ਇਹ ਨਾਮ ਸਿੱਖੀ ਪ੍ਰੰਪਰਾਵਾਂ ਤੇ ਸਿਧਾਂਤ ਅਨੁਸਾਰ ਠੀਕ ਨਹੀਂ ਹੈ, ਇਹ ਉਹਨਾਂ ਦੀਆਂ ਸ਼ਹਾਦਤਾਂ ਨੂੰ ਛੋਟਾ ਕਰਨ ਦਾ ਯਤਨ ਹੈ। ਅਖੌਤੀ ਰਾਸ਼ਟਰਵਾਦ ਦੀ ਭੇਂਟ ਚੜ੍ਹ ਕੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਰੋਲਣ ਤੋਂ ਗੁਰੇਜ਼ ਕੀਤਾ ਜਾਏ। ਇਸ ਤਲਖ਼ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਅਤੇ ਸਾਹਿਬਜ਼ਾਦਿਆਂ ਦੀ ਯਾਦ ‘ਵੀਰ ਬਾਲ ਦਿਵਸ’ ਵਜੋਂ ਨਹੀਂ ਬਲਕਿ ‘ਬਾਬਿਆਂ ਦੇ ਸ਼ਹੀਦੀ ਦਿਹਾੜੇ’ ਜਾਂ ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ’ ਜਾਂ ‘ਸਫ਼ਰ-ਏ-ਸ਼ਹਾਦਤ’ ਜਾਂ ‘ਸ਼ਹੀਦੀ ਹਫ਼ਤੇ’ ਵਜੋਂ ਹੀ ਮਨਾਈ ਜਾਵੇ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਜਿਸ ਤਰ੍ਹਾਂ ਭਾਰਤੀ ਸੰਸਕ੍ਰਿਤੀ, ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਨਾਲ਼ ਜੋੜ ਕੇ ਭਾਰਤੀ ਗੌਰਵ ਦੇ ਖਾਤੇ ਪਾਇਆ ਜਾ ਰਿਹਾ ਹੈ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਧਰਮ ਲਈ, ਕੌਮ ਲਈ, ਪੰਥ ਲਈ, ਸਰਬੱਤ ਦੇ ਭਲੇ ਲਈ, ਮਨੁੱਖਤਾ ਦੀ ਰਾਖੀ ਲਈ, ਜਬਰ-ਜ਼ੁਲਮ ਦੇ ਖਾਤਮੇ ਲਈ ਅਤੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਸਰ ਪੰਥ (ਨਿਰਮਲ ਪੰਥ) ਚਲਾਇਆ ਉਸ ਖ਼ਾਲਸਾ ਪੰਥ ਦੀ ਅੱਡਰੀ, ਨਿਆਰੀ, ਵਿਲੱਖਣ ਹੋਂਦ-ਹਸਤੀ ਤੇ ਖ਼ਾਲਸਾ ਰਾਜ ਦੀ ਸਿਰਜਣਾ ਲਈ ਹੋਈਆਂ ਸਨ। ਜਿਸ ਸਮੇਂ ਸੰਨ 1704 ਵਿੱਚ ਇਹ ਸਾਕਾ ਵਾਪਰਿਆ ਉਸ ਸਮੇਂ ਭਾਰਤ ਦਾ ਇੱਕ ਦੇਸ਼ ਵਜੋਂ ਕੋਈ ਵਜੂਦ ਨਹੀਂ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲ਼ਾ ਭਾਰਤ 600 ਤੋਂ ਵੱਧ ਰਿਆਸਤਾਂ ’ਚ ਵੰਡਿਆ ਹੋਇਆ ਸੀ। ਫਿਰ ਸਾਹਿਬਜ਼ਾਦਿਆਂ ਨੂੰ ਕਿਹੜੇ ਭਾਰਤ ਦੇ ਨਾਗਰਿਕ ਵਜੋਂ ਦਰਸਾਇਆ ਜਾ ਰਿਹਾ ਹੈ ? ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਅਖੰਡ ਭਾਰਤ ਕਹਿਣ ਵਾਲ਼ੇ ਕੋਰਾ ਝੂਠ ਬੋਲਦੇ ਹਨ। ਪੰਜਾਬ ਵੀ ਇੱਕ ਵੱਖਰਾ ਮੁਲਕ ਸੀ ਤੇ ਪੰਜਾਬ ਨੂੰ ਅੱਜ ਵੀ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਸੰਘਰਸ਼ਸ਼ੀਲ ਹੈ। ਵੀਰ ਬਾਲ ਦਿਵਸ ਨਾਮ ਦੇ ਕੇ ਕੀਤਾ ਗਿਆ ਸੂਖ਼ਮ ਹਮਲਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਹਿੰਦੁਤਵੀਆਂ ਨੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ‘ਵੀਰ ਬੰਦਾ ਬੈਰਾਗੀ’ ਕਹਿ ਕੇ ਪ੍ਰਚਾਰਿਆ। ਸ਼ਹੀਦ ਭਾਈ ਮਤੀ ਦਾਸ ਜੀ ਨੂੰ ‘ਸ੍ਰੀ ਗੁਰੂ ਮਤੀ ਦਾਸ ਸ਼ਰਮਾ’ ਲਿਖ ਕੇ ਕਿਤਾਬਾਂ ਵੰਡੀਆਂ। ਭਾਈ ਹਕੀਕਤ ਸਿੰਘ ਨੂੰ ‘ਵੀਰ ਹਕੀਕਤ ਰਾਏ’ ਸਥਾਪਿਤ ਕਰਨਾ ਚਾਹਿਆ। ਗੁਰੂ ਸਾਹਿਬਾਨਾਂ ਦੀਆਂ ਮਨੋਕਲਪਿਤ ਤਸਵੀਰਾਂ ਉੱਤੇ ਸ਼ਿਵ ਅਤੇ ਰਾਮ ਚੰਦਰ ਨੂੰ ਸ਼ਕਤੀ ਦੇਂਦੇ ਵਿਖਾਇਆ। ਗੁਰੂ ਸਾਹਿਬਾਨਾਂ ਨੂੰ ਗਾਂ ਦੀ ਤਸਵੀਰ ’ਚ ਵਿਖਾ ਕੇ ‘ਹਿੰਦੂ ਦੇਵਤਿਆਂ’ ਵਜੋਂ ਪੇਸ਼ ਕੀਤਾ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਤਸਵੀਰਾਂ ਸ਼ਿਵਾ ਜੀ ਮਰਹੱਟਾ ਅਤੇ ਰਾਣਾ ਪ੍ਰਤਾਪ ਦੇ ਬਰਾਬਰ ਲਗਾਈਆਂ। ਸਿੱਖ ਇਤਿਹਾਸ ਦੀਆਂ ਇਹਨਾਂ ਸਤਰਾਂ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ’ ਦੀ ਜਗ੍ਹਾ ਫ਼ਿਰਕੂ ਹਿੰਦੁਤਵੀ ਲਾਲਾ ਜਗਤ ਨਰਾਇਣ ਨੇ ‘ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ’ ਲਿਖ ਕੇ ਵਿਗਾੜਿਆ ਸੀ। ਵੀਰ ਬਾਲ ਦਿਵਸ ਨਾਮ ਦਾ ਸਵਾਗਤ ਕਰਨ ਵਾਲ਼ੀਆਂ ਸੰਪਰਦਾਵਾਂ, ਜਥੇਬੰਦੀਆਂ ਤੇ ਆਗੂ ਸਿੱਖ ਕੌਮ ਦੇ ਰਾਹ ’ਚ ਜਾਣੇ-ਅਨਜਾਣੇ ਕੰਢੇ ਬੀਜ ਰਹੇ ਹਨ। ਜੇ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ਼ ਗੱਠਜੋੜ ਕਾਇਮ ਰਹਿੰਦਾ ਤਾਂ ਬਾਦਲਕਿਆਂ ਨੇ ਵੀ ਵੀਰ ਬਾਲ ਦਿਵਸ ਦਾ ਜ਼ੋਰ-ਸ਼ੋਰ ਨਾਲ਼ ਸਵਾਗਤ ਕਰਨਾ ਸੀ ਪਰ ਹੁਣ ਅਕਾਲੀ ਦਲ ਬਾਦਲ ਦੇ ਆਗੂਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲਗਾਤਾਰ ਇਤਰਾਜ ਜਤਾਉਂਦਿਆਂ ਨਾਮ ਬਦਲਣ ਲਈ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਜਪਾ ਨਾਲ਼ ਸਾਂਝ ਰੱਖਣ ਵਾਲ਼ੇ ਸਿੱਖ ਅਤੇ ਸੰਸਥਾਂਵਾਂ ‘ਵੀਰ ਬਾਲ ਦਿਵਸ’ ਮਨਾ ਕੇ ਸਿੱਖ ਕੌਮ ਨੂੰ ਹਿੰਦੁਤਵ ਦੇ ਡੂੰਘੇ ਅਤੇ ਖਾਰੇ ਸਮੁੰਦਰ ’ਚ ਧਕੇਲ ਰਹੀਆਂ ਹਨ। ਸਬੂਤਾਂ ਸਮੇਤ ਇਹ ਵੀ ਖੁਲਾਸੇ ਹੋ ਚੁੱਕੇ ਹਨ ਕਿ ਵੀਰ ਬਾਲ ਦਿਵਸ ਨਾਮ ਦੇ ਕੰਢੇ ਵੀ ਬਾਦਲਾਂ ਨੇ ਹੀ ਬੀਜੇ ਸਨ ਤੇ ਰਾਸ਼ਟਰੀ ਪੱਧਰ ’ਤੇ ਮਨਾਉਣ ਦੀ ਮੰਗ ਰੱਖੀ ਸੀ। ਪੰਜਾਬ ਤੋਂ ਬਾਹਰ ਭਾਰਤ ਦੇ ਹੋਰਨਾਂ ਸੂਬਿਆਂ ’ਚ ਹਿੰਦੁਤਵੀਆਂ ਵੱਲੋਂ ਵੀਰ ਬਾਲ ਦਿਵਸ ਮਨਾਉਂਦਿਆਂ ਸਾਹਿਬਜ਼ਾਦਿਆਂ ਦਾ ਸਕੂਲਾਂ-ਕਾਲਜਾਂ ਤੇ ਮੰਦਰਾਂ ’ਚ ਸਵਾਂਗ ਰਚਾ ਕੇ ਅਤੇ ਉਹਨਾਂ ਨੂੰ ਦੇਸ਼ ਭਗਤ ਤੇ ਹਿੰਦੂ ਦਰਸਾ ਕੇ ਜੋ ਅਪਮਾਨ ਕੀਤਾ ਜਾਏਗਾ ਉਸ ਦੇ ਬਹੁਤ ਘਾਤਕ ਸਿੱਟੇ ਨਿਕਲਣਗੇ। ਇਸ ਲਈ ਅਸੀਂ ਸਮੁੱਚੀਆਂ ਪੰਥਕ ਧਿਰਾਂ ਅਤੇ ਗੁਰੂ ਪੰਥ ਨੂੰ ਸਮਰਪਿਤ ਸੰਪਰਦਾਵਾਂ-ਸੰਸਥਾਵਾਂ ਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਭਗਵੇਂ ਬ੍ਰਿਗੇਡ ਦੀ ਚਾਲ ਨੂੰ ਨਕਾਰੋ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕੇਵਲ ਕੌਮੀ ਨਜ਼ਰੀਏ ਤੋਂ ਹੀ ਮਨਾਓ ਤੇ ਇਸ ਨੂੰ ਵੀਰ ਬਾਲ ਦਿਵਸ ਵਜੋਂ ਨਾ ਪ੍ਰਚਾਰੋ। ਬੀਜੇਪੀ ਦੇ ਆਗੂ ਸਰਚਾਂਦ ਸਿੰਘ ਖਿਆਲਾ ਕਹਿ ਰਹੇ ਹਨ ਕਿ "ਵੀਰ ਬਾਲ ਦਿਵਸ ਮਨਾਉਣ ਦੀ ਮੰਗ ਸੁਖਬੀਰ ਬਾਦਲ ਨੇ ਹੀ ਸਭ ਤੋਂ ਪਹਿਲਾਂ ਰੱਖੀ ਸੀ।" ਤੇ ਇਹੀ ਚਰਚਾ ਹਰਸਿਮਰਤ ਕੌਰ ਬਾਦਲ ਬਾਰੇ ਵੀ ਚੱਲਦੀ ਰਹੀ ਹੈ। ਖ਼ਾਲਸਾ ਪੰਥ ਤਾਂ ਇਸੇ ਕਰਕੇ ਬਾਦਲਕਿਆਂ ਦਾ ਵਿਰੋਧ ਕਰਦਾ ਹੈ ਕਿ ਉਹ ਬੀਜੇਪੀ ਨਾਲ ਮਿਲ ਕੇ ਸਿੱਖੀ ਦਾ ਹਿੰਦੂਕਰਨ ਕਰਦੇ ਰਹੇ ਨੇ ਤੇ ਕਰ ਰਹੇ ਨੇ। ਹੁਣ ਤਾਂ ਕਈ ਸੰਸਥਾਵਾਂ ਦੇ ਮੁਖੀ ਵੀ ਬਾਦਲਾਂ ਨੂੰ ਛੱਡ ਕੇ ਸਿੱਧਾ ਬੀਜੇਪੀ ਨਾਲ ਹੱਥ ਮਿਲਾ ਕੇ ਸਿੱਖੀ ਨੂੰ ਹਿੰਦੂਆਂ 'ਚ ਮਿਲਗੋਭਾ ਕਰਨ 'ਤੇ ਤੁਰੇ ਹੋਏ ਨੇ। ਇਹ ਲੋਕ ਆਪਣੀਆਂ ਨਿੱਜੀ ਲਾਲਸਾਵਾਂ ਅਤੇ ਸਿਆਸੀ ਮੁਫਾਦਾਂ ਲਈ ਪੰਥ ਦਾ ਬੇੜਾ ਗਰਕ ਕਰਦੇ ਨੇ। ਪਰ ਖ਼ਾਲਸਾ ਪੰਥ ਸਿੱਖੀ ਦੀ ਵਿਲੱਖਣਤਾ, ਅੱਡਰੀ ਹੋਂਦ, ਹਸਤੀ ਤੇ ਵੱਖਰੀ ਪਛਾਣ ਲਈ ਜੂਝਦਾ ਰਹੇਗਾ। ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਵੀਰ ਬਾਲ ਦਿਵਸ ਨਾਮ ਦਾ ਵਿਰੋਧ ਕਰ ਰਹੇ ਹਨ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰਾਜ ਸਭਾ ਅਤੇ ਲੋਕ ਸਭਾ ਦੇ 14 ਮੈਂਬਰਾਂ ਨੂੰ ਚਿੱਠੀ ਲਿਖੀ ਹੈ ਕਿ "ਸਾਲ 2022 ਤੋਂ ਭਾਰਤ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ "ਵੀਰ ਬਾਲ ਦਿਵਸ" ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦੇ ਨਾਮ ਉੱਤੇ ਇਤਰਾਜ਼ ਕਰਦਿਆਂ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤ ਪੱਤਰ ਭੇਜੇ ਗਏ ਹਨ ਅਤੇ ਸਰਕਾਰ ਵੱਲੋਂ ਰੱਖੇ ਗਏ ਨਾਮ ਨੂੰ ਬਦਲਾਉਣ ਦੀ ਮੰਗ ਕੀਤੀ ਗਈ ਹੈ। ਇਸ ਦਿਹਾੜੇ ਦਾ ਨਾਮ "ਵੀਰ ਬਾਲ ਦਿਵਸ" ਦੀ ਥਾਂ ਸਿੱਖ ਭਾਵਨਾਵਾਂ ਤੇ ਸ਼ਬਦਾਵਲੀ ਅਨੁਸਾਰ "ਸਾਹਿਬਜ਼ਾਦੇ ਸ਼ਹਾਦਤ ਦਿਵਸ" ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਨੂੰ ਸੁਝਾਅ ਭੇਜੇ ਗਏ ਸਨ ਪਰੰਤੂ ਸਰਕਾਰ ਨੇ ਹੁਣ ਤੱਕ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਗੌਰ ਨਹੀਂ ਕੀਤੀ। ਇਸ ਮਾਮਲੇ ਵਿਚ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸੰਸਦ ਅੰਦਰ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਰਕਾਰ ਦੀ ਤਰਫ਼ੋਂ “ਸਾਹਿਬਜ਼ਾਦੇ ਸ਼ਹਾਦਤ ਦਿਵਸ" ਵਜੋਂ ਅਧਿਕਾਰਤ ਰੂਪ ਵਿਚ ਐਲਾਨ ਕਰਵਾਉਣ ਲਈ ਪੁਰਜ਼ੋਰ ਯਤਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਿਆ ਜਾਵੇ।" ਭਾਰਤ ਦੀ ਸੱਤਾ ਉੱਤੇ ਕਾਬਜ ਹੋ ਕੇ ਭਾਜਪਾ ਐਨੀ ਹੰਕਾਰੀ ਹੋਈ ਹੈ ਕਿ ਉਹ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨ ਰਹੀ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਤੇ ਕਿਸੇ ਹੋਰ ਸਿੱਖ ਸੰਸਥਾ ਦੀ ਗੱਲ ਵੱਲ ਧਿਆਨ ਦੇ ਰਹੀ ਹੈ ਤੇ ਉਹ ਆਪਣੇ ਬਿਰਤਾਂਤ ਸਿਰਜ ਕੇ ਸਾਡੇ ਧਰਮ, ਇਤਿਹਾਸ ਅਤੇ ਸੰਸਥਾਵਾਂ ਨੂੰ ਉਸੇ ਤਰ੍ਹਾਂ ਦੁਨੀਆਂ 'ਚ ਪੇਸ਼ ਕਰ ਰਹੀ ਹੈ ਜਿਵੇਂ ਉਸਨੂੰ ਫਿੱਟ ਬੈਠਦਾ ਹੈ। ਭਾਜਪਾ ਸਰਕਾਰ ਵੀ ਕਾਂਗਰਸ, ਝਾੜੂ ਪਾਰਟੀ ਅਤੇ ਬਾਦਲਾਂ ਵਾਂਗ ਸਿੱਖੀ ਅਤੇ ਸਿੱਖਾਂ ਦੀ ਹਮਾਇਤੀ ਤੇ ਹਮਦਰਦ ਨਹੀਂ, ਉਹ ਕੇਵਲ ਸਮੇਂ-ਸਮੇਂ ਉੱਤੇ ਸਿੱਖਾਂ ਨੂੰ ਭਰਮਾਉਂਦੀ ਤੇ ਵਰਗਲਾਉਂਦੀ ਰਹਿੰਦੀ ਹੈ। ਭਗਵੇਂ ਬ੍ਰਿਗੇਡ ਦੀ ਇਸ ਚਾਲ ਨੂੰ ਪਛਾਨਣ ਅਤੇ ਨਕਾਰਨ ਲਈ ਹਰ ਸਿੱਖ ਨੂੰ ਕਮਰਕੱਸੇ ਕਰਨੇ ਚਾਹੀਦੇ ਹਨ। ਸਾਡੀਆਂ ਕੁਝ ਮਾਣਮੱਤੀ ਸੰਸਥਾਵਾਂ ਦੇ ਮੁਖੀ ਅਤੇ ਸਿਆਸੀ ਸਿੱਖ ਆਗੂ ਭਾਜਪਾ ਨਾਲ ਸਾਂਝ ਪਾ ਕੇ ਪੰਥ ਅਤੇ ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ, ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖ਼ਸ਼ੇ ਅਰਦਾਸ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਧਾਨ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883
Posted By:
GURBHEJ SINGH ANANDPURI
Leave a Reply