ਪਹਿਲਗਾਮ ਹਮਲੇ ਬਾਰੇ ਕੁਝ ਸਵਾਲ ਜੋ ਜਵਾਬ ਮੰਗਦੇ ਨੇ

ਪਹਿਲਗਾਮ ਹਮਲੇ ਬਾਰੇ ਕੁਝ ਸਵਾਲ ਜੋ ਜਵਾਬ ਮੰਗਦੇ ਨੇ

ਪਹਿਲਗਾਮ ਹਮਲੇ ਬਾਰੇ ਕੁਝ ਸਵਾਲ ਜੋ ਜਵਾਬ ਮੰਗਦੇ ਨੇ

ਕਸ਼ਮੀਰ ਦੇ ਪਹਿਲਗਾਮ ਵਿੱਚ 26 ਬੇਗੁਨਾਹਾਂ ਦੇ ਕਤਲਾਂ ਨੂੰ ਹਰ ਇਨਸਾਨੀਅਤ-ਪਸੰਦ ਵਿਅਕਤੀ ਨਿੰਦ ਰਿਹਾ ਹੈ, ਕਿਉਂਕਿ ਬੇਦੋਸ਼ਿਆਂ ਦੇ ਕਤਲ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਇੱਥੋਂ ਤਕ ਕਿ ਕਸ਼ਮੀਰੀ ਲੋਕਾਂ ਵੱਲੋਂ ਵੀ ਇਸ ਹਮਲੇ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।

ਪਰ ਦੂਜੇ ਪਾਸੇ ਭਾਰਤੀ ਸਰਕਾਰ ਅਤੇ ਭਾਰਤੀ ਮੀਡੀਆ ਨਫ਼ਰਤ ਫੈਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਹ ਸਵਾਲ ਬੇਹੱਦ ਚਰਚਾ 'ਚ ਹੈ ਕਿ ਕਸ਼ਮੀਰ ਦੇ ਚੱਪੇ-ਚੱਪੇ 'ਤੇ ਭਾਰਤੀ ਫ਼ੌਜ ਤਾਇਨਾਤ ਹੈ, ਫਿਰ ਐਨੀ ਫ਼ੌਜ ਹੋਣ ਦੇ ਬਾਵਜੂਦ ਓਥੇ ਹਮਲਾ ਕਿਵੇਂ ਹੋ ਗਿਆ ? ਇਹ ਹਮਲਾ ਕਰਵਾਇਆ ਗਿਆ ਜਾਂ ਹੋਣ ਦਿੱਤਾ ਗਿਆ ? ਇਸ ਨੂੰ ਰੋਕਣ ਦੇ ਯਤਨ ਕਿਉਂ ਨਾ ਹੋਏ ? ਕਿੱਥੇ ਗਿਆ ਖੁਫ਼ੀਆ ਤੰਤਰ ? ਐਨੀਆਂ ਏਜੰਸੀਆਂ ਕੀ ਸੁੱਤੀਆਂ ਪਈਆਂ ਸਨ ? ਓਥੇ ਐਨੀ ਫ਼ੌਜ ਹੋਣ ਦੇ ਬਾਵਜੂਦ ਹਮਲੇ ਵਾਲੀ ਜਗ੍ਹਾ ਕੋਲ ਕੋਈ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਸਨ ? ਹਮਲੇ ਵਿੱਚ ਮਾਰੇ ਗਏ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਮਾਰਿਆ ਗਿਆ ਕਸ਼ਮੀਰੀ ਮੁਸਲਮਾਨ ਬਾਰੇ ਰਾਸ਼ਟਰੀ ਮੀਡੀਆ ਕਿਉਂ ਨਹੀਂ ਦੱਸ ਰਿਹਾ ?

22 ਅਪ੍ਰੈਲ 2024 ਨੂੰ ਪਹਿਲਗਾਮ ਹਮਲੇ ਵਿੱਚ ਦਹਿਸ਼ਤਗਰਦਾਂ ਦੇ ਹੱਥੋਂ ਮਾਰੇ ਗਏ ਹਿੰਦੂ ਬਿਲਕੁਲ ਬੇਦੋਸ਼ੇ ਹਨ, ਪਰ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ ਸਿੱਖ ਕਿਹੜਾ ਖ਼ੂਨੀ ਦਰਿੰਦੇ ਸਨ ? ਜਿਹੜੇ ਲੋਕ ਪਹਿਲਗਾਮ ਹਮਲੇ ਤੋਂ ਬਾਅਦ ਵਿਰਲਾਪ ਕਰ ਰਹੇ ਨੇ, ਇਹ ਚਿੱਠੀ ਸਿੰਘਪੁਰਾ ਕਤਲੇਆਮ ਮੌਕੇ ਖਾਮੋਸ਼ ਰਹੇ ਤੇ ਹੁਣ ਤਕ ਕਦੇ ਨਹੀਂ ਕਿਹਾ ਕਿ ਦੋਸ਼ੀਆਂ ਨੂੰ ਦਿੱਲੀ ਦੇ ਇੰਡੀਆ ਗੇਟ ਕੋਲ਼ ਸ਼ਰੇਆਮ ਫਾਹੇ ਟੰਗਿਆ ਜਾਵੇ। ਕੀ ਚਿੱਠੀ ਸਿੰਘਪੁਰਾ ਵਿੱਚ ਮਰਨ ਵਾਲਿਆਂ ਦੀ ਜਾਨ ਪਹਿਲਗਾਮ ਵਿੱਚ ਮਰਨ ਵਾਲ਼ਿਆਂ ਨਾਲੋਂ ਘੱਟ ਕੀਮਤੀ ਸੀ ?

ਪਹਿਲਗਾਮ ਕਤਲੇਆਮ ਵੀ ਓਹੋ ਜਿਹੇ ਮਹੌਲ ਵਿੱਚ ਹੋਇਆ ਜਿਹੋ-ਜਿਹੇ ਮਹੌਲ ਵਿੱਚ ਚਿੱਠੀ ਸਿੰਘਪੁਰਾ ਕਤਲੇਆਮ ਹੋਇਆ ਸੀ। ਓਦੋਂ ਵੀ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਆਏ ਸਨ ਤੇ ਹੁਣ ਵੀ ਅਮਰੀਕਾ ਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਆਏ ਹੋਏ ਹਨ। ਓਦੋਂ ਵੀ ਭਾਰਤ ਨੇ ਅਮਰੀਕਾ ਨੂੰ ਵਿਖਾਇਆ ਕਿ ਅਸੀਂ ਅੱਤਵਾਦ ਤੋਂ ਪੀੜਤ ਹਾਂ, ਹੁਣ ਵੀ ਇਹੀ ਹਾਲ ਹੈ। ਉਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਵੱਲੋਂ ਖ਼ੁਲਾਸਾ ਹੋਇਆ ਸੀ ਕਿ "ਜੇ ਮੈਂ ਭਾਰਤ ਨਾ ਜਾਂਦਾ ਤਾਂ ਸ਼ਾਇਦ ਉਹ 36 ਸਿੱਖ ਨਾ ਮਰਦੇ ਜਿਹੜੇ ਚਿੱਠੀ ਸਿੰਘਪੁਰਾ ਵਿੱਚ ਮਾਰੇ ਗਏ।" ਹੋ ਸਕਦਾ ਭਵਿੱਖ ਵਿੱਚ ਹੁਣ ਵਾਲੇ ਅਮਰੀਕਾ ਦੇ ਉਪ-ਰਾਸ਼ਟਰਪਤੀ ਵੀ ਅਜਿਹਾ ਕੁਝ ਕਹਿਣ! ਪਰ ਨਾ ਉਹ ਕਦੇ ਵਾਪਸ ਮੁੜੇ ਨੇ ਜਿਹੜੇ ਚਿੱਠੀ ਸਿੰਘਪੁਰਾ ਮਾਰੇ ਗਏ ਤੇ ਨਾ ਹੁਣ ਪਹਿਲਗਾਮ ਵਿੱਚ ਮਾਰੇ ਗਏ ਮੁੜਣੇ ਨੇ।

ਭਗਵਾਂ ਬ੍ਰਿਗੇਡ, ਗੋਦੀ ਮੀਡੀਆ ਨਿਹਾਲ ਹੋਇਆ ਪਿਆ। ਸਾਰੇ ਭਾਰਤ ਦੇ ਹਿੰਦੂਆਂ ਨੂੰ ਸਮਝਾਇਆ ਜਾ ਰਿਹਾ ਕਿ ਮੋਦੀ ਸਾਬ੍ਹ ਮਹਾਨ ਨੇ, ਜੇ ਉਹਨਾਂ ਦੀ ਛਤਰ-ਛਾਇਆ ਨਾ ਰਹੇ ਤਾਂ ਪਹਿਲਗਾਮ ਵਾਂਗ ਆਪਣੇ ਘਰਾਂ ਵਿੱਚ ਹਮਲੇ ਹੋਣਗੇ, ਇਸ ਲਈ ਮੋਦੀ ਸਰਕਾਰ ਜ਼ਿੰਦਾਬਾਦ ਕਹੋ। ਕਸ਼ਮੀਰੀ ਅੱਤਵਾਦ ਦਾ ਹਊਆ ਸਾਰੇ ਭਾਰਤ ਵਿੱਚ ਵੋਟਾਂ ਦੇ ਧਰੂਵੀਕਰਨ ਨਾਲੋਂ ਵੀ ਅਗਾਂਹ ਹਿੰਦੂਆ ਨੂੰ ਇਕਜੁੱਟ ਕਰਕੇ ਭਾਰਤੀ ਮੁਸਲਮਾਨਾਂ ਖ਼ਿਲਾਫ਼ ਲਾਮਬੰਦ ਕਰਦਾ ਹੈ। ਵਕਫ਼ ਸੋਧ ਕਾਨੂੰਨ ਦੇ ਵਿਰੋਧ ਵਿੱਚ ਸਰਗਰਮ ਮੁਸਲਮਾਨ ਡਰਾਉਣ ਲਈ ਪਹਿਲਗਾਮ ਘਟਨਾ ਮਗਰੋਂ ਬਣਿਆ ਮਹੌਲ ਕਾਰਗਰ ਹੈ।

ਹਿਮਾਚਲ ਵਿੱਚ ਤ੍ਰਿਸਕਾਰ ਪਿੱਛੋਂ ਜਿਹੜੇ ਸੈਲਾਨੀ ਕਸ਼ਮੀਰ ਦੇ ਗੁਣ ਗਾ ਰਹੇ ਸੀ ਉਹਨਾਂ ਨੂੰ ਵੀ ਸਮਝਾ ਦਿੱਤਾ ਗਿਆ ਹੈ ਕਿ ਇੱਥੇ ਵੀ ਜਾਨ ਦਾ ਖ਼ਤਰਾ ਹੈ। ਇਹ ਹਮਲਾ ਕਸ਼ਮੀਰੀ ਲੋਕਾਂ ਦਾ ਜਾਂ ਕਸ਼ਮੀਰ ਦੀ ਅਜ਼ਾਦੀ ਦੇ ਸੰਘਰਸ਼ ਦਾ ਫ਼ਾਇਦਾ ਕਰੇ ਜਾਂ ਨਾ ਕਰੇ ਪਰ ਭਗਵੇਂ ਬ੍ਰਿਗੇਡ/ਮੋਦੀ ਸਰਕਾਰ ਤੇ ਗੋਦੀ ਮੀਡੀਆ ਦੇ ਲਈ ਸੌ ਪ੍ਰਤੀਸ਼ਤ ਫ਼ਾਇਦੇਮੰਦ ਹੈ। ਜੇ ਕੋਈ ਮੋਦੀਤੰਤਰ ਦੇ ਉਲਟ ਗੱਲ ਕਰੇਗਾ ਓਹ ਦੇਸ਼ਧ੍ਰੋਹੀ ਹੋਵੇਗਾ, ਮਾਹੌਲ ਅਜਿਹਾ ਬਣਾਇਆ ਜਾਏਗਾ ਕਿ ਕੋਈ ਵੀ ਸਵਾਲ ਪੁੱਛੇ ਬਗੈਰ ਬਸ ਹਮਲੇ ਦੀ ਨਿੰਦਿਆ ਕਰੋ।

ਜਿਵੇਂ ਪਾਰਲੀਮੈਂਟ 'ਤੇ ਹਮਲੇ ਦੀ ਅਸਲ ਸਾਜਿਸ਼ ਬਾਰੇ ਕਦੇ ਕਿਸੇ ਨੇ ਸਵਾਲ ਨਹੀਂ ਸੀ ਕੀਤਾ, ਜਿਵੇਂ ਪੁਲਵਾਮਾ ਹਮਲੇ ਬਾਰੇ ਕੋਈ ਸਵਾਲ ਨਹੀਂ ਸੀ ਪੁੱਛਿਆ, ਓਵੇਂ ਚਾਹੇ ਸੌ ਖਦਸ਼ੇ ਹੋਣ ਕਿ ਪਹਿਲਗਾਮ ਹਮਲਾ ਕਿਤੇ ਚਿੱਠੀ ਸਿੰਘਪੁਰਾ ਕਾਂਡ ਦਾ ਹੀ ਦੁਹਰਾਅ ਤਾਂ ਨਹੀਂ, ਪਰ ਬੋਲੋ ਨਾ। ਜਦੋਂ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਹਥਿਆਰਬੰਦ ਕਸ਼ਮੀਰੀਆਂ ਸਮੇਤ ਸੁਰੱਖਿਆ ਦਸਤਿਆਂ ਨੇ ਘੇਰ ਲਿਆ ਸੀ ਤਾਂ ਉਸ ਨੇ ਬੜਾ ਰੌਲ਼ਾ ਪਾਇਆ ਕਿ "ਸਰ! ਕਾਹਤੋਂ ਏਜੰਸੀਆਂ ਦੀ ਖੇਡ ਖ਼ਰਾਬ ਕਰ ਰਹੇ ਹੋ ?" ਪਰ ਖੇਡ ਖ਼ਰਾਬ ਹੋ ਈ ਗਈ ਸੀ। ਕਾਸ਼! ਕਸ਼ਮੀਰ 'ਚ ਖੇਡ ਖ਼ਰਾਬ ਹੁੰਦੀ ਰਹੇ ਤੇ ਬੇਦੋਸ਼ੇ ਬਚਦੇ ਰਹਿਣ। ਜੇ ਪਹਿਲਗਾਮ ਹਮਲੇ ਦੀ ਅਮਰੀਕਾ ਅਤੇ ਹੋਰ ਦੇਸ਼ ਨਿਰਪੱਖ ਜਾਂਚ ਕਰਵਾਉਣ ਤਾਂ ਹੈਰਾਨੀਜਨਕ ਖ਼ੁਲਾਸੇ ਹੋ ਸਕਦੇ ਹਨ। ਅਸੀਂ ਖ਼ਾਲਸਾ ਪੰਥ, ਦੇਸ ਪੰਜਾਬ, ਅਦਾਰਾ ਪਹਿਰੇਦਾਰ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਸਿੱਖ ਕੌਮ ਨੇ ਖ਼ੁਦ ਇਹ ਦਰਦ, ਸੰਤਾਪ ਤੇ ਕਤਲੇਆਮ ਹੰਢਾਏ ਹਨ, ਅਸੀਂ ਹਰੇਕ ਪੀੜਤ ਦੀ ਪੀੜਾ ਨੂੰ ਸਮਝਦੇ ਹੀ ਨਹੀਂ ਬਲਕਿ ਮਹਿਸੂਸ ਵੀ ਕਰਦੇ ਹਾਂ ਤੇ ਇਸ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਮਦਦ ਲਈ ਹਮੇਸ਼ਾਂ ਖੜ੍ਹੇ ਹਾਂ। "ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ।"


 ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.


Author: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
[email protected]
00918872293883

Posted By: TAJEEMNOOR KAUR