ਬ੍ਰਹਮਪੁਰਾ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ,ਨਸ਼ਾ ਵਿਰੋਧੀ ਮੁਹਿੰਮ ਨੂੰ ਦੱਸਿਆ ਡਰਾਮੇਬਾਜ਼ੀ

ਬ੍ਰਹਮਪੁਰਾ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ,ਨਸ਼ਾ ਵਿਰੋਧੀ ਮੁਹਿੰਮ ਨੂੰ ਦੱਸਿਆ ਡਰਾਮੇਬਾਜ਼ੀ

ਲਾਲਜੀਤ ਭੁੱਲਰ ਦੀਆਂ ਨਸ਼ਾ ਮੁਕਤੀ ਯਾਤਰਾਵਾਂ 'ਗੋਂਗਲੂਆਂ ਤੋਂ ਮਿੱਟੀ ਝਾੜਨ' ਦੇ ਬਰਾਬਰ-ਬ੍ਰਹਮਪੁਰਾ

ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਸ਼ਰੇਆਮ ਵਿਕ ਰਿਹਾ,ਹਾਲਤ ਬਦ ਤੋਂ ਬਦਤਰ- ਬ੍ਰਹਮਪੁਰਾ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,22 ਮਈ 2025

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਹਲਕੇ ਦੇ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਦੇ ਨਾਂ 'ਤੇ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਮਸ਼ਹੂਰੀਆਂ 'ਤੇ ਬਰਬਾਦ ਕਰਕੇ ਸੂਬੇ ਦੇ ਲੋਕਾਂ ਅਤੇ ਸਮੁੱਚੇ ਦੇਸ਼ ਨੂੰ ਮੂਰਖ਼ ਬਣਾਉਣ ਦਾ ਕੰਮ ਕਰ ਰਹੀ ਹੈ,ਜਦਕਿ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਅਤੇ ਭਿਆਨਕ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ,ਜਿੱਥੇ ਨਸ਼ਾ ਸ਼ਰੇਆਮ ਅਤੇ ਬੇਖੌਫ਼ ਵਿਕ ਰਿਹਾ ਹੈ।ਉਨ੍ਹਾਂ ਕਿਹਾ,'ਇੱਕ ਪਾਸੇ ਤਾਂ ਸਰਕਾਰ ਦੇ ਮੰਤਰੀ, ਲਾਲਜੀਤ ਸਿੰਘ ਭੁੱਲਰ ਪਿੰਡਾਂ 'ਚ ਜਾ ਕੇ ਨਸ਼ਾ ਮੁਕਤੀ ਯਾਤਰਾਵਾਂ ਦਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਪਰ ਅਸਲੀਅਤ ਇਹ ਹੈ ਕਿ ਲੋਕ ਡਰ ਅਤੇ ਸਹਿਮ ਦੇ ਮਾਹੌਲ 'ਚ ਜੀਅ ਰਹੇ ਹਨ।ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਨੌਜਵਾਨੀ ਤਬਾਹ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੀ ਖਡੂਰ ਸਾਹਿਬ ਸਬ-ਡਵੀਜ਼ਨ ਦੇ ਪਿੰਡ ਵਰਾਨਾ ਵਿਖੇ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ,ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ,ਜਿਸ ਵਿੱਚ ਮਾਪੇ ਵਿਰਲਾਪ ਕਰ ਰਹੇ ਸਨ।ਇਹ ਕੋਈ ਇਕੱਲੀ ਘਟਨਾ ਨਹੀਂ,ਅਜਿਹੀਆਂ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ ਜੋ ਸਰਕਾਰੀ ਅਣਗਹਿਲੀ ਦਾ ਜਿਉਂਦਾ ਜਾਗਦਾ ਸਬੂਤ ਹਨ।ਸ.ਬ੍ਰਹਮਪੁਰਾ ਨੇ ਸਰਕਾਰ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ,ਸਰਕਾਰ ਕਹਿੰਦੀ ਹੈ ਕਿ ਉਹ ਨਸ਼ਾ ਛੱਡ ਚੁੱਕੇ ਲੋਕਾਂ ਦੇ ਮੁੜ ਵਸੇਬੇ ਲਈ ਉਪਰਾਲੇ ਕਰ ਰਹੀ ਹੈ,ਪਰ ਸੱਚ ਤਾਂ ਇਹ ਹੈ ਕਿ ਨਸ਼ੇ ਦੀ ਸਪਲਾਈ ਲਾਈਨ ਹੀ ਨਹੀਂ ਟੁੱਟ ਰਹੀ। ਸਰਹੱਦੀ ਇਲਾਕਿਆਂ ਵਿੱਚ ਬਾਰਡਰ ਤੋਂ ਸ਼ਰੇਆਮ ਹਥਿਆਰਾਂ ਦਾ ਜ਼ਖ਼ੀਰਾ ਅਤੇ ਨਸ਼ਿਆਂ ਦੀ ਖੇਪ ਆਰ-ਪਾਰ ਹੋ ਰਹੀ ਹੈ।ਹਾਲ ਹੀ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਪਾਕਿ-ਅਧਾਰਤ ਡਰੱਗ ਗਰੁੱਪ ਦਾ ਪਰਦਾਫਾਸ਼ ਕਰਕੇ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ,ਜੋ ਦਰਸਾਉਂਦਾ ਹੈ ਕਿ ਸਰਹੱਦ ਪਾਰੋਂ ਨਸ਼ਾ ਲਗਾਤਾਰ ਆ ਰਿਹਾ ਹੈ।ਅਜਿਹੇ ਵਿੱਚ ਸਰਕਾਰ ਦਾ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਏ ਸਿਰਫ਼ ਪ੍ਰਚਾਰ ਕਰਨਾ ਸ਼ਰਮਨਾਕ ਹੈ।ਅਸਲ ਵਿੱਚ 'ਆਪ' ਸਰਕਾਰ ਆਪਣੀਆਂ ਅਸਫ਼ਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਸਿਰਫ਼ ਫੋਕੀ ਸ਼ੋਹਰਤ ਖੱਟਣ ਲਈ ਝੂਠੇ ਬਿਆਨ ਦਾਗ ਰਹੇ ਹਨ।ਜੇਕਰ ਸਰਕਾਰ ਸੱਚਮੁੱਚ ਸੁਹਿਰਦ ਹੁੰਦੀ ਤਾਂ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਢਹਿ-ਢੇਰੀ ਕਰਨ ਦੇ ਦਾਅਵਿਆਂ ਦੇ ਬਾਵਜੂਦ,ਨਸ਼ਾ ਖਡੂਰ ਸਾਹਿਬ ਦੇ ਪਿੰਡ-ਪਿੰਡ, ਗਲੀ-ਗਲੀ ਕਿਵੇਂ ਪਹੁੰਚ ਰਿਹਾ ਹੈ?ਨਸ਼ਾ ਮੁਕਤੀ ਯਾਤਰਾਵਾਂ ਤਾਂ ਮਹਿਜ਼ ਇੱਕ ਸਿਆਸੀ ਸਟੰਟ ਹਨ, ਜਦਕਿ ਅਸਲ ਲੋੜ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਅਤੇ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਦੀ ਹੈ, ਜਿਸ ਵਿੱਚ ਇਹ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਅਤੇ ਹੁਣ ਸਿਰਫ਼ ਝੂਠ ਅਤੇ ਫਰੇਬ ਦੀ ਰਾਜਨੀਤੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਪ੍ਰਤੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ 'ਆਪ' ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਨਾਕਾਮ ਪ੍ਰਸ਼ਾਸਨ ਦਾ ਡਟ ਕੇ ਵਿਰੋਧ ਕਰੇਗਾ।ਇਸ ਮੌਕੇ ਸਾਬਕਾ ਵਿਧਾਇਕ ਬ੍ਰਹਮਪੁਰਾ ਦੇ ਨਾਲ ਪਾਰਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।ਜਿੰਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਮੇਘ ਸਿੰਘ ਪ੍ਰੈਸ ਸਕੱਤਰ, ਸੁਖਜਿੰਦਰ ਸਿੰਘ ਲਾਡੀ ਸੰਮਤੀ ਮੈਂਬਰ, ਨਰਿੰਦਰ ਸਿੰਘ ਸਾਬਕਾ ਸਰਪੰਚ ਖਡੂਰ ਸਾਹਿਬ, ਰਣਜੀਤ ਸਿੰਘ ਪੱਪੂ ਸੀਨੀਅਰ ਅਕਾਲੀ ਆਗੂ,ਜਥੇ.ਗੱਜਨ ਸਿੰਘ ਮੈਂਬਰ ਲੋਕਲ ਗੁਰਦੁਆਰਾ ਕਮੇਟੀ, ਕੰਵਰਦੀਪ ਸਿੰਘ ਬ੍ਰਹਮਪੁਰਾ,ਕਸ਼ਮੀਰ ਸਿੰਘ ਟਰਾਂਸਪੋਰਟਰ ਆਦਿ ਹਾਜ਼ਰ ਸਨ।