ਸ਼ਹੀਦ ਕਮਲਜੀਤ ਸਿੰਘ ਬੱਬਰ ਦੀ ਯਾਦ 'ਚ ਕਰਵਾਇਆ ਸਮਾਗਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪਰਿਵਾਰ ਦਾ ਸਨਮਾਨ

ਸ਼ਹੀਦ ਕਮਲਜੀਤ ਸਿੰਘ ਬੱਬਰ ਦੀ ਯਾਦ 'ਚ ਕਰਵਾਇਆ ਸਮਾਗਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪਰਿਵਾਰ ਦਾ ਸਨਮਾਨ

ਅੰਮ੍ਰਿਤਸਰ, 4 ਮਈ , ਨਜ਼ਰਾਨਾ ਟਾਈਮਜ ਬਿਊਰੋ

ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹੀਦ ਹੋਏ ਬੱਬਰ ਖ਼ਾਲਸਾ ਦੇ ਮਾਝਾ ਜੋਨ ਦੇ ਮੁਖੀ ਅਮਰ ਸ਼ਹੀਦ ਭਾਈ ਕਮਲਜੀਤ ਸਿੰਘ ਬੱਬਰ ਉਰਫ਼ ਮਾਸਟਰ ਦੀ ਯਾਦ 'ਚ ਸ਼ਹੀਦੀ ਸਮਾਗਮ ਉਹਨਾਂ ਦੇ ਭਰਾ ਢਾਡੀ ਭਾਈ ਅਮਰਜੀਤ ਸਿੰਘ ਗੁਰਦਾਸਪੁਰੀ ਦੇ ਗ੍ਰਹਿ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਭਾਈ ਦਰਸ਼ਨ ਸਿੰਘ ਨੇ ਧੁਰ ਕੀ ਬਾਣੀ ਦਾ ਮਨਮੋਹਕ ਕੀਰਤਨ ਕੀਤਾ, ਕਥਾਵਾਚਕ ਭਾਈ ਬਲਵੰਤ ਸਿੰਘ ਐਨਾਕੋਟ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਢਾਡੀ ਭਾਈ ਅਮਰਜੀਤ ਸਿੰਘ ਗੁਰਦਾਸਪੁਰੀ ਤੇ ਢਾਡੀ ਭਾਈ ਰਣਜੀਤ ਸਿੰਘ ਘਣੀਏ ਕੇ ਬਾਂਗਰ ਨੇ ਵੀ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਵੱਲੋਂ ਸ਼ਹੀਦ ਭਾਈ ਕਮਲਜੀਤ ਸਿੰਘ ਬੱਬਰ ਦੇ ਦੋਵੇਂ ਭਰਾਵਾਂ ਢਾਡੀ ਭਾਈ ਅਮਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਸਿਰੋਪਾਓ ਅਤੇ ਖ਼ਾਲਸਾ ਫ਼ਤਹਿਨਾਮਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਹੀਦ ਮਾਸਟਰ ਕਮਲਜੀਤ ਸਿੰਘ ਬੱਬਰ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਭਾਈ ਕਮਲਜੀਤ ਸਿੰਘ ਬੱਬਰ ਨੇ ਫਿਲੌਰ ਵਿੱਚ ਬੁੱਚੜ ਪੁਲਿਸ ਅਫ਼ਸਰ ਰਾਮ ਮੂਰਤੀ ਅਤੇ ਸੂਰੀ ਥਾਣੇਦਾਰ ਸੋਧਿਆ ਸੀ। ਉਹਨਾਂ ਦੱਸਿਆ ਕਿ 19 ਅਪ੍ਰੈਲ 1993 ਨੂੰ ਭਾਈ ਸਾਹਿਬ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਫਿਰ ਭਾਰੀ ਤਸ਼ੱਦਦ ਕਰਕੇ 21 ਅਪ੍ਰੈਲ 1993 ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਸਾਹਿਬ ਦੇ ਪਰਿਵਾਰ ਉੱਤੇ ਵੀ ਬੇਤਹਾਸ਼ਾ ਤਸ਼ੱਦਦ ਹੋਇਆ। ਉਹਨਾਂ ਦੱਸਿਆ ਕਿ ਭਾਈ ਕਮਲਜੀਤ ਸਿੰਘ ਬੱਬਰ ਜੋ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਅਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਨੇੜਲੇ ਸਾਥੀ ਸਨ। ਢਾਡੀ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਮਾਸਟਰ ਕਮਲਜੀਤ ਸਿੰਘ ਬੱਬਰ ਦਾ ਜੱਦੀ ਪਿੰਡ ਘਣੀਏ ਕੇ ਬਾਂਗਰ ਹੈ ਜੋਂ ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ 'ਚ ਪੈਂਦਾ ਹੈ, ਜਿੱਥੇ ਭਵਿੱਖ ਵਿੱਚ ਇਨ੍ਹਾਂ ਸਮੂਹ ਸ਼ਹੀਦਾਂ ਦੀ ਯਾਦ 'ਚ ਗੇਟ ਵੀ ਬਣਾਇਆ ਜਾਏਗਾ।