ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਪ੍ਰਧਾਨ ਜੱਗੀ ਚੋਹਲਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਫੌਗਿੰਗ ਮਸ਼ੀਨ ਨਾਲ ਸਪਰੇਅ
- ਸਮਾਜ ਸੇਵਾ
- 03 Oct,2025
ਚੋਹਲਾ ਸਾਹਿਬ/ਤਰਨਤਾਰਨ,3 ਅਕਤੂਬਰ ਰਾਕੇਸ਼ ਨਈਅਰ
ਦਰਿਆ ਬਿਆਸ ਦੇ ਨਾਲ ਲੱਗਦੇ ਜ਼ਿਲ੍ਹਾ ਤਰਨਤਾਰਨ ਦੇ ਮੰਡ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਪਿਛਲੇ ਦਿਨੀਂ ਪਾਣੀ ਆ ਜਾਣ ਤੋਂ ਬਾਅਦ ਬਿਮਾਰੀਆਂ ਫੈਲਣ ਦੇ ਖਦਸੇ ਨੂੰ ਵੇਖਦੇ ਹੋਏ ਇਸ ਦੀ ਰੋਕਥਾਮ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੰਡ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਫੋਗਿੰਗ ਮਸ਼ੀਨਾਂ ਰਾਹੀਂ ਸਪਰੇਅ ਕੀਤੀ ਗਈ।ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਯੂਥ ਅਕਾਲੀ ਦਲ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਵੱਲੋਂ ਆਪਣੇ ਹੋਰਨਾਂ ਸਾਥੀਆਂ ਸਮੇਤ ਪਿੰਡ ਘੜਕਾ ਤੋਂ ਕੀਤੀ ਗਈ।ਇਸ ਤੋਂ ਬਾਅਦ ਸਮੁੱਚੀ ਟੀਮ ਵੱਲੋਂ ਪਿੰਡ ਗੁੱਜਰਪੁਰਾ ਅਤੇ ਮੁੰਡਾਪਿੰਡ ਵਿਖੇ ਪਹੁੰਚ ਕੇ ਪਿੰਡਾਂ ਦੀਆਂ ਗਲੀਆਂ,ਮਹੱਲਿਆਂ ਅਤੇ ਪਾਣੀ ਵਾਲੀਆਂ ਥਾਵਾਂ ਤੇ ਫੌਗਿੰਗ ਮਸ਼ੀਨਾਂ ਰਾਹੀਂ ਸਪਰੇਅ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਹ ਕਾਰਜ ਪੂਰੇ ਪੰਜਾਬ ਵਿੱਚ ਚਲਾਏ ਜਾਣਗੇ।ਜਿਸ ਦੀ ਸ਼ੁਰੂਆਤ ਜ਼ਿਲ੍ਹਾ ਤਰਨ ਤਾਰਨ ਤੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਾਣੀ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦੇ ਖਦਸੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹੀਆਂ 500 ਤੋਂ ਵੱਧ ਮਸ਼ੀਨਾਂ ਪੂਰੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਨਰਿੰਦਰ ਸਿੰਘ ਘੜਕਾ ਸਮੇਤ ਜ਼ਿਲ੍ਹਾ ਤਰਨਤਾਰਨ ਦੀ ਸਮੁੱਚੀ ਟੀਮ ਹਾਜ਼ਰ ਸੀ।
Posted By:
TAJEEMNOOR KAUR