ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ ,ਸੁਖਬੀਰ ਬਾਦਲ ਤੇ ਧਾਮੀ ਸਿਆਸਤ ਵਿਚ ਫਿਰ ਗਰਕੇ
- ਧਾਰਮਿਕ/ਰਾਜਨੀਤੀ
- 06 Jun,2025

ਸ਼ਹੀਦਾਂ ਦੀ ਅਰਦਾਸ ਅਕਾਲ ਤਖਤ ਦੇ ਜਥੇਦਾਰ ਨੇ ਨਿਭਾਈ
,ਸੁਖਬੀਰ ਬਾਦਲ ਤੇ ਧਾਮੀ ਸਿਆਸਤ ਵਿਚ ਫਿਰ ਗਰਕੇ
ਸਿੱਖ ਪੰਥ ਦੀ ਸਮੂਹਿਕ ਚੇਤਨਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਨ ਉਸ ਧੁਰੀ ਵਰਗਾ ਹੈ, ਜਿਸ ਦੁਆਲੇ ਸਦੀਆਂ ਤੋਂ ਸਿੱਖ ਜਗਤ ਦੀ ਧਰਮ ਤੇ ਰਾਜਨੀਤੀ ਘੁੰਮਦੀ ਹੈ। ਪਰ ਜੂਨ 1984 ਦਾ ਘੱਲੂਘਾਰਾ, ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਭਾਰਤੀ ਸਰਕਾਰ ਦੀ ਫ਼ੌਜ ਨੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਉਸ ਨੇ ਸਿੱਖ ਕੌਮ ਦੀ ਆਤਮਾ ’ਤੇ ਅਜਿਹਾ ਜ਼ਖਮ ਛੱਡਿਆ, ਜੋ ਸਦੀਆਂ ਤੱਕ ਰਿਸਦਾ ਰਹੇਗਾ। ਹਰ ਸਾਲ ਜੂਨ ਵਿੱਚ, ਜਦੋਂ ਸਿੱਖ ਸੰਗਤ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕਰਦੀ ਹੈ, ਇਹ ਜ਼ਖਮ ਮੁੜ ਹਰੇ ਹੋ ਜਾਂਦੇ ਹਨ। ਪਰ 2025 ਦੇ ਸ਼ਹੀਦੀ ਸਮਾਗਮ ਦੌਰਾਨ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਕਤ ਸਿਖ ਸੰਗਤ ਦੀ ਸਮੂਹਿਕ ਵਿਸ਼ਾਲ ,ਰੂਹਾਨੀ ਇਕਸੁਰਤਾ ਸੀ, ਉੱਥੇ ਸੰਪਰਦਾਈ ਦਬਾਅ ਅਤੇ ਸਿਆਸੀ ਖੇਡਾਂ ਨੇ ਅਕਾਲ ਤਖਤ ਦੀ ਸਰਬਉਚਤਾ ’ਤੇ ਇਕ ਹੋਰ ਸੱਟ ਮਾਰੀ ਹੈ।
ਜੂਨ 1984 ਦਾ ਘੱਲੂਘਾਰਾ ਸਿੱਖ ਇਤਿਹਾਸ ਦਾ ਉਹ ਕਾਲਾ ਪੰਨਾ ਹੈ, ਜਿਸ ਦੀਆਂ ਇਤਿਹਾਸਕ ਸਤਰਾਂ ਸਿੱਖ ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਗਈਆਂ। ਸ੍ਰੀ ਦਰਬਾਰ ਸਾਹਿਬ,ਉਪਰ ਫ਼ੌਜੀ ਹਮਲੇ ਨੇ ਸਿੱਖ ਪੰਥ ਦੀ ਸਮੂਹਿਕ ਚੇਤਨਾ ਨੂੰ ਝੰਜੋੜਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਨੁਸਾਰ ਇਹ ਫੌਜੀ ਹਮਲਾ ਸਿੱਖ ਸਿਧਾਂਤਾਂ, ਸਵੈਮਾਣ, ਅਤੇ ਆਤਮਕ ਅਜਮਤ ’ਤੇ ਸਿੱਧੀ ਚੋਟ ਸੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੇ, ਜਿਨ੍ਹਾਂ ਨੇ ਇਸ ਹਮਲੇ ਦਾ ਸਾਹਸ ਅਤੇ ਸੰਕਲਪ ਨਾਲ ਮੁਕਾਬਲਾ ਕੀਤਾ, ਸ਼ਹੀਦੀ ਪਾਈ। ਇਸ ਸ਼ਹੀਦੀ ਸਮਾਗਮ ਦੀ ਯਾਦ ਹਰ ਸਾਲ ਸਿੱਖ ਸੰਗਤ ਦੇ ਦਿਲਾਂ ਵਿੱਚ ਇਕ ਤੂਫ਼ਾਨ ਜਗਾਉਂਦੀ ਹੈ।
ਪਰ 2025 ਦੇ ਸਮਾਗਮ ਵਿੱਚ, ਇਸ ਸੁਰ ਨੂੰ ਸੰਪਰਦਾਈ ਦਬਾਅ ਅਤੇ ਸਿਆਸੀ ਮਿਲੀਭੁਗਤ ਨੇ ਇਸ ਸ਼ਹੀਦੀ ਸਮਾਗਮ ਦੀ ਤਰੰਨਮ ਰੋਲਣ ਦੀ ਕੋਸ਼ਿਸ਼ ਕੀਤੀ।2025 ਦੇ ਸ਼ਹੀਦੀ ਸਮਾਗਮ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸੰਪਰਦਾਈਆਂ ਦੇ ਦਬਾਅ ਹੇਠ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਦੇਸ਼ ਨੂੰ ਰੋਕਣ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪੇ ਦੇਣ ਦੀ ਪਰੰਪਰਾ ਨੂੰ ਰੋਕਣ ਦਾ ਇਲਜ਼ਾਮ ਲੱਗਾ। ਸਿੱਖ ਮਰਿਆਦਾ ਵਿੱਚ, ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਸਿਰੋਪੇ ਦੀ ਪਰੰਪਰਾ ਪੰਥਕ ਸਿਧਾਂਤਾਂ ਦਾ ਅਨਿੱਖੜਵਾਂ ਅੰਗ ਹੈ। ਪਰ ਇਸ ਵਾਰ, ਸੰਪਰਦਾਈ ਜਥੇਬੰਦੀਆਂ, ਖਾਸ ਕਰਕੇ ਦਮਦਮੀ ਟਕਸਾਲ, ਦੇ ਇਤਰਾਜ਼ਾਂ ਨੇ ਇਸ ਪਰੰਪਰਾ ’ਤੇ ਪਾਬੰਦੀ ਲਗਾਈ ਗਈ। ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਦਾ ਕਹਿਣਾ ਹੈ ਕਿ ਗਿਆਨੀ ਕੁਲਦੀਪ ਸਿੰਘ ਅਕਾਲ ਤਖਤ ਸਾਹਿਬ ਦੇ ਪੰਥ ਪ੍ਰਵਾਨਿਤ ਜਥੇਦਾਰ ਨਹੀਂ ਹਨ।ਇਸ ਕਰਕੇ ਉਹਨਾਂ ਦਾ ਵਿਰੋਧ ਕੀਤਾ।
ਅੰਤ ਵਿੱਚ, ਸ਼ਹੀਦ ਪਰਿਵਾਰਾਂ ਨੂੰ ਸਿਰੋਪੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ, ਜੋ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਅਕਾਲ ਤਖਤ ਦੇ ਜਥੇਦਾਰ ਦੀ ਬਜਾਏ ਕਿਸੇ ਹੋਰ ਵਿਅਕਤੀ ਵੱਲੋਂ ਸਿਰੋਪੇ ਦਿੱਤੇ ਜਾਣ ਦੀ ਘਟਨਾ ਸੀ।ਇਹ ਸਿਰਫ਼ ਸਿਆਸੀ ਮਿਲੀਭੁਗਤ ਜਾਂ ਸੰਪਰਦਾਈ ਖਿੱਚੋਤਾਣ ਦੀ ਗੱਲ ਨਹੀਂ, ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਅਤੇ ਸਿੱਖ ਸਿਧਾਂਤਾਂ ’ਤੇ ਸਿੱਧੀ ਸੱਟ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਰਦਾਸ, ਜਿਸ ਵਿੱਚ ਸਿੱਖ ਪੰਥ ਵਿਰੁੱਧ ਜੁਲਮਾਂ ਦਾ ਜ਼ਿਕਰ, ਬੰਦੀ ਸਿੱਖਾ ਦੀ ਰਿਹਾਈ,ਪੰਜਾਬ ਨੂੰ ਯੁੱਧ ਦਾ ਅਖਾੜਾ ਨਾ ਬਣਾਉਣ ਦੀ ਅਪੀਲ, ਅਤੇ ਸ਼ਹੀਦਾਂ ਦੀ ਸ਼ਰਧਾ ਸਮਰਪਿਤ ਕਰਨ ਦਾ ਸੁਨੇਹਾ ਸੀ, ਸਿੱਖ ਹਿਰਦਿਆਂ ਨੂੰ ਛੂਹਣ ਵਾਲੀ ਸੀ। ਇਹ ਅਰਦਾਸ ਸਿੱਖ ਪੰਥ ਦੀ ਆਤਮਕ ਅਵਾਜ਼ ਸੀ, ਜਿਸ ਵਿੱਚ ਸੱਚ ਦੀ ਗੂੰਜ, ਸੰਘਰਸ਼ ਦੀ ਚੀਸ, ਅਤੇ ਏਕਤਾ ਦੀ ਪੁਕਾਰ ਸੀ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸੂਝਬੂਝ ਦੀ ਸ਼ਲਾਘਾ ਕੀਤੀ, । ਉਨ੍ਹਾਂ ਨੇ ਕਿਹਾ ਕਿ ਸਮਾਗਮ ਅਮਨ-ਸ਼ਾਂਤੀ ਨਾਲ ਸੰਪੰਨ ਹੋਇਆ।
ਦੇਖਣ ਵਿਚ ਆਇਆ ਕਿ ਅਕਾਲ ਤਖਤ ਸਾਹਿਬ ਪੂਰੀ ਤਰ੍ਹਾਂ ਸੰਪਰਦਾਈਆ ਦੇ ਘੇਰੇ ਵਿਚ ਸੀ।ਸੰਗਤ ਨੂੰ ਮਥਾ ਟੇਕਣ ਵਿਚ ਦਿਕਤ ਆ ਰਹੀ ਸੀ।ਸ੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਸੀ ਕਿ ਉਹ ਸੰਗਤ ਦੀ ਸਹੂਲਤ ਅਤੇ ਅਕਾਲ ਤਖਤ ਦੀ ਮਰਿਆਦਾ ਨੂੰ ਯਕੀਨੀ ਬਣਾਉਂਦੀ।
ਖਾਲਸਤਾਨੀ ਨਾਰਿਆਂ ਦੀ ਸੀਮਤ ਸੋਚ
ਸ਼ਹੀਦੀ ਸਮਾਗਮ ਦੌਰਾਨ ਨਾਅਰੇਬਾਜ਼ੀ ਅਕਸਰ ਸੀਮਤ ਸੋਚ ਦਾ ਪ੍ਰਤੀਕ ਬਣ ਜਾਂਦੀ ਹੈ। ਸਿੱਖ ਪੰਥ ਦੇ ਅਸਲ ਮੁੱਦੇ—1984 ਦੇ ਫ਼ੌਜੀ ਹਮਲੇ ਦੀ ਅਧਿਕਾਰਤ ਰਿਪੋਰਟ ਜਨਤਕ ਕਰਨ ਦੀ ਮੰਗ, ਸਿੱਖ ਫ਼ੌਜੀਆਂ ਨੂੰ ਮੁਆਫ਼ੀ ਅਤੇ ਸਨਮਾਨ ਬਹਾਲ ਕਰਨ ਦੀ ਮੰਗ, ਅਤੇ ਅੰਮ੍ਰਿਤਸਰ ਨੂੰ ਨੋ-ਵਾਰ ਜ਼ੋਨ ਐਲਾਨਣ ਦੀ ਮੰਗ—ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਣ ਦੇ ਪੰਥਕ ਮੁਦੇ ਨੂੰ ਵੀ ਅਣਗੌਲਿਆ ਕੀਤਾ ਗਿਆ।ਇਹ ਮੁੱਦੇ ਸਿੱਖ ਪੰਥ ਦੀ ਸਮੂਹਿਕ ਮੰਗ ਹਨ, ਪਰ ਉਚੇ ਨਾਰਿਆਂ ਦੀ ਸੀਮਤ ਸੋਚ ਨੇ ਇਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਕਿਸੇ ਵੀ ਪੰਥਕ ਜਥੇਬੰਦੀ ਨੇ ਇਹ ਮੁਦੇ ਨਹੀਂ ਚੁਕੇ।ਪਰ ਜਥੇਦਾਰ ਅਕਾਲ ਤਖਤ ਦੀ ਅਰਦਾਸ ਦੀ ਰਿਦਮ ਨੇ ਪੰਥਕ ਮੁਦਿਆਂ ਨਾਲ ਸਿਖ ਜਗਤ ਨੂੰ ਨਿਹਾਲ ਕਰ ਦਿਤਾ ਹੈ।
ਸਿੱਖੀ ਦੀ ਸੁਰ ਸੱਚ ਦੀ ਖੋਜ, ਸੰਘਰਸ਼ ਦੀ ਲਗਨ, ਅਤੇ ਏਕਤਾ ਦੀ ਤਾਕਤ ਵਿੱਚ ਹੈ। ਜਦੋਂ ਤੱਕ ਪੰਥ ਇਨ੍ਹਾਂ ਅਸਲ ਮੁੱਦਿਆਂ ਨੂੰ ਨਹੀਂ ਉਠਾਉਂਦਾ, ਤਦੋਂ ਤੱਕ ਨਾਅਰੇ ਸਿਰਫ਼ ਗੂੰਜ ਹੀ ਰਹਿਣਗੇ, ਸੁਰ ਨਹੀਂ ਬਣ ਸਕਣਗੇ ਸੰਗਤੀ ਸੰਗੀਤ ਨਹੀਂ ਸਿਰਜਣਗੇ।ਨਾ ਹੀ ਸਰਕਾਰ ਨੂੰ ਕਾਇਲ ਕੀਤਾ ਜਾ ਸਕੇਗਾ।
ਪੰਥਕ ਆਗੂਆਂ ਦੀ ਭੂਮਿਕਾ ਅਤੇ ਭਵਿੱਖ ਦੀ ਚੁਣੌਤੀ
ਇਸ ਸਮਾਗਮ ਵਿੱਚ ਪੰਥਕ ਆਗੂਆਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਰਹੀ। ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਦੇ ਹੱਕ ਵਿੱਚ ਸਟੈਂਡ ਲੈ ਕੇ ਸਿੱਖ ਸਿਧਾਂਤਾਂ ਦੀ ਰਾਖੀ ਦੀ ਕੋਸ਼ਿਸ਼ ਕੀਤੀ ਤੇ ਜਥੇਦਾਰ ਵਲੋਂ ਅਰਦਾਸ ਵਿਚ ਪਹਿਲੀ ਵਾਰ ਪੰਥਕ ਮੁਦੇ ਉਠਾਉਣ ਦੀ ਸ਼ਲਾਘਾ ਕੀਤੀ।
.ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਅਕਾਲ ਤਖਤ ਤੋਂ ਸੰਦੇਸ਼ ਗਿਆ ਕਿ ਸਿੱਖ ਇਕੱਠੇ ਹਨ ਅਤੇ ਇਕੱਠੇ ਬਹਿ ਸਕਦੇ ਹਨ।” ਉਨ੍ਹਾਂ ਦੀ ਕਾਲੀ ਦਸਤਾਰ, ਸ਼ਹੀਦਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਸੀ।
ਪਰ ਦਲ ਖਾਲਸਾ ਵਰਗੀਆਂ ਜਥੇਬੰਦੀਆਂ ਦੁਵਿਧਾ ਵਿੱਚ ਰਹੀਆਂ, ਜੋ ਪੰਥਕ ਸੰਕਟ ਵਿੱਚ ਉਘੜਵਾਂ ਰੋਲ ਨਹੀਂ ਨਿਭਾ ਸਕੀਆਂ। ਸਿੱਖ ਪੰਥ ਦੀ ਭਵਿੱਖ ਦੀ ਚੁਣੌਤੀ “ਘੜੀਐ ਸਬਦੁ ਸਚੀ ਟਕਸਾਲ” ਵਿੱਚ ਹੈ। ਸੱਚ ਦੀ ਖੋਜ, ਸ਼ਹੀਦਾਂ ਪ੍ਰਤੀ ਸ਼ਰਧਾ, ਅਤੇ ਅਕਾਲ ਤਖਤ ਦੀ ਮਰਿਆਦਾ ਨੂੰ ਸੰਗਤ ਦੀ ਇਕਜੁਟਤਾ ਹੀ ਬਚਾਅ ਸਕਦੀ ਹੈ। ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਸਿਆਸੀ ਅਤੇ ਸੰਪਰਦਾਈ ਦਬਾਅ ਤੋਂ ਮੁਕਤ ਹੋ ਕੇ ਪੰਥਕ ਹਿਤਾਂ ਲਈ ਕੰਮ ਕਰਨਾ ਹੋਵੇਗਾ। ਸਿੱਖ ਕੈਦੀਆਂ ਦੀ ਰਿਹਾਈ, 1984 ਦੀ ਸੱਚਾਈ ਨੂੰ ਜਨਤਕ ਕਰਨਾ, ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਸਰਕਾਰੀ ਦਖਲਅੰਦਾਜ਼ੀ ਨੂੰ ਰੋਕਣਾ ਇਹ ਅਸਲ ਚੁਣੌਤੀਆਂ ਹਨ |
ਪ੍ਰੋਫੈਸਰ ਬਲਵਿੰਦਰਪਾਲ ਸਿੰਘ
#religion #god #sikh #sikhism #faith #love #khalsa #darbarsahib #gurugranthsahibji #sikhhistory #spirituality #peace #art #quran #pray #prayer #india #spiritual #bmw #like #hope #truth #photo #religious
Posted By:

Leave a Reply